Facebook COO resign: ਫੇਸਬੁੱਕ ਦੀ ਮੂਲ ਕੰਪਨੀ ਮੇਟਾ ਦੇ ਸੀਓਓ ਨੇ ਅਸਤੀਫਾ ਦੇ ਦਿੱਤਾ ਹੈ। ਫੇਸਬੁੱਕ ਦੀ ਸੀਓਓ ਸ਼ੈਰਲ ਸੈਂਡਬਰਗ ਨੇ ਐਲਾਨ ਕੀਤਾ ਹੈ ਕਿ ਉਹ ਆਪਣਾ ਅਹੁਦਾ ਛੱਡਣ ਜਾ ਰਹੀ ਹੈ। ਇਹ ਜਾਣਕਾਰੀ ਫੇਸਬੁੱਕ ਤੋਂ ਹੀ ਸਾਹਮਣੇ ਆਈ ਹੈ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਸ਼ੈਰਿਲ ਆਪਣੀ ਪੋਸਟ ਕਿਉਂ ਛੱਡ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਆਪਣੀ ਇਕ ਪੋਸਟ ਰਾਹੀਂ ਇਹ ਜ਼ਰੂਰ ਦੱਸਿਆ ਹੈ ਕਿ ਉਨ੍ਹਾਂ ਦੀ ਅੱਗੇ ਦੀ ਯੋਜਨਾ ਕੀ ਹੈ।



ਸ਼ੇਰਿਲ ਨੇ ਲਿਖਿਆ ਫੇਸਬੁੱਕ ਪੋਸਟ 
ਫੇਸਬੁੱਕ ਦੀ ਸੀਓਓ ਸ਼ੈਰਲ ਸੈਂਡਬਰਗ ਨੇ ਆਪਣੀ ਇੱਕ ਫੇਸਬੁੱਕ ਪੋਸਟ ਵਿੱਚ ਦੱਸਿਆ ਹੈ ਕਿ ਉਹ ਹੁਣ ਸਮਾਜ ਦੇ ਹਿੱਤਾਂ ਲਈ ਕੰਮ ਕਰਨ ਜਾ ਰਹੀ ਹੈ। ਇੰਨਾ ਹੀ ਨਹੀਂ ਸੋਸ਼ਲ ਮੀਡੀਆ ਪਲੇਟਫਾਰਮਸ ਦਾ ਜ਼ਿਕਰ ਕਰਦੇ ਹੋਏ ਸ਼ੈਰਿਲ ਨੇ ਕਿਹਾ ਕਿ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਕੁਝ ਬਦਲ ਗਿਆ ਹੈ। ਅਸੀਂ ਜੋ ਵੀ ਪ੍ਰੋਡੱਕਟ ਬਣਾਉਂਦੇ ਹਾਂ, ਉਸ ਦਾ ਲੋਕਾਂ 'ਤੇ ਬਹੁਤ ਅਸਰ ਪੈਂਦਾ ਹੈ। ਇਸ ਲਈ ਇਹ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਲੋਕਾਂ ਦੀ ਪ੍ਰਾਈਵੇਸੀ ਨੂੰ ਸੁਰੱਖਿਅਤ ਰੱਖੀਏ। ਦੱਸ ਦੇਈਏ ਕਿ ਸ਼ੈਰਿਲ ਪਿਛਲੇ 14 ਸਾਲਾਂ ਤੋਂ ਇਸ ਕੰਪਨੀ ਨਾਲ ਚੀਫ ਆਪਰੇਟਿੰਗ ਅਫਸਰ ਵਜੋਂ ਜੁੜੇ ਹੋਏ ਸਨ। ਉਹਨਾਂ ਨੇ ਕਿਹਾ ਕਿ ਜਦੋਂ ਮੈਂ 2008 ਵਿੱਚ ਕੰਪਨੀ ਜੁਆਇਨ ਕੀਤੀ ਸੀ ਤਾਂ ਮੈਂ ਸੋਚਿਆ ਸੀ ਕਿ ਅਗਲੇ ਪੰਜ ਸਾਲ ਇੱਥੇ ਹੀ ਰਹਾਂਗੀ ਪਰ 14 ਸਾਲ ਬੀਤ ਗਏ ਹਨ। ਜਿਸ ਤੋਂ ਬਾਅਦ ਜ਼ਿੰਦਗੀ ਦਾ ਨਵਾਂ ਅਧਿਆਏ ਲਿਖਣ ਦਾ ਸਮਾਂ ਆ ਗਿਆ ਹੈ।


ਸੀਈਓ ਨੇ ਦਿੱਤਾ ਇਹ ਜਵਾਬ 
ਹਾਲਾਂਕਿ, ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਆਪਣੀ ਇੱਕ ਪੋਸਟ ਵਿੱਚ ਸਪੱਸ਼ਟ ਕੀਤਾ ਹੈ ਕਿ ਸ਼ੈਰਲ ਸੈਂਡਬਰਗ ਫੇਸਬੁੱਕ ਨਾਲ ਜੁੜੇ ਰਹਿਣਗੇ। ਉਨ੍ਹਾਂ ਨੇ ਆਪਣੀ ਪੋਸਟ 'ਚ ਦੱਸਿਆ ਕਿ ਸ਼ੈਰਿਲ ਫੇਸਬੁੱਕ ਦੇ ਬੋਰਡ ਆਫ ਡਾਇਰੈਕਟਰਜ਼ ਦਾ ਹਿੱਸਾ ਹੋਣਗੇ। ਇਸ ਦੇ ਨਾਲ ਹੀ ਜ਼ੁਕਰਬਰਗ ਨੇ ਇਹ ਵੀ ਦੱਸਿਆ ਕਿ ਫੇਸਬੁੱਕ ਦਾ ਅਗਲਾ ਸੀਓਓ ਕੌਣ ਹੋਵੇਗਾ। ਜੇਵੀਅਰ ਓਲੀਵਾਨ ਨੂੰ ਫੇਸਬੁੱਕ ਦਾ ਨਵਾਂ ਸੀਓਓ ਨਿਯੁਕਤ ਕੀਤਾ ਗਿਆ ਹੈ।