75 Rupees Coin : ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਜਾ ਰਹੇ ਹਨ। ਇਸ ਮੌਕੇ 'ਤੇ 75 ਰੁਪਏ ਦਾ ਨਵਾਂ ਸਿੱਕਾ ਵੀ ਜਾਰੀ ਕੀਤਾ ਜਾਵੇਗਾ, ਜਿਸ 'ਚ ਕਈ ਖ਼ਾਸੀਅਤਾਂ ਹੋਣਗੀਆਂ। ਵਿੱਤ ਮੰਤਰਾਲੇ ਨੇ ਨਵੇਂ ਸਿੱਕਿਆਂ ਦੀ ਮਿਨਟਿੰਗ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ।


ਇਨ੍ਹਾਂ ਧਾਤੂਆਂ ਤੋਂ ਬਣੇਗਾ ਸਿੱਕਾ


ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ 75 ਰੁਪਏ ਦਾ ਸਿੱਕਾ  (Rs 75 Coin) ਲਾਂਚ ਕੀਤਾ ਜਾਵੇਗਾ। ਇਸ ਸਿੱਕੇ ਦਾ ਭਾਰ 35 ਗ੍ਰਾਮ ਹੋਵੇਗਾ। ਇਸ 'ਚ 50 ਫੀਸਦੀ ਚਾਂਦੀ ਅਤੇ 40 ਫੀਸਦੀ ਤਾਂਬੇ ਦਾ ਮਿਸ਼ਰਣ ਹੋਵੇਗਾ। ਓਥੇ ਹੀ 5-5 ਫੀਸਦੀ ਨਿਕਲ ਅਤੇ ਜ਼ਿੰਕ ਧਾਤੂਆਂ ਹੋਣਗੀਆਂ।

 

ਨਵਾਂ ਸਿੱਕਾ ਇਸ ਤਰ੍ਹਾਂ ਹੋਵੇਗਾ


75 ਰੁਪਏ ਦੇ ਇਸ ਨਵੇਂ ਸਿੱਕੇ ਦੇ ਅਗਲੇ ਪਾਸੇ ਅਸ਼ੋਕ ਥੰਮ ਦੇ ਹੇਠਾਂ 75 ਰੁਪਏ ਦਾ ਮੁੱਲ ਲਿਖਿਆ ਹੋਵੇਗਾ। ਇਸ ਤੋਂ ਇਲਾਵਾ ਸੱਜੇ ਅਤੇ ਖੱਬੇ ਪਾਸੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਇੰਡੀਆ ਲਿਖਿਆ ਹੋਵੇਗਾ। ਸਿੱਕੇ ਦੇ ਦੂਜੇ ਪਾਸੇ ਨਵੇਂ ਸੰਸਦ ਭਵਨ ਦੀ ਤਸਵੀਰ ਹੋਵੇਗੀ, ਜਿਸ 'ਤੇ ਹਿੰਦੀ 'ਚ ਅਤੇ ਹੇਠਾਂ ਅੰਗਰੇਜ਼ੀ 'ਚ ਪਾਰਲੀਮੈਂਟ ਕੰਪਲੈਕਸ ਲਿਖਿਆ ਹੋਵੇਗਾ। ਸੰਸਦ ਦੀ ਤਸਵੀਰ ਦੇ ਬਿਲਕੁਲ ਹੇਠਾਂ ਸਾਲ 2023 ਲਿਖਿਆ ਹੋਵੇਗਾ।

 

ਕੋਲਕਾਤਾ ਟਕਸਾਲ 'ਚ ਢਲਾਈ 


ਇਹ ਸਿੱਕਾ ਭਾਰਤ ਸਰਕਾਰ ਦੇ ਕੋਲਕਾਤਾ ਟਕਸਾਲ ਵਿੱਚ ਢਾਲਿਆ ਜਾ ਰਿਹਾ ਹੈ। ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦੌਰਾਨ ਪੀਐਮ ਮੋਦੀ ਦੁਆਰਾ ਇਸਨੂੰ ਲਾਂਚ ਕੀਤਾ ਜਾਵੇਗਾ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਸਿੱਕੇ ਨੂੰ ਫਸਟ ਸ਼ਡਿਊਲ ਦੇ ਨਿਯਮਾਂ ਨੂੰ ਧਿਆਨ 'ਚ ਰੱਖ ਕੇ ਢਾਲਿਆ ਜਾਵੇਗਾ।

 

ਕੁਝ ਸਿਆਸੀ ਪਾਰਟੀਆਂ ਦਾ ਵਿਰੋਧ


ਤੁਹਾਨੂੰ ਦੱਸ ਦੇਈਏ ਕਿ ਨਵੇਂ ਸੰਸਦ ਭਵਨ ਨੂੰ ਲੈ ਕੇ ਦੇਸ਼ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ ਸਮੇਤ ਕੁਝ ਸਿਆਸੀ ਪਾਰਟੀਆਂ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਵਿਰੋਧੀ ਧਿਰਾਂ ਦਾ ਤਰਕ ਹੈ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਪ੍ਰਧਾਨ ਮੰਤਰੀ ਵੱਲੋਂ ਨਹੀਂ ਸਗੋਂ ਰਾਸ਼ਟਰਪਤੀ ਵੱਲੋਂ ਕੀਤਾ ਜਾਣਾ ਚਾਹੀਦਾ ਹੈ।

ਇਸ ਤਰ੍ਹਾਂ ਹੈ ਨਵਾਂ ਸੰਸਦ ਭਵਨ  


ਨਵੇਂ ਸੰਸਦ ਭਵਨ ਦੀ ਗੱਲ ਕਰੀਏ ਤਾਂ ਇਸ ਨੂੰ ਤਿਕੋਣੀ ਸ਼ਕਲ 'ਚ ਡਿਜ਼ਾਈਨ ਕੀਤਾ ਗਿਆ ਹੈ। ਨਵੇਂ ਸੰਸਦ ਭਵਨ ਵਿੱਚ ਲੋਕ ਸਭਾ ਦੀਆਂ 888 ਸੀਟਾਂ ਹਨ ਅਤੇ ਵਿਜ਼ਿਟਰਜ਼ ਗੈਲਰੀ ਵਿੱਚ 336 ਤੋਂ ਵੱਧ ਲੋਕਾਂ ਦੇ ਬੈਠਣ ਦੀ ਵਿਵਸਥਾ ਹੈ। ਇਸ ਦੇ ਨਾਲ ਹੀ, ਨਵੀਂ ਰਾਜ ਸਭਾ ਵਿੱਚ 384 ਸੀਟਾਂ ਹਨ ਅਤੇ ਵਿਜ਼ਟਰਜ਼ ਗੈਲਰੀ ਵਿੱਚ 336 ਤੋਂ ਵੱਧ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਨਵੇਂ ਸੰਸਦ ਭਵਨ ਦੇ ਨਿਰਮਾਣ ਵਿੱਚ ਭਾਰਤੀ ਪਰੰਪਰਾ ਦੇ ਨਾਲ-ਨਾਲ ਆਧੁਨਿਕਤਾ ਦਾ ਵੀ ਧਿਆਨ ਰੱਖਿਆ ਗਿਆ ਹੈ। ਇਸ ਦੇ ਕੈਂਪਸ ਵੱਖ-ਵੱਖ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਹਨ।