Flipkart: ਵਾਲਮਾਰਟ-ਬੈਕਡ ਈ-ਕਾਮਰਸ ਕਾਰੋਬਾਰੀ ਕੰਪਨੀ ਫਲਿੱਪਕਾਰਟ (Flipkart) ਆਨ-ਡਿਮਾਂਡ ਡਿਲੀਵਰੀ ਕੰਪਨੀ ਡੰਜ਼ੋ (Dunzo) ਨੂੰ ਖਰੀਦਣ ਲਈ ਉਤਸੁਕ ਹੈ। ਪਰ ਇਹ ਸੌਦਾ ਡੰਜ਼ੋ ਦੇ ਗੁੰਝਲਦਾਰ ਮਾਲਕੀ ਢਾਂਚੇ ਨਾਲ ਫਸਿਆ ਹੋਇਆ ਹੈ. ਇਸ ਦੇ ਹੱਲ ਲਈ ਗੱਲਬਾਤ ਚੱਲ ਰਹੀ ਹੈ। ਜੇ ਇਹ ਸਫਲ ਹੁੰਦਾ ਹੈ, ਤਾਂ ਰਿਲਾਇੰਸ ਸਮਰਥਿਤ ਕੰਪਨੀ ਡੰਜ਼ੋ ਫਲਿੱਪਕਾਰਟ ਦੀ ਮਲਕੀਅਤ ਹੋਵੇਗੀ। ਟਾਟਾ ਅਤੇ ਜ਼ੋਮੈਟੋ (Tata and Zomato) ਨੇ ਵੀ ਇਸ ਡਿਲੀਵਰੀ ਕੰਪਨੀ (Delivery Company) ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ।


ਪੈਸੇ ਇਕੱਠੇ ਕਰਨ ਅਤੇ ਸਟਾਫ਼ ਦੀਆਂ ਤਨਖਾਹਾਂ ਦੇਣ ਵਿੱਚ ਮੁਸ਼ਕਲ


ਹਿੰਦੁਸਤਾਨ ਟਾਈਮਜ਼ ਨੇ ਟੈੱਕ ਕਰੰਚ ਦੀ ਰਿਪੋਰਟ ਦੇ ਆਧਾਰ 'ਤੇ ਦਾਅਵਾ ਕੀਤਾ ਹੈ ਕਿ ਡੰਜ਼ੋ ਨੂੰ ਹਾਸਲ ਕਰਨ ਲਈ ਗੱਲਬਾਤ ਲਗਾਤਾਰ ਅੱਗੇ ਵਧ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਫਲਿੱਪਕਾਰਟ ਇਸ ਡੀਲ ਨੂੰ ਲੈ ਕੇ ਗੰਭੀਰ ਹੈ। ਡੰਜ਼ੋ ਲਈ ਪਿਛਲਾ ਸਾਲ ਕੁਝ ਖਾਸ ਨਹੀਂ ਰਿਹਾ। ਉਸ ਨੂੰ ਪੈਸੇ ਇਕੱਠੇ ਕਰਨ ਅਤੇ ਆਪਣੇ ਸਟਾਫ਼ ਦੀਆਂ ਤਨਖਾਹਾਂ ਦੇਣ ਵਿੱਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੰਜ਼ੋ ਨੇ ਹੁਣ ਤੱਕ ਮਾਰਕੀਟ ਤੋਂ $500 ਮਿਲੀਅਨ ਇਕੱਠੇ ਕੀਤੇ ਹਨ। ਉਹ ਅੱਗੇ ਹੋਰ ਪੈਸੇ ਲੈਣ ਦੇ ਯੋਗ ਨਹੀਂ ਹੈ। Zepto, Swiggy ਅਤੇ Zomato ਦੇ BlinkIt ਦੁਆਰਾ ਇਸਦਾ ਜ਼ਿਆਦਾਤਰ ਮਾਰਕੀਟ ਸ਼ੇਅਰ ਖੋਹ ਲਿਆ ਗਿਆ ਹੈ।


ਰਿਲਾਇੰਸ ਰਿਟੇਲ ਨੇ 26 ਫੀਸਦੀ ਖਰੀਦੀ ਸੀ ਹਿੱਸੇਦਾਰੀ 


ਰਿਲਾਇੰਸ ਇੰਡਸਟਰੀਜ਼  (Reliance Industries) ਦੀ ਰਿਟੇਲ ਕੰਪਨੀ ਨੇ 2022 'ਚ ਡੰਜ਼ੋ 'ਚ 26 ਫੀਸਦੀ ਹਿੱਸੇਦਾਰੀ 20 ਕਰੋੜ ਡਾਲਰ 'ਚ ਖਰੀਦੀ ਸੀ। ਰਿਪੋਰਟ 'ਚ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਰਿਲਾਇੰਸ ਨੇ ਅਜੇ ਤੱਕ ਇਸ ਸੌਦੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਡੰਜ਼ੋ ਨੇ ਇਸ ਸੌਦੇ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਅਫਵਾਹ ਹੈ। ਆਨ-ਡਿਮਾਂਡ ਡਿਲੀਵਰੀ ਕੰਪਨੀ ਨੇ ਕਿਹਾ ਕਿ ਮਾਰਚ 2024 ਤੱਕ ਸਾਡੀ ਨਕਦੀ ਦੀ ਸਥਿਤੀ ਵਿੱਚ ਸੁਧਾਰ ਹੋਵੇਗਾ। ਅਸੀਂ ਆਪਣਾ ਕਾਰੋਬਾਰ ਵੇਚਣ ਲਈ ਕਿਸੇ ਨਾਲ ਗੱਲਬਾਤ ਨਹੀਂ ਕਰ ਰਹੇ ਹਾਂ।


ਟਾਟਾ ਅਤੇ ਜ਼ੋਮੈਟੋ ਨਾਲ ਵੀ ਹੋ ਚੁੱਕੀ ਹੈ ਗੱਲਬਾਤ


ਹਾਲਾਂਕਿ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਡੰਜ਼ੋ ਨੇ ਐਕਵਾਇਰ ਲਈ ਟਾਟਾ ਅਤੇ ਜ਼ੋਮੈਟੋ ਨਾਲ ਵੀ ਗੱਲਬਾਤ ਕੀਤੀ ਹੈ। ਦੇਸ਼ ਦੀ ਸਭ ਤੋਂ ਵੱਡੀ ਰਿਟੇਲ ਚੇਨ ਰਿਲਾਇੰਸ ਰਿਟੇਲ (Reliance Retail) ਦੀ ਕੰਪਨੀ ਵਿੱਚ ਵੱਡੀ ਹਿੱਸੇਦਾਰੀ ਹੈ। ਫਲਿੱਪਕਾਰਟ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਇਸ ਸੌਦੇ ਵਿੱਚ ਰਿਲਾਇੰਸ ਰਿਟੇਲ ਦੀ ਕੀ ਭੂਮਿਕਾ ਹੋਵੇਗੀ। ਇਸ ਸਬੰਧੀ ਸਥਿਤੀ ਸਪੱਸ਼ਟ ਹੁੰਦੇ ਹੀ ਗੱਲਬਾਤ ਨੂੰ ਅੱਗੇ ਤੋਰਿਆ ਜਾਵੇਗਾ।