Garlic Price Hike: ਸਰਦੀ ਦੇ ਮੌਸਮ 'ਚ ਪਿਆਜ਼ ਤੋਂ ਬਾਅਦ ਹੁਣ ਲਸਣ ਦੀਆਂ ਕੀਮਤਾਂ (Garlic Price) ਨੂੰ ਅੱਗ ਲੱਗ ਗਈ ਹੈ। ਪਿਛਲੇ ਕੁਝ ਹਫਤਿਆਂ 'ਚ ਦੇਸ਼ 'ਚ ਪ੍ਰਚੂਨ ਬਾਜ਼ਾਰ 'ਚ ਲਸਣ ਦੀਆਂ ਕੀਮਤਾਂ (Garlic Prices Hike) 300 ਤੋਂ 400 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ ਹਨ। ਇਸ ਕਾਰਨ ਲੋਕਾਂ ਦਾ ਘਰੇਲੂ ਬਜਟ ਵਿਗੜ ਗਿਆ ਹੈ। ਇਸ ਦੇ ਨਾਲ ਹੀ ਥੋਕ ਬਾਜ਼ਾਰ 'ਚ ਇਸ ਦੀ ਕੀਮਤ 150 ਤੋਂ 250 ਰੁਪਏ ਪ੍ਰਤੀ ਕਿਲੋ (Garlic price Increased) ਤੱਕ ਪਹੁੰਚ ਗਈ ਹੈ।


ਕਿਉਂ ਵਧ ਰਹੇ ਨੇ ਲਸਣ ਦੇ ਰੇਟ 


ਦਾਲਾਂ, ਚੌਲਾਂ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਪਹਿਲਾਂ ਹੀ ਲੋਕਾਂ ਦੇ ਘਰੇਲੂ ਬਜਟ ਨੂੰ ਬਰਬਾਦ ਕਰ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਪਿਆਜ਼ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਹੁਣ ਲਸਣ ਦੀਆਂ ਕੀਮਤਾਂ 'ਚ ਵਾਧਾ ਹੋਣ ਕਾਰਨ ਆਮ ਲੋਕਾਂ ਦਾ ਘਰੇਲੂ ਬਜਟ ਖਰਾਬ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲਸਣ ਦੀਆਂ ਕੀਮਤਾਂ ਵਧਣ ਪਿੱਛੇ ਦੋ ਕਾਰਨ ਹਨ। ਪਹਿਲੀ ਗੱਲ ਤਾਂ ਇਸ ਵਾਰ ਖ਼ਰਾਬ ਮੌਸਮ ਕਾਰਨ ਲਸਣ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇਸ ਦੇ ਉਤਪਾਦਨ 'ਤੇ ਮਾੜਾ ਅਸਰ ਪਿਆ ਹੈ।


ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਲਸਣ ਦੇ ਮੁੱਖ ਉਤਪਾਦਕ ਸੂਬਿਆਂ ਵਿੱਚੋਂ ਹਨ। ਇੱਥੇ ਬੇਮੌਸਮੀ ਬਰਸਾਤ ਨੇ ਲਸਣ ਦੀ ਫ਼ਸਲ 'ਤੇ ਮਾੜਾ ਅਸਰ ਪਾਇਆ ਹੈ। ਇਸ ਦੇ ਨਾਲ ਹੀ ਸਾਉਣੀ ਦੀ ਫ਼ਸਲ ਦੀ ਕਟਾਈ ਵਿੱਚ ਹੋਈ ਦੇਰੀ ਦਾ ਵੀ ਸਪਲਾਈ ਚੇਨ ਉੱਤੇ ਮਾੜਾ ਅਸਰ ਪਿਆ ਹੈ। ਇਸ ਦਾ ਅਸਰ ਲਸਣ ਦੀ ਕੀਮਤ 'ਤੇ ਦਿਖਾਈ ਦੇ ਰਿਹਾ ਹੈ।


ਕਦੋਂ ਤੱਕ ਵਧਦੇ ਰਹਿਣਗੇ ਲਸਣ ਦੇ ਰੇਟ 


ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਵਪਾਰੀਆਂ ਦਾ ਮੰਨਣਾ ਹੈ ਕਿ ਜਨਵਰੀ ਦੇ ਅੰਤ ਤੱਕ ਪ੍ਰਚੂਨ ਬਾਜ਼ਾਰ ਵਿੱਚ ਲਸਣ ਦੀ ਕੀਮਤ 250 ਤੋਂ 350 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਰਹਿ ਸਕਦੀ ਹੈ। ਅਜਿਹੇ 'ਚ ਲਸਣ ਦੀਆਂ ਵਧੀਆਂ ਕੀਮਤਾਂ ਤੋਂ ਆਮ ਲੋਕਾਂ ਨੂੰ ਰਾਹਤ ਮਿਲਣ ਵਾਲੀ ਨਹੀਂ ਹੈ। ਇਸ ਦੇ ਨਾਲ ਹੀ ਮਾਹਿਰਾਂ ਦਾ ਮੰਨਣਾ ਹੈ ਕਿ ਜਨਵਰੀ ਤੋਂ ਬਾਅਦ ਕੀਮਤਾਂ 'ਚ ਕੁਝ ਗਿਰਾਵਟ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ। ਪਰ, ਲਸਣ ਦੀਆਂ ਕੀਮਤਾਂ ਆਮ ਪੱਧਰ 'ਤੇ ਆਉਣ ਲਈ ਮਾਰਚ ਤੱਕ ਲੱਗ ਸਕਦਾ ਹੈ।