Microsoft layoffs: ਇਕ ਭਾਰਤੀ ਵਿਅਕਤੀ ਨੇ ਦਿੱਗਜ ਕੰਪਨੀ ਮਾਈਕ੍ਰੋਸਾਫਟ (Microsoft) ਲਈ 21 ਸਾਲ ਲਗਾਤਾਰ ਕੰਮ ਕੀਤਾ ਪਰ ਹੁਣ ਕੰਪਨੀ ਨੇ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਮਾਈਕ੍ਰੋਸਾਫਟ ਦੀ ਛਾਂਟੀ ਵਿੱਚ ਨੌਕਰੀ ਗੁਆਉਣ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਇਸ ਖਬਰ ਨਾਲ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬਹੁਤ ਦੁੱਖ ਹੋਇਆ ਹੈ। ਮਾਈਕ੍ਰੋਸਾਫਟ ਨੇ 18 ਜਨਵਰੀ ਨੂੰ ਕਿਹਾ ਸੀ ਕਿ ਉਹ 10,000 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਏਗਾ। ਇਹ ਕੰਪਨੀ ਦੇ ਕਰਮਚਾਰੀਆਂ ਦਾ ਲਗਭਗ 5 ਪ੍ਰਤੀਸ਼ਤ ਹੈ ਕਿਉਂਕਿ ਇਸ ਛਾਂਟੀ ਦੇ ਜ਼ਰੀਏ, ਕੰਪਨੀ ਆਪਣੇ ਆਪ ਨੂੰ ਸੰਭਾਵਿਤ ਮੰਦੀ ਲਈ ਤਿਆਰ ਕਰ ਰਹੀ ਹੈ। ਛਾਂਟੀ ਦੀ ਲਪੇਟ ਵਿੱਚ ਆਏ ਇਸ ਵਿਅਕਤੀ ਨੇ ਕੰਪਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਨੌਕਰੀ ਗੁਆਉਣ ਵਾਲੇ ਵਿਅਕਤੀ ਦਾ ਨਾਂ ਪ੍ਰਸ਼ਾਂਤ ਕਾਮਾਨੀ ਹੈ, ਜਿਸ ਨੇ Microsoft ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ 21 ਸਾਲਾਂ ਦੌਰਾਨ ਕੰਪਨੀ ਨਾਲ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ।


ਸੇਂਟ ਸਟੀਫਨ ਕਾਲਜ ਦਿੱਲੀ ਤੋਂ ਕੀਤਾ ਪਾਸ 


ਦੱਸ ਦੇਈਏ ਕਿ ਪ੍ਰਸ਼ਾਂਤ ਕਾਮਾਨੀ ਨੇ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਕੈਮਿਸਟਰੀ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਮਾਸਟਰਜ਼ ਕੀਤੀ ਹੈ। ਕਾਲਜ ਤੋਂ ਬਾਅਦ ਉਸਦੀ ਪਹਿਲੀ ਨੌਕਰੀ ਮਾਈਕਰੋਸਾਫਟ ਦੇ ਨਾਲ ਸੀ ਜਿਸ ਲਈ ਉਹ ਅਮਰੀਕਾ ਚਲਾ ਗਿਆ। ਕੁੱਲ ਮਿਲਾ ਕੇ, ਪ੍ਰਸ਼ਾਂਤ ਕਮਾਨੀ ਕੋਲ ਮਾਈਕ੍ਰੋਸਾਫਟ ਵਿੱਚ ਕੰਮ ਕਰਨ ਦਾ 2 ਦਹਾਕਿਆਂ ਦਾ ਤਜਰਬਾ ਸੀ। ਕਾਮਾਨੀ ਨੇ ਸਾਲ 1999 'ਚ ਸਾਫਟਵੇਅਰ ਡਿਜ਼ਾਈਨ ਇੰਜੀਨੀਅਰ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਸਾਫਟਵੇਅਰ ਇੰਜੀਨੀਅਰਿੰਗ ਮੈਨੇਜਰ ਦੇ ਅਹੁਦੇ 'ਤੇ ਕੰਮ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਐਮਾਜ਼ਾਨ ਵਿੱਚ 2 ਸਾਲ ਬਿਤਾਏ, ਫਿਰ ਮਾਈਕਰੋਸਾਫਟ ਵਿੱਚ ਪ੍ਰਿੰਸੀਪਲ ਸਾਫਟਵੇਅਰ ਡਿਵੈਲਪਮੈਂਟ ਮੈਨੇਜਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।


ਹਜ਼ਾਰਾਂ ਨੌਕਰੀਆਂ 'ਤੇ ਅਜੇ ਵੀ ਲਟਕ ਰਹੀ ਹੈ ਤਲਵਾਰ


ਮਾਈਕ੍ਰੋਸਾਫਟ ਵੱਡੇ ਪੱਧਰ 'ਤੇ ਛਾਂਟੀ ਲਈ ਤਿਆਰੀ ਕਰ ਰਿਹਾ ਹੈ। ਇਸ ਤੋਂ ਪ੍ਰਭਾਵਿਤ ਹੋਰ ਕਰਮਚਾਰੀਆਂ ਨੇ ਪ੍ਰਸ਼ਾਂਤ ਵਾਂਗ ਸੋਸ਼ਲ ਮੀਡੀਆ 'ਤੇ ਗੱਲ ਕੀਤੀ। ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਨੂੰ ਪਹਿਲਾਂ ਹੀ ਪਤਾ ਸੀ ਕਿ ਸਾਲ 2023 ਵਿੱਚ ਕੰਪਨੀ ਵੱਡੇ ਪੱਧਰ 'ਤੇ ਕਰਮਚਾਰੀਆਂ ਦੀ ਕਟੌਤੀ ਕਰੇਗੀ। ਹਾਲਾਂਕਿ ਸੀਈਓ ਸੱਤਿਆ ਨਡੇਲਾ ਨੇ ਇਹ ਵੀ ਕਿਹਾ ਕਿ ਅਸੀਂ ਕੁਝ ਮਹੱਤਵਪੂਰਨ ਖੇਤਰਾਂ ਵਿੱਚ ਭਰਤੀ ਜਾਰੀ ਰੱਖਾਂਗੇ। ਤੁਹਾਨੂੰ ਦੱਸ ਦੇਈਏ ਕਿ ਗੂਗਲ ਦੀ ਪੇਰੈਂਟ ਕੰਪਨੀ ਅਲਫਾਬੇਟ ਇੰਕ ਨੇ ਵੀ ਕਰਮਚਾਰੀਆਂ ਦੀ ਗਿਣਤੀ 'ਚ ਕਟੌਤੀ ਕਰਨ ਦਾ ਸੰਕੇਤ ਦਿੱਤਾ ਹੈ।