Gold and Silver Price: ਪਿਛਲੇ ਕੁਝ ਸਮੇਂ ਤੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਉੱਥੇ ਹੀ ਕੌਮਾਂਤਰੀ ਬਜ਼ਾਰ ਤੋਂ ਲੈਕੇ ਘਰੇਲੂ ਬਜ਼ਾਰ ਤੱਕ ਸੋਨੇ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਹਨ। ਇਸ ਦੇ ਨਾਲ ਹੀ ਹੁਣ ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਕਰਕੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਹੋਰ ਇਜ਼ਾਫਾ ਹੋ ਸਕਦਾ ਹੈ। 


ਮਾਹਰਾਂ ਦਾ ਮੰਨਣਾ ਹੈ ਕਿ ਦੁਨੀਆ ਭਰ ਵਿੱਚ ਵੱਧ ਰਹੇ ਭੂ-ਰਾਜਨੀਤਿਕ ਸੰਕਟ ਵਿਚਾਲੇ ਇਹ ਨਵਾਂ ਸੰਕਟ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਹੋਰ ਤੇਜ਼ੀ ਨਾਲ ਵਾਧਾ ਕਰ ਸਕਦਾ ਹੈ। ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ 'ਚ ਕਰੀਬ 10,000 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵਿੱਚ ਵੀ ਇਸ ਸਾਲ 10 ਹਜ਼ਾਰ ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ।


ਪਿਛਲੇ ਕੁਝ ਦਿਨਾਂ ਤੋਂ ਸੋਨਾ ਆਲਟਾਈਮ ਹਾਈ 'ਤੇ ਪਹੁੰਚਿਆ
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ਮੁਤਾਬਕ ਸ਼ੁੱਕਰਵਾਰ ਨੂੰ 10 ਗ੍ਰਾਮ ਸੋਨਾ 1,351 ਰੁਪਏ ਮਹਿੰਗਾ ਹੋ ਗਿਆ ਅਤੇ ਪਹਿਲੀ ਵਾਰ 73,174 ਰੁਪਏ ਹੋ ਗਿਆ। ਹਾਲਾਂਕਿ ਸੋਮਵਾਰ ਨੂੰ 442 ਰੁਪਏ ਦੀ ਗਿਰਾਵਟ ਤੋਂ ਬਾਅਦ ਸੋਨਾ 72,735 ਰੁਪਏ 'ਤੇ ਆ ਗਿਆ। ਉੱਥੇ ਹੀ ਸੋਮਵਾਰ ਨੂੰ ਗਿਰਾਵਟ ਤੋਂ ਬਾਅਦ ਚਾਂਦੀ ਵੀ 413 ਰੁਪਏ ਡਿੱਗ ਕੇ 83,506 ਰੁਪਏ 'ਤੇ ਆ ਗਈ। ਸ਼ੁੱਕਰਵਾਰ ਨੂੰ ਇਕ ਕਿਲੋ ਚਾਂਦੀ ਦੀ ਕੀਮਤ 1,476 ਰੁਪਏ ਵਧ ਕੇ 83,819 ਰੁਪਏ ਹੋ ਗਈ ਸੀ। 2024 ਵਿੱਚ ਹੁਣ ਤੱਕ ਸੋਨੇ ਦੀ ਕੀਮਤ ਵਿੱਚ 9,430 ਰੁਪਏ ਦਾ ਵਾਧਾ ਹੋਇਆ ਹੈ। 1 ਜਨਵਰੀ ਨੂੰ ਸੋਨਾ 63,302 ਰੁਪਏ ਸੀ। ਇਸ ਦੇ ਨਾਲ ਹੀ ਚਾਂਦੀ ਵੀ 73,395 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ।


ਇਹ ਵੀ ਪੜ੍ਹੋ: 150 Rupees Flight: ਹਵਾਈ ਸਫਰ ਦੇ ਸ਼ੌਕੀਨਾਂ ਲਈ ਖਾਸ ਖਬਰ, ਹੁਣ 150 ਰੁਪਏ 'ਚ ਫਲਾਈਟ ਟਿਕਟ ਕਰੋ ਬੁੱਕ, ਜਾਣ ਲਓ ਡਿਟੇਲ


ਮਹਿੰਗਾਈ ਵਧਣ ਕਰਕੇ ਸੋਨਾ ਮਹਿੰਗਾ ਹੋਣ ਦੀ ਆਸ਼ੰਕਾ
ਮਾਰਚ 'ਚ 10 ਫੀਸਦੀ ਦੇ ਵਾਧੇ ਤੋਂ ਬਾਅਦ ਅਪ੍ਰੈਲ 'ਚ ਵੀ ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ ਹੋਇਆ ਹੈ। ਫੈਡਰਲ ਰਿਜ਼ਰਵ ਵਲੋਂ ਜਾਰੀ ਮਹਿੰਗਾਈ ਦਰ ਦੇ ਅੰਕੜਿਆਂ ਕਰਕੇ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਹੁਣ ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਕਰਕੇ ਮੁੜ ਸੋਨੇ ਦੀਆਂ ਕੀਮਤਾਂ ਵੱਧ ਸਕਦੀਆਂ ਹਨ। 12 ਅਪ੍ਰੈਲ ਨੂੰ ਕਾਮੈਕਸ ਗੋਲਡ ਜੂਨ ਵਾਇਦਾ ਦੇ ਲਈ 2,308.8 ਡਾਲਰ ਪ੍ਰਤੀ ਟਰੌਏ ਔਂਸ ਸੀ, ਜਦਕਿ MCX 'ਤੇ ਕੀਮਤ 73958 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਸੀ, ਜਿਹੜਾ ਇਸ ਦਾ ਹਾਈ ਲੈਵਲ ਰਿਕਾਰਡ ਹੈ। ਜਦਕਿ MCX 'ਤੇ ਮਈ ਵਾਇਦਾ ਲਈ ਚਾਂਦੀ ਦੀ ਕੀਮਤ 86126 ਰੁਪਏ ਪ੍ਰਤੀ 1 ਕਿਲੋਗ੍ਰਾਮ ਸੀ। ਚਾਂਦੀ ਫਰਵਰੀ 'ਚ ਕਰੀਬ 10 ਫੀਸਦੀ ਅਤੇ ਅਪ੍ਰੈਲ 'ਚ 5 ਫੀਸਦੀ ਵਧੀ ਹੈ।


ਇਸ ਸਾਲ ਸੋਨੇ ਦੀ ਰਿਕਾਰਡ ਵਿਕਰੀ ਦੇ ਅਸਾਰ


ਦਰਅਸਲ, ਸੋਨਾ-ਚਾਂਦੀ ਇੱਕ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜੰਗ ਜਾਂ ਵਧਦੀ ਮਹਿੰਗਾਈ ਦੇ ਵਿਚਕਾਰ ਲੋਕ ਜ਼ਿਆਦਾ ਪਰੇਸ਼ਾਨੀ ਵਿੱਚ ਨਾ ਪੈਂਦੇ ਹੋਏ ਸੋਨੇ ਅਤੇ ਚਾਂਦੀ ਵਰਗੀਆਂ ਧਾਤਾਂ ਵਿੱਚ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਹੁਣ ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗ ਕਾਰਨ ਸੋਨੇ ਦੀ ਮੰਗ ਤੇਜ਼ੀ ਨਾਲ ਵਧਣ ਜਾ ਰਹੀ ਹੈ, ਜਿਸ ਕਾਰਨ ਇਸ ਦਾ ਰੇਟ ਵੀ ਵਧੇਗਾ। ਭਾਰਤ ਵਿੱਚ ਗਹਿਣਿਆਂ ਦੀ ਮੰਗ ਵੀ ਵਧਣ ਜਾ ਰਹੀ ਹੈ ਕਿਉਂਕਿ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਹੈ। ਇਸ ਕਰਕੇ ਭਾਰਤ ਵਿੱਚ ਸੋਨਾ ਅਤੇ ਚਾਂਦੀ ਖੂਬ ਵਿਕੇਗਾ। ਉੱਥੇ ਹੀ ਅਗਲੇ ਮਹੀਨੇ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਵੀ ਖੂਬ  ਸੋਨੇ ਦੀ ਵਿਕਰੀ ਹੋਵੇਗੀ, ਕਿਉਂਕਿ ਉਸ ਦਿਨ ਸੋਨਾ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ। 


ਇਹ ਵੀ ਪੜ੍ਹੋ: Petrol-Diesel Price: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੋਈਆਂ ਅਪਡੇਟ, ਜਾਣੋ ਆਪਣੇ ਸ਼ਹਿਰ 'ਚ ਤੇਲ ਦੀਆਂ ਕੀਮਤਾਂ