Gold and Silver Prices : ਸੋਨਾ ਅਤੇ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸਾਲ 2026 ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਬਾਜ਼ਾਰ ਦੇ ਅੰਕੜਿਆਂ ਮੁਤਾਬਕ ਸੋਨਾ ਆਪਣੇ ਸਭ ਤੋਂ ਉੱਚੇ ਪੱਧਰ ਤੋਂ ਕਰੀਬ 72 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 2.75 ਲੱਖ ਰੁਪਏ ਪ੍ਰਤੀ ਕਿਲੋ ਤੱਕ ਸਸਤੀ ਹੋ ਚੁੱਕੀ ਹੈ। ਇਸ ਗਿਰਾਵਟ ਨੂੰ ਜੂਨ 2013 ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਦੱਸਿਆ ਜਾ ਰਿਹਾ ਹੈ।

Continues below advertisement

ਸੋਨੇ ਦੀਆਂ ਕੀਮਤਾਂ ਕਿਉਂ ਡਿੱਗ ਰਹੀਆਂ ਹਨ?

ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਵੱਡਾ ਕਾਰਨ ਅਮਰੀਕੀ ਫੈਡਰਲ ਰਿਜ਼ਰਵ ਦੀਆਂ ਵਿਆਜ ਦਰਾਂ ਸਬੰਧੀ ਨੀਤੀਆਂ ਅਤੇ ਮਹਿੰਗਾਈ ਨੂੰ ਲੈ ਕੇ ਚਿੰਤਾਵਾਂ ਹਨ। ਅਮਰੀਕਾ ਵਿੱਚ ਮਹਿੰਗਾਈ ਦਰ ਫੈਡ ਦੇ 2 ਫੀਸਦੀ ਦੇ ਟੀਚੇ ਤੋਂ ਉੱਪਰ ਬਣੀ ਹੋਈ ਹੈ। ਇਸ ਕਾਰਨ ਵਿਆਜ ਦਰਾਂ ਲੰਬੇ ਸਮੇਂ ਤੱਕ ਉੱਚੀਆਂ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Continues below advertisement

ਜਦੋਂ ਵਿਆਜ ਦਰਾਂ ਉੱਚੀਆਂ ਰਹਿੰਦੀਆਂ ਹਨ ਤਾਂ ਨਿਵੇਸ਼ਕ ਸੋਨੇ ਦੀ ਬਜਾਏ ਸਰਕਾਰੀ ਬਾਂਡਾਂ ਅਤੇ ਬੈਂਕਾਂ ਵਿੱਚ ਪੈਸਾ ਲਗਾਉਣਾ ਜ਼ਿਆਦਾ ਪਸੰਦ ਕਰਦੇ ਹਨ। ਕਿਉਂਕਿ ਸੋਨੇ ਤੋਂ ਕੋਈ ਵਿਆਜ ਜਾਂ ਡਿਵੀਡੈਂਡ ਨਹੀਂ ਮਿਲਦਾ। ਇਸ ਨਾਲ ਸੋਨੇ ਦੀ ਮੰਗ ਘਟਦੀ ਹੈ ਅਤੇ ਕੀਮਤਾਂ 'ਤੇ ਦਬਾਅ ਪੈਂਦਾ ਹੈ।

ਇਸ ਤੋਂ ਇਲਾਵਾ ਜਨਵਰੀ 2026 ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਸਨ। ਇਸ ਤੋਂ ਬਾਅਦ ਵੱਡੇ ਨਿਵੇਸ਼ਕਾਂ ਅਤੇ ETF ਫੰਡਾਂ ਵੱਲੋਂ ਮੁਨਾਫਾ ਕਮਾਉਣ ਲਈ ਕੀਤੀ ਗਈ ਵਿਕਰੀ ਨੇ ਵੀ ਕੀਮਤਾਂ ਨੂੰ ਹੇਠਾਂ ਲਿਆ ਦਿੱਤਾ।

ਚਾਂਦੀ ਦੀਆਂ ਕੀਮਤਾਂ ਵਿੱਚ ਜ਼ਿਆਦਾ ਗਿਰਾਵਟ ਕਿਉਂ?

ਚਾਂਦੀ ਦੀ ਵਰਤੋਂ ਸਿਰਫ ਗਹਿਣੇ ਬਣਾਉਣ ਲਈ ਹੀ ਨਹੀਂ, ਸਗੋਂ ਸੋਲਰ ਪੈਨਲਾਂ, ਇਲੈਕਟ੍ਰਾਨਿਕ ਉਪਕਰਨਾਂ ਅਤੇ ਕਈ ਉਦਯੋਗਾਂ ਵਿੱਚ ਵੀ ਹੁੰਦੀ ਹੈ। ਵਿਸ਼ਵ ਪੱਧਰ 'ਤੇ ਆਰਥਿਕ ਸੁਸਤੀ ਅਤੇ ਉਦਯੋਗਿਕ ਮੰਗ ਘਟਣ ਦੀਆਂ ਚਿੰਤਾਵਾਂ ਕਾਰਨ ਚਾਂਦੀ ਦੀਆਂ ਕੀਮਤਾਂ ਵਿੱਚ ਸੋਨੇ ਨਾਲੋਂ ਵੱਧ ਗਿਰਾਵਟ ਦੇਖਣ ਨੂੰ ਮਿਲੀ ਹੈ।

ਰਿਪੋਰਟ ਮੁਤਾਬਕ ਇਸ ਸਾਲ ਸੋਲਰ ਸੈਕਟਰ ਵਿੱਚ ਚਾਂਦੀ ਦੀ ਖਪਤ 20 ਫੀਸਦੀ ਤੋਂ ਵੱਧ ਘਟਣ ਦਾ ਅਨੁਮਾਨ ਹੈ। ਚੀਨ ਵਿੱਚ ਸੋਲਰ ਸੈਕਟਰ ਦੀ ਮੰਗ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਹੈ। ਕਈ ਕੰਪਨੀਆਂ ਮਹਿੰਗੀ ਚਾਂਦੀ ਦੀ ਥਾਂ ਤਾਂਬੇ ਜਾਂ ਘੱਟ ਚਾਂਦੀ ਦੀ ਵਰਤੋਂ ਵਾਲੀ ਤਕਨੀਕ ਅਪਣਾ ਰਹੀਆਂ ਹਨ।

ਹਾਲਾਂਕਿ ਪਿਛਲੇ ਕੁਝ ਦਿਨਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਮੁੜ ਤੇਜ਼ੀ ਦੇ ਸੰਕੇਤ ਮਿਲੇ ਹਨ, ਪਰ ਬਾਜ਼ਾਰ ਵਿੱਚ ਅਜੇ ਵੀ ਵਿਕਰੀ ਦਾ ਦਬਾਅ ਬਣਿਆ ਹੋਇਆ ਹੈ।