Gold Price Outlook: ਲੰਬੇ ਸਮੇਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਅਮਰੀਕਾ ਦਾ ਫੈਡਰਲ ਰਿਜ਼ਰਵ ਜਲਦੀ ਹੀ ਆਪਣੀਆਂ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ। ਇਹ ਗੱਲ ਸਹੀ ਸਾਬਤ ਹੋਈ ਤੇ ਬੁੱਧਵਾਰ ਨੂੰ ਅਮਰੀਕਾ ਦੇ ਫੈਡਰਲ ਰਿਜ਼ਰਵ ਨੇ ਆਪਣੀ ਵਿਆਜ ਦਰਾਂ 'ਚ 50 ਆਧਾਰ ਅੰਕ ਯਾਨੀ 0.50 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ। ਖ਼ਾਸ ਗੱਲ ਇਹ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਫੈਡਰਲ ਬੈਂਕ ਆਫ ਅਮਰੀਕਾ ਨੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਵਿਆਜ ਦਰਾਂ ਵਧਾ ਦਿੱਤੀਆਂ ਸਨ। ਵਿਆਜ ਦਰਾਂ ਵਿੱਚ ਵਾਧੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਫੈਡਰਲ ਰਿਜ਼ਰਵ ਨੇ ਆਪਣੀਆਂ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ।
ਫੈਡਰਲ ਰਿਜ਼ਰਵ ਦੇ ਇਸ ਐਲਾਨ ਦਾ ਅਸਰ ਪੂਰੀ ਦੁਨੀਆ 'ਚ ਦਿਖਾਈ ਦੇ ਰਿਹਾ ਹੈ। ਇਸ ਦਾ ਅਸਰ ਸੋਨੇ ਦੀਆਂ ਕੀਮਤਾਂ 'ਤੇ ਪੈ ਸਕਦਾ ਹੈ ਤੇ ਕੀਮਤਾਂ 'ਚ ਵਾਧਾ ਦੇਖਿਆ ਜਾ ਸਕਦਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਮਾ ਜਿਊਲਰੀ ਦੇ ਕੋਲਿਨ ਸ਼ਾਹ ਨੇ ਦੱਸਿਆ ਕਿ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਕੀਤੀ ਗਈ ਕਟੌਤੀ ਦਾ ਸੋਨੇ ਦੀਆਂ ਕੀਮਤਾਂ 'ਤੇ ਜ਼ਰੂਰ ਅਸਰ ਪਵੇਗਾ।
ਲਗਾਤਾਰ ਚਾਰ ਸਾਲਾਂ ਦੀਆਂ ਉੱਚੀਆਂ ਵਿਆਜ ਦਰਾਂ ਤੋਂ ਬਾਅਦ, ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਵਿੱਚ ਉਮੀਦ ਤੋਂ ਵੱਧ 50 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ। ਕੋਲਿਨ ਸ਼ਾਹ ਮੁਤਾਬਕ ਇਹ ਕਟੌਤੀ ਅਮਰੀਕਾ ਵਿੱਚ ਬੇਰੁਜ਼ਗਾਰੀ ਦਰ ਵਿੱਚ ਗਿਰਾਵਟ ਤੋਂ ਬਾਅਦ ਕੀਤੀ ਗਈ ਹੈ।
ਕੋਲਿਨ ਸ਼ਾਹ ਮੁਤਾਬਕ ਫੈਡਰਲ ਰਿਜ਼ਰਵ ਦੇ ਵਿਆਜ ਦਰਾਂ 'ਚ ਕਟੌਤੀ ਦੇ ਫੈਸਲੇ ਦਾ ਅਸਰ ਸੋਨੇ ਦੀਆਂ ਕੀਮਤਾਂ 'ਤੇ ਤੁਰੰਤ ਨਜ਼ਰ ਆ ਰਿਹਾ ਹੈ। ਉਦੋਂ ਤੋਂ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ, ਪਰ ਇਸ ਨੂੰ ਸਕਾਰਾਤਮਕ ਦੇਖਣ ਦੀ ਲੋੜ ਹੈ। ਵਿਆਜ ਦਰਾਂ 'ਚ ਕਟੌਤੀ ਦੇ ਫੈਸਲੇ ਤੋਂ ਬਾਅਦ ਸੋਨੇ ਦੀ ਕੀਮਤ ਨਵੀਂ ਉਚਾਈ ਨੂੰ ਛੂਹ ਸਕਦੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਸੋਨੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਭਵਿੱਖ ਵਿੱਚ ਚੰਗਾ ਰਿਟਰਨ ਮਿਲ ਸਕਦਾ ਹੈ।
ਕੋਲੀਨ ਸ਼ਾਹ ਨੇ ਭਾਰਤ ਵਿੱਚ ਇਸ ਦੇ ਪ੍ਰਭਾਵ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਭਾਰਤ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਕਰਵਾ ਚੌਥ, ਧਨਤੇਰਸ ਅਤੇ ਦੀਵਾਲੀ 'ਤੇ ਲੋਕ ਵੱਡੇ ਪੱਧਰ 'ਤੇ ਸੋਨੇ ਦੀ ਖ਼ਰੀਦਦਾਰੀ ਕਰਦੇ ਹਨ। ਇਸ ਤੋਂ ਬਾਅਦ ਵਿਆਹਾਂ ਦੇ ਸੀਜ਼ਨ 'ਚ ਵੀ ਸੋਨੇ ਦੀ ਮੰਗ ਵਧ ਜਾਂਦੀ ਹੈ। ਕੋਲਿਨ ਸ਼ਾਹ ਮੁਤਾਬਕ ਸੋਨੇ ਦੀਆਂ ਕੀਮਤਾਂ 'ਚ ਵਾਧੇ ਦਾ ਸੋਨੇ ਦੀ ਮੰਗ 'ਤੇ ਕੋਈ ਅਸਰ ਨਹੀਂ ਪੈ ਰਿਹਾ ਹੈ। ਹਮੇਸ਼ਾ ਦੀ ਤਰ੍ਹਾਂ ਇਸ ਤਿਉਹਾਰੀ ਸੀਜ਼ਨ 'ਚ ਵੀ ਭਾਰਤੀ ਲੋਕ ਵੱਡੇ ਪੱਧਰ 'ਤੇ ਸੋਨੇ ਦੀ ਖਰੀਦਦਾਰੀ ਕਰਨਗੇ।
78,000 ਰੁਪਏ ਤੱਕ ਪਹੁੰਚ ਸਕਦੀ ਕੀਮਤ
ਕੋਲਿਨ ਸ਼ਾਹ ਮੁਤਾਬਕ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਕਟੌਤੀ ਦਾ ਨਿਸ਼ਚਿਤ ਤੌਰ 'ਤੇ ਅੰਤਰਰਾਸ਼ਟਰੀ ਬਾਜ਼ਾਰ 'ਤੇ ਅਸਰ ਪਵੇਗਾ ਅਤੇ ਇਸ ਦੀ ਕੀਮਤ 2650 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਘਰੇਲੂ ਬਾਜ਼ਾਰ 'ਚ ਤਿਉਹਾਰੀ ਸੀਜ਼ਨ ਤੱਕ ਸੋਨੇ ਦੀ ਕੀਮਤ 78,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚਣ ਦੀ ਸੰਭਾਵਨਾ ਹੈ।