ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਜ਼ਾਰ 'ਚ ਮਜ਼ਬੂਤੀ ਕਰਕੇ ਸੋਨੇ ਨੇ ਭਾਰਤੀ ਬਾਜ਼ਾਰ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ। ਵਾਅਦਾ ਬਾਜ਼ਾਰ ਵਿੱਚ ਸੋਨਾ 51,833 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਚਾਂਦੀ ਵੀ 64,896 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਕੀਮਤ 'ਤੇ ਪਹੁੰਚ ਗਈ। ਹਾਲਾਂਕਿ, ਸਪਾਟ ਬਾਜ਼ਾਰ ਵਿੱਚ ਸੋਨਾ 51 ਹਜ਼ਾਰ ਦੇ ਹੇਠਾਂ ਕਾਰੋਬਾਰ ਕਰ ਰਿਹਾ ਹੈ।

ਮਲਟੀ ਕਮੋਡਿਟੀ ਐਕਸਚੇਂਜ ਵਿੱਚ ਸੋਨਾ 785 ਰੁਪਏ ਦੀ ਤੇਜ਼ੀ ਨਾਲ ਸੋਮਵਾਰ ਨੂੰ 51,820 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇੰਨਾ ਹੀ ਨਹੀਂ, ਅਗਸਤ ਫਿਊਚਰ ਲਈ ਸੋਨੇ ਦਾ ਵਾਅਦਾ ਸੌਦਾ 51,833 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤਾ ਗਿਆ ਹੈ।

ਇਸੇ ਤਰ੍ਹਾਂ ਚਾਂਦੀ ਦਾ ਸਤੰਬਰ ਦਾ ਭਾਅ 3,547 ਰੁਪਏ ਚੜ੍ਹ ਕੇ 64,770 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। ਕਾਰੋਬਾਰ ਦੌਰਾਨ ਇਹ 64,896 ਰੁਪਏ ਦੇ ਸਰਬੋਤਮ ਉੱਚ ਪੱਧਰ 'ਤੇ ਪਹੁੰਚ ਗਿਆ।

ਚੀਨ ਤੇ ਅਮਰੀਕਾ ਦਰਮਿਆਨ ਵਧੇ ਤਣਾਅ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਤੇ ਚਾਂਦੀ ਨੇ ਮਜ਼ਬੂਤੀ ਹਾਸਲ ਕੀਤੀ ਹੈ। ਕੋਰੋਨਾ ਸੰਕਟ ਦੇ ਵਧਣ ਨਾਲ ਵੀ ਨਿਵੇਸ਼ਕ ਇਨ੍ਹਾਂ ਘੱਟ ਜੋਖਮ ਵਾਲੀਆਂ ਕੀਮਤੀ ਧਾਤਾਂ ਵਿੱਚ ਨਿਵੇਸ਼ ਕਰਨ ਲਈ ਆਕਰਸ਼ਿਤ ਹੋਏ ਹਨ। ਕਮੈਕਸ 'ਤੇ ਸੋਨਾ 0.4 ਫੀਸਦੀ ਦੀ ਤੇਜ਼ੀ ਨਾਲ 1,904 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਸਪਾਟ ਸੋਨਾ 1.5 ਪ੍ਰਤੀਸ਼ਤ ਵੱਧ ਕੇ 1,928 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904