Gold-Silver Prices: ਆਮ ਬਜਟ 2024 ਵਿਚ ਸੋਨੇ ਅਤੇ ਚਾਂਦੀ ਉਤੇ ਕਸਟਮ ਡਿਊਟੀ ਵਿੱਚ ਕਟੌਤੀ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ। ਕੁਝ ਘੰਟਿਆਂ ਵਿਚ ਹੀ ਸੋਨਾ ਤਕਰੀਬਨ 4000 ਰੁਪਏ ਡਿੱਗ ਗਿਆ। ਇਸ ਕਾਰਨ ਲੋਕਾਂ ਵਿਚ ਸਸਤੇ ਭਾਅ ਉਤੇ ਸੋਨਾ ਖਰੀਦਣ ਦੀ ਹੋੜ ਲੱਗ ਗਈ ਹੈ। ਲੋਕ ਗਹਿਣਿਆਂ ਦੀਆਂ ਦੁਕਾਨਾਂ ਵੱਲ ਦੌੜੇ ਹਨ। ਲੋਕਾਂ ਨੇ ਵਿਆਹਾਂ ਲਈ ਸੋਨਾ ਖਰੀਦਣਾ ਸ਼ੁਰੂ ਕਰ ਦਿੱਤਾ ਹੈ।


ਦੂਜੇ ਪਾਸੇ ਸੋਨੇ ਅਤੇ ਚਾਂਦੀ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਕੁਝ ਲੋਕ ਇਸ ਗੱਲ ਤੋਂ ਵੀ ਚਿੰਤਤ ਹਨ ਕਿ ਸੋਨੇ ਦੀ ਮੰਗ ਵਧਣ ਕਾਰਨ ਕੀਮਤਾਂ ਉਤੇ ਕਸਟਮ ਡਿਊਟੀ ਦਾ ਫੈਸਲਾ ਵਾਪਸ ਲਿਆ ਜਾ ਸਕਦਾ ਹੈ। ਭਾਰਤ ਦੁਨੀਆ ਵਿੱਚ ਸੋਨੇ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ। ਬਜਟ ਪੇਸ਼ ਹੋਣ ਤੋਂ ਬਾਅਦ ਸੋਨੇ ਦੀਆਂ ਘੱਟ ਕੀਮਤਾਂ ਦਾ ਫਾਇਦਾ ਉਠਾਉਣ ਲਈ ਲੋਕ ਮੰਗਲਵਾਰ ਸ਼ਾਮ ਤੋਂ ਹੀ ਗਹਿਣਿਆਂ ਦੀਆਂ ਦੁਕਾਨਾਂ 'ਤੇ ਆਉਣ ਲੱਗੇ।


ਇਕਦਮ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ


ਦਰਅਸਲ ਬਜਟ 'ਚ ਐਲਾਨ ਤੋਂ ਬਾਅਦ ਸੋਨੇ ਦੀ ਕੀਮਤ 74,000 ਰੁਪਏ ਪ੍ਰਤੀ ਗ੍ਰਾਮ ਦੇ ਰਿਕਾਰਡ ਪੱਧਰ ਤੋਂ ਡਿੱਗ ਕੇ 70,000 ਰੁਪਏ ਤੋਂ ਹੇਠਾਂ ਆ ਗਈ ਹੈ। ਰਾਜਧਾਨੀ ਦਿੱਲੀ 'ਚ 24 ਕੈਰੇਟ ਸੋਨੇ ਦੀ ਸਪਾਟ ਕੀਮਤ 69,950 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ। ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 64,150 ਰੁਪਏ ਹੈ।


ਕਾਰੀਗਰਾਂ ਦੀਆਂ ਛੁੱਟੀਆਂ ਰੱਦ


ਸੋਨੇ-ਚਾਂਦੀ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਜਿਊਲਰਾਂ ਨੇ ਕਾਰੀਗਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਕਿਉਂਕਿ ਕਸਟਮ ਡਿਊਟੀ 'ਚ ਕਟੌਤੀ ਕਾਰਨ ਰੋਜ਼ਾਨਾ ਮੰਗ 20 ਫੀਸਦੀ ਵਧ ਗਈ ਹੈ। ਸੋਨੇ ਅਤੇ ਚਾਂਦੀ ਦੇ ਵਪਾਰੀਆਂ ਨੂੰ ਉਮੀਦ ਹੈ ਕਿ ਇਸ ਤਿਉਹਾਰੀ ਸੀਜ਼ਨ ਵਿੱਚ ਗਹਿਣਿਆਂ ਦੀ ਵਿਕਰੀ ਚੰਗੀ ਰਹੇਗੀ।



ਮੁੰਬਈ ਦੇ ਸੋਨਾ ਅਤੇ ਹੀਰਾ ਬਾਜ਼ਾਰ ਵਜੋਂ ਜਾਣੇ ਜਾਂਦੇ ਜ਼ਾਵੇਰੀ ਬਾਜ਼ਾਰ ਦੇ ਇੱਕ ਪ੍ਰਚੂਨ ਵਿਕਰੇਤਾ ਨੇ ਕਿਹਾ, "ਅਸੀਂ ਮੰਗ ਵਿੱਚ ਅਚਾਨਕ ਵਾਧੇ ਨੂੰ ਪੂਰਾ ਕਰਨ ਲਈ ਅਗਲੇ 7 ਦਿਨਾਂ ਲਈ ਆਪਣੇ ਕਾਰੀਗਰਾਂ (ਸੁਨਿਆਰੇ) ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ।"


ਗੋਲਡ ਤੇ ਐਡਵਾਂਸ ਬੁਕਿੰਗ ਸਕੀਮ


ਬਜਟ ਤੋਂ ਬਾਅਦ ਮੰਗਲਵਾਰ ਨੂੰ ਸੋਨੇ ਦੀ ਕੀਮਤ 72,609 ਰੁਪਏ ਪ੍ਰਤੀ 10 ਗ੍ਰਾਮ ਤੋਂ ਘਟ ਕੇ ਬੁੱਧਵਾਰ ਨੂੰ 69,194 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। 3,415 ਰੁਪਏ ਦੀ ਇਹ ਗਿਰਾਵਟ ਸਰਕਾਰ ਵੱਲੋਂ ਬਜਟ 'ਚ ਸੋਨੇ 'ਤੇ ਦਰਾਮਦ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰਨ ਤੋਂ ਬਾਅਦ ਆਈ ਹੈ।



ਸੋਨੇ-ਚਾਂਦੀ ਦੀ ਖਰੀਦਦਾਰੀ ਨੂੰ ਲੈ ਕੇ ਸਥਿਤੀ ਅਜਿਹੀ ਹੈ ਕਿ ਗਾਹਕ ਨਵੰਬਰ ਅਤੇ ਦਸੰਬਰ 'ਚ ਹੋਣ ਵਾਲੇ ਵਿਆਹਾਂ ਲਈ ਪਹਿਲਾਂ ਹੀ ਗਹਿਣੇ ਮੰਗਵਾ ਰਹੇ ਹਨ। ਕੁਝ ਲੋਕ ਧਨਤੇਰਸ ਅਤੇ ਦੀਵਾਲੀ ਦੇ ਤਿਉਹਾਰਾਂ ਲਈ ਆਰਡਰ ਦੇ ਰਹੇ ਹਨ। ਇਸ ਦੇ ਨਾਲ ਹੀ, ਗਾਹਕਾਂ ਨੂੰ ਆਕਰਸ਼ਿਤ ਕਰਨ ਲਈ, ਜਿਊਲਰ ਸੋਨੇ 'ਤੇ ਐਡਵਾਂਸ ਬੁਕਿੰਗ ਸਕੀਮ ਲੈ ਕੇ ਆ ਰਹੇ ਹਨ।