One Nation One Rate:  ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਤੇ ਚਾਂਦੀ ਦੀ ਕੀਮਤ ਵੀ ਵੱਖ-ਵੱਖ ਹੈ। ਹਰ ਰਾਜ ਦੇ ਵੱਖ-ਵੱਖ ਟੈਕਸਾਂ ਤੋਂ ਇਲਾਵਾ ਸੋਨੇ-ਚਾਂਦੀ ਦੇ ਰੇਟ ਵਿੱਚ ਹੋਰ ਵੀ ਕਈ ਚੀਜ਼ਾਂ ਜੋੜੀਆਂ ਜਾਂਦੀਆਂ ਹਨ। ਇਸ ਕਾਰਨ ਰਾਜਾਂ ਵਿੱਚ ਇਨ੍ਹਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਵੀ ਵੱਖ-ਵੱਖ ਹੁੰਦੀਆਂ ਹਨ। ਹਾਲਾਂਕਿ ਹੁਣ ਦੇਸ਼ 'ਚ ਵੱਡਾ ਬਦਲਾਅ ਆਉਣ ਵਾਲਾ ਹੈ। 



ਹਾਸਲ ਜਾਣਕਾਰੀ ਮੁਤਾਬਕ ਜਲਦ ਹੀ 'ਵਨ ਨੇਸ਼ਨ, ਵਨ ਰੇਟ' ਨੀਤੀ ਪੂਰੇ ਦੇਸ਼ 'ਚ ਲਾਗੂ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਜੇਕਰ ਤੁਸੀਂ ਦੇਸ਼ 'ਚ ਕਿਤੇ ਵੀ ਸੋਨਾ ਖਰੀਦਦੇ ਹੋ ਤਾਂ ਤੁਹਾਨੂੰ ਇੱਕੋ ਰੇਟ ਮਿਲੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਸੋਨੇ ਦੇ ਵਪਾਰੀਆਂ ਤੇ ਜਿਊਲਰਾਂ ਲਈ ਵੀ ਆਸਾਨ ਹੋ ਜਾਵੇਗਾ। ਦੇਸ਼ ਭਰ ਦੇ ਸਾਰੇ ਵੱਡੇ ਜਿਊਲਰਾਂ ਨੇ ਵੀ ਇਸ ਨੂੰ ਲਾਗੂ ਕਰਨ ਦੀ ਹਾਮੀ ਭਰੀ ਹੈ।


ਜੈਮ ਐਂਡ ਜਿਊਲਰੀ ਕੌਂਸਲ ਦਾ ਵੀ ਸਮਰਥਨ 
ਸੋਨੇ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਲਿਆਂਦੀ ਜਾ ਰਹੀ 'ਵਨ ਨੇਸ਼ਨ ਵਨ ਰੇਟ' ਨੀਤੀ ਦਾ ਜੈਮ ਐਂਡ ਜਿਊਲਰੀ ਕੌਂਸਲ (ਜੀਜੇਸੀ) ਨੇ ਵੀ ਸਮਰਥਨ ਕੀਤਾ ਹੈ। ਇਸ ਦਾ ਉਦੇਸ਼ ਦੇਸ਼ ਭਰ 'ਚ ਸੋਨੇ ਦੀਆਂ ਇਕਸਾਰ ਕੀਮਤਾਂ ਕਰਨਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਤੰਬਰ 2024 'ਚ ਹੋਣ ਵਾਲੀ ਬੈਠਕ 'ਚ ਇਸ ਬਾਰੇ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ। ਹਾਲਾਂਕਿ ਸੋਨਾ ਉਦਯੋਗ ਇਸ ਨੀਤੀ ਨੂੰ ਲਾਗੂ ਕਰਨ ਤੋਂ ਬਾਅਦ ਚੁਣੌਤੀਆਂ ਨਾਲ ਨਜਿੱਠਣ ਲਈ ਨਵੀਆਂ ਯੋਜਨਾਵਾਂ ਬਣਾ ਰਿਹਾ ਹੈ।


ਵਨ ਨੇਸ਼ਨ, ਵਨ ਰੇਟ ਪਾਲਿਸੀ ਨਾਲ ਕੀ ਬਦਲਾਅ ਆਵੇਗਾ?
ਇਸ ਯੋਜਨਾ ਤਹਿਤ ਕੇਂਦਰ ਸਰਕਾਰ ਪੂਰੇ ਦੇਸ਼ ਵਿੱਚ ਸੋਨੇ ਦੀਆਂ ਕੀਮਤਾਂ ਨੂੰ ਬਰਾਬਰ ਕਰਨਾ ਚਾਹੁੰਦੀ ਹੈ। ਇਸ ਨੀਤੀ ਦੇ ਲਾਗੂ ਹੋਣ ਤੋਂ ਬਾਅਦ, ਚਾਹੇ ਤੁਸੀਂ ਦਿੱਲੀ, ਮੁੰਬਈ, ਚੇਨਈ ਜਾਂ ਕੋਲਕਾਤਾ ਵਰਗੇ ਮੈਟਰੋ ਸ਼ਹਿਰ ਵਿੱਚ ਹੋ ਜਾਂ ਕਿਸੇ ਛੋਟੇ ਸ਼ਹਿਰ ਵਿੱਚ ਸੋਨਾ ਖਰੀਦਦੇ ਹੋ, ਤੁਹਾਨੂੰ ਇੱਕੋ ਕੀਮਤ ਅਦਾ ਕਰਨੀ ਪਵੇਗੀ। ਇਸ ਨੀਤੀ ਤਹਿਤ ਸਰਕਾਰ ਨੈਸ਼ਨਲ ਬੁਲੀਅਨ ਐਕਸਚੇਂਜ ਬਣਾਏਗੀ, ਜੋ ਹਰ ਥਾਂ ਸੋਨੇ ਦੀਆਂ ਬਰਾਬਰ ਕੀਮਤਾਂ ਤੈਅ ਕਰੇਗੀ। ਇਸ ਦੇ ਨਾਲ ਹੀ ਜਿਊਲਰਾਂ ਨੂੰ ਇਸ ਕੀਮਤ 'ਤੇ ਸੋਨਾ ਵੇਚਣਾ ਹੋਵੇਗਾ।


ਸੋਨੇ ਦੀਆਂ ਕੀਮਤਾਂ ਘਟ ਸਕਦੀਆਂ
ਇਸ ਨੀਤੀ ਦੇ ਲਾਗੂ ਹੋਣ ਨਾਲ ਬਾਜ਼ਾਰ ਵਿੱਚ ਪਾਰਦਰਸ਼ਤਾ ਵਧੇਗੀ। ਸੋਨੇ ਦੀਆਂ ਕੀਮਤਾਂ ਵਿੱਚ ਅੰਤਰ ਹੋਣ ਕਾਰਨ ਇਸ ਦੀਆਂ ਕੀਮਤਾਂ ਵਿੱਚ ਵੀ ਕਮੀ ਆ ਸਕਦੀ ਹੈ। ਇਸ ਤੋਂ ਇਲਾਵਾ ਸੋਨੇ ਦੀ ਵਿਕਰੀ ਲਈ ਕਈ ਵਾਰ ਮਨਮਾਨੇ ਭਾਅ ਵਸੂਲਣ ਵਾਲੇ ਜਿਊਲਰਾਂ 'ਤੇ ਵੀ ਲਗਾਮ ਲਗਾਈ ਜਾਵੇਗੀ। ਦੱਸ ਦਈਏ ਕਿ ਪਿਛਲੇ ਕੁਝ ਸਾਲਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਸਮੇਂ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 74000 ਰੁਪਏ ਪ੍ਰਤੀ 10 ਗ੍ਰਾਮ ਹੈ।