Budget 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਐਨਡੀਏ ਸਰਕਾਰ ਨੇ ਬਜਟ (Budget 2024) ਪੇਸ਼ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਮੀਦ ਹੈ ਕਿ ਇਹ 22 ਜੁਲਾਈ ਨੂੰ ਸੰਸਦ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਬਜਟ ਦੀ ਤਰੀਕ ਅਜੇ ਤੈਅ ਨਹੀਂ ਹੋਈ। ਇਸ ਦੌਰਾਨ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਪੀਐਫ ਖਾਤਾ ਧਾਰਕਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ। ਇਸ ਤਹਿਤ ਤਨਖਾਹ ਸੀਮਾ ਨੂੰ ਵਧਾਉਣਾ ਸੰਭਵ ਹੈ।


ਤਨਖਾਹ ਸੀਮਾ 25000 ਰੁਪਏ ਤੱਕ ਵਧਾਈ ਜਾ ਸਕਦੀ
ਬਿਜ਼ਨਸ ਟੂਡੇ 'ਤੇ ਪ੍ਰਕਾਸ਼ਿਤ ਰਿਪੋਰਟ ਅਨੁਸਾਰ, ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਕਰਮਚਾਰੀਆਂ ਦੀ ਤਨਖਾਹ ਸੀਮਾ ਵਧਾਈ ਜਾ ਸਕਦੀ ਹੈ। ਇੱਕ ਦਹਾਕੇ ਤੱਕ ਇਸ ਸੀਮਾ ਨੂੰ 15,000 ਰੁਪਏ 'ਤੇ ਰੱਖਣ ਤੋਂ ਬਾਅਦ ਕੇਂਦਰੀ ਵਿੱਤ ਮੰਤਰਾਲਾ ਹੁਣ ਪ੍ਰਾਵੀਡੈਂਟ ਫੰਡ ਦੀ ਸੀਮਾ ਵਧਾਉਣ 'ਤੇ ਵਿਚਾਰ ਕਰ ਸਕਦਾ ਹੈ। ਉਮੀਦ ਹੈ ਕਿ ਸਰਕਾਰ ਹੁਣ ਇਸ ਸੀਮਾ ਨੂੰ ਵਧਾ ਕੇ 25,000 ਰੁਪਏ ਕਰ ਸਕਦੀ ਹੈ। ਕਿਰਤ ਤੇ ਰੋਜ਼ਗਾਰ ਮੰਤਰਾਲੇ ਨੇ ਇਸ ਸਬੰਧੀ ਪ੍ਰਸਤਾਵ ਤਿਆਰ ਕੀਤਾ ਹੈ।


ਆਖਰੀ ਬਦਲਾਅ ਸਤੰਬਰ 2014 ਵਿੱਚ ਕੀਤਾ ਗਿਆ
ਪ੍ਰੋਵੀਡੈਂਟ ਫੰਡ ਜਾਂ PF ਇੱਕ ਬੱਚਤ ਤੇ ਰਿਟਾਇਰਮੈਂਟ ਫੰਡ ਹੈ ਜੋ ਕੇਂਦਰ ਸਰਕਾਰ ਦੁਆਰਾ ਸਮਰਥਤ ਹੈ। ਇਹ ਆਮ ਤੌਰ 'ਤੇ ਤਨਖਾਹਦਾਰ ਕਰਮਚਾਰੀਆਂ ਤੇ ਉਨ੍ਹਾਂ ਦੇ ਮਾਲਕਾਂ ਦੁਆਰਾ ਸਥਾਪਿਤ ਤੇ ਯੋਗਦਾਨ ਪਾਇਆ ਜਾਂਦਾ ਹੈ। ਇਸ ਦਾ ਉਦੇਸ਼ ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ ਦੌਰਾਨ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੈ। 


ਇਹ ਕਰਮਚਾਰੀਆਂ ਲਈ ਸਭ ਤੋਂ ਸੁਰੱਖਿਅਤ ਤੇ ਟੈਕਸ-ਪ੍ਰਭਾਵੀ ਰਿਟਾਇਰਮੈਂਟ ਲਾਭਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਪ੍ਰੋਵੀਡੈਂਟ ਫੰਡ ਲਿਮਿਟ ਫਿਲਹਾਲ 15,000 ਰੁਪਏ ਹੈ। ਕੇਂਦਰ ਨੇ ਆਖਰੀ ਵਾਰ 1 ਸਤੰਬਰ 2014 ਨੂੰ ਕਰਮਚਾਰੀ ਭਵਿੱਖ ਨਿਧੀ ਤਹਿਤ ਯੋਗਦਾਨ ਦੀ ਅਧਿਕਤਮ ਸੀਮਾ ਵਿੱਚ ਸੋਧ ਕੀਤੀ ਸੀ ਤੇ ਇਸ ਨੂੰ 6,500 ਰੁਪਏ ਤੋਂ ਵਧਾ ਦਿੱਤਾ ਸੀ।


EPF ਬਾਰੇ ਮਹੱਤਵਪੂਰਨ ਗੱਲਾਂ 
1. ਇਹ ਰੁਜ਼ਗਾਰ ਪ੍ਰਾਪਤ ਲੋਕਾਂ ਲਈ ਕੇਂਦਰ ਸਰਕਾਰ ਦੀ ਇੱਕ ਸਮਾਜਿਕ ਸੁਰੱਖਿਆ ਯੋਜਨਾ ਹੈ।
2. ਜੇਕਰ ਤੁਹਾਡੀ ਤਨਖਾਹ 15,000 ਰੁਪਏ ਪ੍ਰਤੀ ਮਹੀਨਾ ਹੈ ਤਾਂ ਤੁਹਾਡੇ ਲਈ ਇਸ ਸਕੀਮ ਨਾਲ ਜੁੜਨਾ ਲਾਜ਼ਮੀ ਹੈ।
3. ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਕੰਪਨੀ ਤੁਹਾਡੀ ਤਨਖਾਹ ਵਿੱਚੋਂ ਇੱਕ ਹਿੱਸਾ ਕੱਟ ਕੇ ਤੁਹਾਡੇ EPAP ਖਾਤੇ ਵਿੱਚ ਪਾ ਦਿੰਦੀ ਹੈ।
4. ਇਹ ਪੈਸਾ ਕੇਂਦਰ ਸਰਕਾਰ ਦੇ ਇਸ ਫੰਡ ਵਿੱਚ ਪਾਇਆ ਜਾਂਦਾ ਹੈ ਤੇ ਤੁਸੀਂ ਇਸ ਪੈਸੇ ਨੂੰ ਲੋੜ ਵੇਲੇ ਵਿਆਜ ਸਮੇਤ ਵਰਤ ਸਕਦੇ ਹੋ।
5. ਤੁਹਾਡੀ ਕੰਪਨੀ ਤੁਹਾਨੂੰ EPF ਖਾਤਾ ਨੰਬਰ ਦਿੰਦੀ ਹੈ। ਇਹ ਖਾਤਾ ਨੰਬਰ ਵੀ ਤੁਹਾਡੇ ਲਈ ਇੱਕ ਬੈਂਕ ਖਾਤੇ ਵਾਂਗ ਹੈ, ਕਿਉਂਕਿ ਤੁਹਾਡੇ ਭਵਿੱਖ ਲਈ ਤੁਹਾਡਾ ਪੈਸਾ ਇਸ ਵਿੱਚ ਰੱਖਿਆ ਗਿਆ ਹੈ।


ਤਨਖਾਹ ਸੀਮਾ ਕਦੋਂ ਤੇ ਕਿੰਨੀ ਵਧਾਈ ਗਈ?
1 ਨਵੰਬਰ 1952 ਤੋਂ 31 ਮਈ 1957 ਤੱਕ 300 ਰੁਪਏ।
1 ਜੂਨ 1957 ਤੋਂ 30 ਦਸੰਬਰ 1962 500 ਰੁਪਏ।
31 ਦਸੰਬਰ 1962 ਤੋਂ 10 ਦਸੰਬਰ 1976 ਤੱਕ 1000 ਰੁਪਏ।
11 ਦਸੰਬਰ 1976 ਤੋਂ 31 ਅਗਸਤ 1985 ਤੱਕ 1600 ਰੁਪਏ।
1 ਸਤੰਬਰ 1985 ਤੋਂ 31 ਅਕਤੂਬਰ 1990 ਤੱਕ 2500 ਰੁ।
1 ਨਵੰਬਰ 1990 ਤੋਂ 30 ਸਤੰਬਰ 1994 3500 ਰੁਪਏ।
1 ਅਕਤੂਬਰ 1994 ਤੋਂ 31 ਮਈ 2011 ਤੱਕ 5000 ਰੁਪਏ।
1 ਜੂਨ 2001 ਤੋਂ 31 ਅਗਸਤ 2014 6500 ਰੁਪਏ।
1 ਸਤੰਬਰ 2014 ਤੋਂ ਹੁਣ ਤੱਕ 15000 ਰੁਪਏ।


ਇਸ ਤਰ੍ਹਾਂ ਤਨਖਾਹ 'ਚੋਂ PF ਕੱਟਿਆ ਜਾਂਦਾ
ਜੇਕਰ ਅਸੀਂ EPFO ​​ਐਕਟ 'ਤੇ ਨਜ਼ਰ ਮਾਰੀਏ ਤਾਂ ਕਿਸੇ ਵੀ ਕਰਮਚਾਰੀ ਦੀ ਬੇਸ ਪੇਅ ਤੇ ਡੀਏ ਦਾ 12 ਫੀਸਦੀ ਪੀਐਫ ਖਾਤੇ 'ਚ ਜਮ੍ਹਾ ਹੁੰਦਾ ਹੈ। ਇਸ 'ਤੇ ਸਬੰਧਤ ਕੰਪਨੀ ਕਰਮਚਾਰੀ ਦੇ ਪੀਐਫ ਖਾਤੇ 'ਚ ਵੀ ਓਨਾ ਹੀ ਯਾਨੀ 12 ਫੀਸਦੀ ਜਮ੍ਹਾ ਕਰ ਦਿੰਦੀ ਹੈ। ਹਾਲਾਂਕਿ, ਕੰਪਨੀ ਦੁਆਰਾ ਕੀਤੇ ਗਏ ਯੋਗਦਾਨ ਵਿੱਚੋਂ, 3.67 ਪ੍ਰਤੀਸ਼ਤ ਈਪੀਐਫ ਖਾਤੇ ਵਿੱਚ ਜਾਂਦਾ ਹੈ, ਜਦੋਂਕਿ ਬਾਕੀ 8.33 ਪ੍ਰਤੀਸ਼ਤ ਪੈਨਸ਼ਨ ਯੋਜਨਾ ਵਿੱਚ ਜਾਂਦਾ ਹੈ।