ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ’ਚ ਸੋਨਾ-ਚਾਂਦੀ (Gold-Silver) ਦੀਆਂ ਕੀਮਤਾਂ ’ਚ ਉਛਾਲ਼ ਵੇਖਣ ਨੂੰ ਮਿਲ ਰਿਹਾ ਹੈ। ਕਈ ਦਿਨਾਂ ਤੋਂ ਲਗਾਤਾਰ ਸੋਨੇ ਦੀ ਕੀਮਤ ਵਿੱਚ ਤੇਜ਼ੀ ਬਣੀ ਹੋਈ ਹੈ। ਇਨ੍ਹੀਂ ਦਿਨੀਂ ਸੋਨੇ ਦੇ ਭਾਅ ਤੇਜ਼ੀ ਨਾਲ ਵਧ ਰਹੇ ਹਨ। ਆਉਣ ਵਾਲੇ ਦਿਨਾਂ ’ਚ ਸੋਨੇ ਦੀ ਕੀਮਤ ਨਵੇਂ ਰਿਕਾਰਡ ਕਾਇਮ ਕਰ ਸਕਦੀ ਹੈ। ਇਸ ਹਫ਼ਤੇ ਸਰਾਫ਼ਾ ਬਾਜ਼ਾਰਾਂ ’ਚ 24 ਕੈਰੇਟ ਸੋਨੇ ਦਾ ਭਾਅ (Gold Price Today) 796 ਰੁਪਏ ਤੱਕ ਵਧ ਗਿਆ ਹੈ। ਉਧਰ ਚਾਂਦੀ (Silver Price Today) ਲਗਪਗ 885 ਰੁਪਏ ਤੱਕ ਮਹਿੰਗੀ ਹੋ ਗਈ ਹੈ।


 
ਇਸ ਤੋਂ ਇਲਾਵਾ ਜੇ ਅਸੀਂ ਸਿਰਫ਼ ਮਈ ਮਹੀਨੇ ਦੀ ਗੱਲ ਕਰੀਏ, ਤਾਂ ਹੁਣ ਤੱਕ ਸੋਨੇ ਦੀ ਕੀਮਤ ਵਿੱਚ 1,762 ਰੁਪਏ ਪ੍ਰਤੀ 10 ਗ੍ਰਾਮ (ਤੋਲ਼ਾ) ਦਾ ਉਛਾਲ਼ ਵੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਚਾਂਦੀ 3,445 ਰੁਪਏ ਤੱਕ ਮਹਿੰਗੀ ਹੋ ਚੁੱਕੀ ਹੈ। ਆਲ ਟਾਈਮ ਹਾਈ ਤੋਂ ਹਾਲੇ ਵੀ 7,600 ਰੁਪਏ ਸਸਤਾ ਹੈ। ਸੋਨਾ ਭਾਵੇਂ ਇੱਕ ਮਹੀਨੇ ਅੰਦਰ ਮਹਿੰਗਾ ਹੋਇਆ ਹੈ।

 

ਅਗਸਤ 2020 ’ਚ 10 ਗ੍ਰਾਮ ਸੋਨੇ ਦੀ ਕੀਮਤ 56 ਹਜ਼ਾਰ ਰੁਪਏ ਤੋਂ ਵੀ ਉੱਤੇ ਚਲੀ ਗਈ ਸੀ। ਹੁਣ ਪਿਛਲੇ ਡੇਢ ਮਹੀਨੇ ਤੋਂ ਵੀ ਸੋਨੇ ਦੇ ਭਾਅ ਵਿੱਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਸੋਨੇ ਦੇ ਰੇਟ ਕਾਫ਼ੀ ਹੇਠਾਂ ਟ੍ਰੈਂਡ ਕਰ ਰਹੇ ਸਨ। ਇੰਡੀਅਨ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਅਨੁਸਾਰ 24 ਕੈਰੇਟ ਦੇ 10 ਗ੍ਰਾਮ ਸੋਨੇ ਦੀ ਕੀਮਤ ਬੀਤੇ ਕਾਰੋਬਾਰੀ ਸੈਸ਼ਨ ਭਾਵ ਸ਼ੁੱਕਰਵਾਰ ਨੂੰ ਬਾਜ਼ਾਰ ਖੁੱਲ੍ਹਣ ਸਮੇਂ 48,553 ਰੁਪਏ ਪ੍ਰਤੀ 10 ਗ੍ਰਾਮ ਸੀ। ਵੀਰਵਾਰ ਨੂੰ ਬਾਜ਼ਾਰ ਖੁੱਲ੍ਹਣ ਸਮੇਂ 10 ਗ੍ਰਾਮ ਸੋਨੇ ਦੀ ਕੀਮਤ 48,593 ਰੁਪਏ ਸੀ, ਜੋ ਬੰਦ ਹੋਣ ਵੇਲੇ ਡਿੱਗ ਕੇ 48,534 ਰੁਪਏ ਹੋ ਗਈ ਸੀ।

 

ਹੁਣ ਸੋਨੇ ’ਚ ਪੈਸਾ ਲਾਉਣ ਦਾ ਹੋਵੇਗਾ ਫ਼ਾਇਦਾ


ਸੋਨਾ ਨਿਵੇਸ਼ ਲਈ ਇੱਕ ਸੁਰੱਖਿਅਤ ਕੀਮਤੀ ਵਸਤੂ ਹੈ। ਕਿਸੇ ਵੀ ਸੰਕਟ ਵੇਲੇ ਨਿਵੇਸ਼ਕ ਸੋਨੇ ਦੀ ਖ਼ਰੀਦ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਨਿਵੇਸ਼ਕ ਹੁਣ ਸੁਰੱਖਿਅਤ ਨਿਵੇਸ਼ ਲਈ ਸੋਨੇ ਵੱਲ ਜਾ ਰਹੇ ਹਨ, ਜੋ ਆਉਣ ਵਾਲੇ ਮਹੀਨਿਆਂ ’ਚ ਇਸ ਦੀਆਂ ਕੀਮਤਾਂ ਵਿੱਚ ਤੇਜ਼ੀ ਦਾ ਕਾਰਣ ਬਣੇਗਾ।

 

ਕੋਰੋਨਾਵਾਇਰਸ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਦਾ ਇੱਕ ਕਾਰਣ ਹੋ ਸਕਦਾ ਹੈ। ਪਿੱਛੇ ਜਿਹੇ ਇੱਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਆਉਣ ਵਾਲੇ ਮਹੀਨਿਆਂ ’ਚ ਕੋਰੋਨਾ ਦੀ ਤੀਜੀ ਲਹਿਰ ਵੀ ਆਵੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਛੇਤੀ ਹੀ ਸੋਨਾ 50 ਹਜ਼ਾਰ ਰੁਪਏ ਪਾਰ ਕਰੇਗਾ।