Google's Decision : ਇਨਫੋ ਐਜ (ਇੰਡੀਆ) ਲਿਮਟਿਡ ਅਤੇ ਗੂਗਲ ਵਿਚਾਲੇ ਵਧਦੇ ਵਿਵਾਦ 'ਚ ਸਰਕਾਰ ਨੇ ਦਖਲ ਦਿੱਤਾ ਹੈ। ਕੇਂਦਰ ਸਰਕਾਰ (Central government) ਨੇ ਪਲੇ ਸਟੋਰ (play store) ਤੋਂ ਗੂਗਲ (Google) ਦੇ ਕੁਝ ਐਪਸ ਨੂੰ ਹਟਾਉਣ 'ਤੇ ਸਖਤ ਰੁਖ ਅਪਣਾਇਆ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ (Union Minister Ashwini Vaishnav) ਨੇ ਕਿਹਾ ਕਿ ਐਪ ਨੂੰ ਹਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਇਨਫੋ ਐਜ (ਇੰਡੀਆ) ਨੇ ਕਿਹਾ ਸੀ ਕਿ ਉਸ ਦੀ ਮੋਬਾਈਲ ਐਪ ਨੂੰ ਗੂਗਲ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ Naukri.com, 99 acres.com ਅਤੇ Shiksha.com ਦੀਆਂ ਐਪਸ ਸ਼ਾਮਲ ਹਨ।


ਅਗਲੇ ਹਫਤੇ ਸੱਦੀ ਬੈਠਕ 


ਦਰਅਸਲ, ਗੂਗਲ ਨੇ ਸਰਵਿਸ ਚਾਰਜ ਦੇ ਭੁਗਤਾਨ ਨੂੰ ਲੈ ਕੇ ਵਿਵਾਦ ਦੇ ਕਾਰਨ ਭਾਰਤ ਵਿੱਚ ਆਪਣੇ ਪਲੇ ਸਟੋਰ ਤੋਂ ਹੋਰ ਐਪਸ ਸਮੇਤ ਕੁਝ ਪ੍ਰਸਿੱਧ ਐਪਸ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਸੀ। ਗੂਗਲ ਨੇ ਕਿਹਾ ਸੀ ਕਿ ਕਈ ਮਸ਼ਹੂਰ ਫਰਮਾਂ ਸਮੇਤ ਦੇਸ਼ ਦੀਆਂ 10 ਕੰਪਨੀਆਂ ਨੇ ਪਲੇ ਸਟੋਰ ਤੋਂ ਮੁਨਾਫਾ ਕਮਾਉਣ ਦੇ ਬਾਵਜੂਦ ਫੀਸ ਦਾ ਭੁਗਤਾਨ ਨਹੀਂ ਕੀਤਾ ਹੈ। ਸਰਕਾਰ ਨੇ ਗੂਗਲ ਅਤੇ ਪਲੇ ਸਟੋਰ ਤੋਂ ਹਟਾਏ ਗਏ ਐਪਸ ਵਿਚਾਲੇ ਵਿਵਾਦ ਨੂੰ ਸੁਲਝਾਉਣ ਲਈ ਅਗਲੇ ਹਫਤੇ ਬੈਠਕ ਸੱਦੀ ਗਈ ਹੈ। 


ਗੂਗਲ ਨੇ ਕੁਝ ਕੰਪਨੀਆਂ ਦੇ ਐਪਸ ਨੂੰ ਦਿੱਤਾ ਹਟਾ 


ਇਨਫੋ ਐਜ (ਇੰਡੀਆ) ਲਿਮਿਟੇਡ ਨੇ ਸਟਾਕ ਮਾਰਕੀਟ ਨੂੰ ਦੱਸਿਆ, "ਗੂਗਲ ਨੇ ਗੂਗਲ ਪਲੇ ਸਟੋਰ ਤੋਂ ਕੰਪਨੀ ਦੀਆਂ ਮੋਬਾਈਲ ਐਪਲੀਕੇਸ਼ਨਾਂ (Naukri.com, Naukri Recruiter, Naukrigulf Job Search App, 99acres.com) ਨੂੰ ਹਟਾ ਦਿੱਤਾ ਹੈ।" ਇਨਫੋ ਐਜ ਨੇ ਦੱਸਿਆ ਕਿ ਕੁਝ ਹੋਰ ਕੰਪਨੀਆਂ ਦੇ ਐਪਸ ਨੂੰ ਵੀ ਹਟਾ ਦਿੱਤਾ ਗਿਆ ਹੈ। ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਕੰਪਨੀ ਲਈ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਗੂਗਲ ਨੇ ਬਿਨਾਂ ਸਹੀ ਨੋਟਿਸ ਦਿੱਤੇ ਅਜਿਹਾ ਕੀਤਾ ਸੀ।


ਇਨਫੋ ਐਜ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਉਪਭੋਗਤਾਵਾਂ ਨੇ ਪਹਿਲਾਂ ਹੀ ਆਪਣੇ ਮੋਬਾਈਲ ਡਿਵਾਈਸਿਸ 'ਤੇ ਇਸ ਦੀਆਂ ਮੋਬਾਈਲ ਐਪਾਂ ਨੂੰ ਡਾਊਨਲੋਡ ਕੀਤਾ ਹੋਇਆ ਹੈ, ਉਹ ਇਨ੍ਹਾਂ ਦੀ ਵਰਤੋਂ ਜਾਰੀ ਰੱਖ ਸਕਦੇ ਹਨ। ਇਸ ਤੋਂ ਇਲਾਵਾ ਹੋਰ ਪਲੇਟਫਾਰਮਾਂ (ਜਿਵੇਂ ਕਿ ਐਪਲ ਐਪ ਸਟੋਰ) ਰਾਹੀਂ ਐਪ ਦੀ ਵਰਤੋਂ ਕਰਨ 'ਚ ਕੋਈ ਸਮੱਸਿਆ ਨਹੀਂ ਹੋਵੇਗੀ। ਇਨਫੋ ਐਜ ਨੇ ਕਿਹਾ ਕਿ ਉਹ ਇਸ ਸਬੰਧ ਵਿਚ ਗੂਗਲ ਨਾਲ ਕੰਮ ਕਰ ਰਿਹਾ ਹੈ, ਤਾਂ ਜੋ ਕੰਪਨੀ ਦੀ ਮੋਬਾਈਲ ਐਪ ਨੂੰ ਜਲਦੀ ਤੋਂ ਜਲਦੀ ਗੂਗਲ ਪਲੇ ਸਟੋਰ 'ਤੇ ਰੀਸਟੋਰ ਕੀਤਾ ਜਾ ਸਕੇ।