ਦੇਸ਼ ‘ਚ GST 2.0 22 ਸਤੰਬਰ ਯਾਨੀਕਿ ਅੱਜ ਤੋਂ ਲਾਗੂ ਹੋ ਗਿਆ ਹੈ। ਨਵਰਾਤਰੀ ਦੇ ਪਹਿਲੇ ਦਿਨ ਇਸਨੂੰ ਲਾਗੂ ਕਰਕੇ ਸਰਕਾਰ ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਜਿਵੇਂ ਕਿ ਦੁੱਧ, ਬ੍ਰੈੱਡ, ਪਨੀਰ, ਮੱਖਣ, ਆਟਾ, ਦਾਲ, ਤੇਲ, ਸਾਬਣ, ਸ਼ੈਂਪੂ ਅਤੇ ਬੱਚਿਆਂ ਦੀ ਪੜ੍ਹਾਈ ਵਾਲੇ ਸਮਾਨ ‘ਤੇ ਟੈਕਸ ਘੱਟ ਜਾਂ ਜ਼ੀਰੋ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਨੂੰ “ਬਚਤ ਉਤਸਵ” ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਗਰੀਬ ਅਤੇ ਮੱਧ ਵਰਗ ਦੋਹਾਂ ਦੇ ਪੈਸੇ ਬਚਣਗੇ।

 

ਡੇਅਰੀ ਪ੍ਰੋਡਕਟਸ ‘ਚ ਬੱਚਤ

  • UHT ਦੁੱਧ ਹੁਣ 5% ਤੋਂ ਘਟਾ ਕੇ ਜ਼ੀਰੋ GST ‘ਚ ਆ ਗਿਆ ਹੈ। 1 ਲੀਟਰ ਪੈਕ ਦੀ ਕੀਮਤ 77 ਰੁਪਏ ਤੋਂ ਘਟ ਕੇ 75 ਰੁਪਏ ਹੋ ਗਈ।
  • ਪਨੀਰ ‘ਤੇ 12% GST ਹਟਾ ਕੇ ਜ਼ੀਰੋ ਕਰ ਦਿੱਤਾ ਗਿਆ ਹੈ। 200 ਗ੍ਰਾਮ ਪਨੀਰ ਹੁਣ 90 ਰੁਪਏ ਦੀ ਬਜਾਏ 80 ਰੁਪਏ ‘ਚ ਮਿਲੇਗਾ।
  • ਮੱਖਣ 500 ਗ੍ਰਾਮ ਦਾ ਪੈਕ 305 ਰੁਪਏ ਤੋਂ ਘਟਾ ਕੇ 285 ਰੁਪਏ ‘ਚ ਮਿਲੇਗਾ।
  • ਘੀ ‘ਤੇ GST 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਅਮੂਲ ਦਾ 1 ਲੀਟਰ ਘੀ ਹੁਣ 650 ਰੁਪਏ ਦੀ ਥਾਂ 610 ਰੁਪਏ ‘ਚ ਉਪਲਬਧ ਹੈ।

ਫੂਡ ਅਤੇ ਸਨੈਕਸ ਵਿੱਚ ਰਾਹਤ

ਬ੍ਰੇਡ ਤੇ ਪਿਜ਼ਜ਼ਾ 5% ਤੋਂ ਘਟਾ ਕੇ ਜ਼ੀਰੋ GST ਵਿੱਚ ਆ ਗਏ ਹਨ। ਬ੍ਰੇਡ ਦਾ ਪੈਕ ਹੁਣ 20 ਰੁਪਏ ਦੀ ਥਾਂ 19 ਰੁਪਏ ‘ਚ ਮਿਲੇਗਾ।

ਪਾਸਤਾ, ਨੂਡਲਜ਼, ਕੌਰਨ ਫਲੇਕਸ ‘ਤੇ ਟੈਕਸ 12-18% ਸਲੈਬ ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ।

ਬਿਸਕੁਟ ਅਤੇ ਨਮਕੀਨ ‘ਤੇ ਵੀ ਟੈਕਸ 12-18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ।

ਟਾਇਲਟ ਅਤੇ ਪਰਸਨਲ ਕੇਅਰ ਪ੍ਰੋਡਕਟਸ

ਤੇਲ, ਸ਼ੈਂਪੂ, ਸਾਬਣ ‘ਤੇ 18% GST ਘਟਾ ਕੇ 5% ਕਰ ਦਿੱਤਾ ਗਿਆ ਹੈ। ਹੁਣ 100 ਰੁਪਏ ਦਾ ਸ਼ੈਂਪੂ ਪੈਕ 118 ਰੁਪਏ ਦੀ ਬਜਾਇ 105 ਰੁਪਏ ‘ਚ ਮਿਲੇਗਾ।

ਮਿੱਠਾਈਆਂ ਅਤੇ ਚਾਕਲੇਟ

ਚਾਕਲੇਟ ਅਤੇ ਮਿੱਠਾਈਆਂ ਵੀ ਸਸਤੀ ਹੋ ਗਈਆਂ ਹਨ। 50 ਰੁਪਏ ਦੀ ਚਾਕਲੇਟ ਹੁਣ 44 ਰੁਪਏ ਵਿੱਚ ਮਿਲੇਗੀ।

400 ਰੁਪਏ ਪ੍ਰਤੀ ਕਿੱਲੋ ਦੇ ਲੱਡੂ ‘ਤੇ ਲੱਗਣ ਵਾਲਾ ਟੈਕਸ 72 ਰੁਪਏ ਦੀ ਥਾਂ ਸਿਰਫ 20 ਰੁਪਏ ਹੋਵੇਗਾ।

ਬੱਚਿਆਂ ਦੀ ਪੜ੍ਹਾਈ ਦੇ ਸਾਮਾਨ

ਨੋਟਬੁੱਕ, ਪੈਨਸਿਲ, ਰੱਬਰ, ਗਲੋਬ, ਪ੍ਰੈਕਟਿਸ ਬੁੱਕ, ਗ੍ਰਾਫ ਬੁੱਕ ਅਤੇ ਪ੍ਰਯੋਗਸ਼ਾਲਾ ਨੋਟਬੁੱਕ ਨੂੰ GST ਮੁਕਤ ਕਰ ਦਿੱਤਾ ਗਿਆ ਹੈ।

ਇਸ ਸੁਧਾਰ ਨਾਲ ਹੁਣ ਲਗਭਗ 99% ਰੋਜ਼ਾਨਾ ਵਰਤੇ ਜਾਣ ਵਾਲੇ ਸਾਮਾਨ ਦੀਆਂ ਕੀਮਤਾਂ ਘਟ ਗਈਆਂ ਹਨ।

ਸਰਕਾਰ ਦਾ ਮਕਸਦ ਇਹ ਹੈ ਕਿ ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ਦੀ ਜੇਬ ‘ਤੇ ਭਾਰ ਘਟੇ ਅਤੇ ਲੋਕ ਰੋਜ਼ਾਨਾ ਵਰਤੇ ਜਾਣ ਵਾਲੀਆਂ ਚੀਜ਼ਾਂ ‘ਤੇ ਆਸਾਨੀ ਨਾਲ ਬੱਚਤ ਕਰ ਸਕਣ।