How much amount keep in saving account: ਅੱਜ ਦੇ ਯੁੱਗ ਵਿੱਚ ਅਮੀਰ ਜਾਂ ਗਰੀਬ ਹਰ ਵਿਅਕਤੀ ਲਈ ਬੈਂਕ ਖਾਤਾ ਖੁੱਲ੍ਹਵਾਉਣਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਤਨਖ਼ਾਹ ਤੋਂ ਲੈ ਕੇ ਮਜ਼ਦੂਰੀ ਤੇ ਹੋਰ ਸਰਕਾਰੀ ਸਕੀਮਾਂ ਦਾ ਪੈਸਾ ਸਿੱਧਾ ਖਾਤਿਆਂ ਵਿੱਚ ਆਉਂਦਾ ਹੈ। ਬੈਂਕਾਂ ਵਿੱਚ ਖਾਤਾ ਖੋਲ੍ਹਣ ਲਈ ਬਹੁਤ ਸਾਰੇ ਵਿਕਲਪ ਉਪਲਬਧ ਹਨ ਜਿਵੇਂ ਕਿ ਬਚਤ, ਚਾਲੂ ਤੇ ਤਨਖਾਹ ਖਾਤੇ। ਹਾਲਾਂਕਿ, ਦੇਸ਼ ਵਿੱਚ ਜ਼ਿਆਦਾਤਰ ਲੋਕਾਂ ਕੋਲ ਬਚਤ ਖਾਤੇ ਹਨ।


 
ਇਸ ਲਈ ਦੇਸ਼ 'ਚ ਜ਼ਿਆਦਾਤਰ ਲੈਣ-ਦੇਣ ਬਚਤ ਖਾਤਿਆਂ ਨਾਲ ਹੀ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬਚਤ ਖਾਤੇ 'ਚ ਕਿੰਨਾ ਪੈਸਾ ਰੱਖਣਾ ਚਾਹੀਦਾ ਹੈ? ਵੈਸੇ, ਬਚਤ ਖਾਤੇ ਵਿੱਚ ਪੈਸੇ ਰੱਖਣ ਦੀ ਕੋਈ ਸੀਮਾ ਨਹੀਂ ਪਰ, ਜੇਕਰ ਬਚਤ ਖਾਤੇ ਵਿੱਚ ਜਮ੍ਹਾ ਪੈਸਾ ਇਨਕਮ ਟੈਕਸ ਦੇ ਦਾਇਰੇ ਵਿੱਚ ਆਉਂਦਾ ਹੈ, ਤਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣੀ ਪਵੇਗੀ।


 
ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਦੇ ਮੁਤਾਬਕ ਕਿਸੇ ਵੀ ਬੈਂਕ ਖਾਤੇ 'ਚ ਇੱਕ ਵਿੱਤੀ ਸਾਲ 'ਚ 10 ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਦੀ ਜਾਣਕਾਰੀ ਦੇਣਾ ਲਾਜ਼ਮੀ ਹੈ। ਇਹ ਸੀਮਾ FD, ਮਿਉਚੁਅਲ ਫੰਡ, ਬਾਂਡ ਤੇ ਸ਼ੇਅਰਾਂ ਵਿੱਚ ਨਿਵੇਸ਼ਾਂ 'ਤੇ ਵੀ ਲਾਗੂ ਹੁੰਦੀ ਹੈ। 
 
ਇਸ ਦੇ ਨਾਲ ਹੀ ਬਚਤ ਖਾਤੇ 'ਤੇ ਮਿਲਣ ਵਾਲੇ ਵਿਆਜ 'ਤੇ ਵੀ ਟੈਕਸ ਦੇਣਾ ਪੈਂਦਾ ਹੈ ਪਰ ਇਸ ਨਾਲ ਜੁੜੇ ਕੁਝ ਨਿਯਮ ਹਨ। ਇਨਕਮ ਟੈਕਸ ਐਕਟ ਸੈਕਸ਼ਨ 80TTA ਤਹਿਤ, ਆਮ ਲੋਕਾਂ ਦੇ ਬਚਤ ਖਾਤੇ 'ਤੇ ਇੱਕ ਵਿੱਤੀ ਸਾਲ ਵਿੱਚ ਕਮਾਏ ਗਏ 10,000 ਰੁਪਏ ਤੱਕ ਦੇ ਵਿਆਜ 'ਤੇ ਕੋਈ ਟੈਕਸ ਨਹੀਂ ਲਾਇਆ ਜਾਂਦਾ ਹੈ। ਜੇਕਰ ਵਿਆਜ ਦੀ ਰਕਮ ਇਸ ਤੋਂ ਵੱਧ ਹੈ, ਤਾਂ ਟੈਕਸ ਦੇਣਾ ਪਵੇਗਾ। ਹਾਲਾਂਕਿ ਸੀਨੀਅਰ ਨਾਗਰਿਕਾਂ ਲਈ ਇਹ ਸੀਮਾ 50,000 ਰੁਪਏ ਤੱਕ ਹੈ।


 
ਇੰਨਾ ਹੀ ਨਹੀਂ, ਬਚਤ ਖਾਤੇ ਤੋਂ ਪ੍ਰਾਪਤ ਕੀਤੀ ਵਿਆਜ ਨੂੰ ਹੋਰ ਸਰੋਤਾਂ ਤੋਂ ਤੁਹਾਡੀ ਆਮਦਨ ਵਿੱਚ ਜੋੜਿਆ ਜਾਂਦਾ ਹੈ ਤੇ ਫਿਰ ਤੁਹਾਨੂੰ ਸਬੰਧਤ ਟੈਕਸ ਬਰੈਕਟ ਅਨੁਸਾਰ ਕੁੱਲ ਆਮਦਨ 'ਤੇ ਟੈਕਸ ਅਦਾ ਕਰਨਾ ਪੈਂਦਾ ਹੈ।


 
ਦੱਸ ਦੇਈਏ ਕਿ ਦੇਸ਼ ਦੇ ਪ੍ਰਮੁੱਖ ਸਰਕਾਰੀ ਤੇ ਨਿੱਜੀ ਬੈਂਕ ਬਚਤ ਖਾਤੇ 'ਤੇ 2.70 ਫੀਸਦੀ ਤੋਂ ਲੈ ਕੇ 4 ਫੀਸਦੀ ਤੱਕ ਵਿਆਜ ਦੇ ਰਹੇ ਹਨ। 10 ਕਰੋੜ ਰੁਪਏ ਤੱਕ ਦੇ ਬਚਤ ਖਾਤੇ 'ਤੇ ਵਿਆਜ ਦਰ 2.70 ਫੀਸਦੀ ਹੈ ਤੇ 10 ਕਰੋੜ ਰੁਪਏ ਤੋਂ ਵੱਧ ਦੀ ਰਕਮ ਲਈ ਇਹ ਦਰ 3 ਫੀਸਦੀ ਹੈ। ਇਸ ਤੋਂ ਇਲਾਵਾ ਕਈ ਛੋਟੇ ਵਿੱਤ ਬੈਂਕ ਸ਼ਰਤਾਂ ਦੇ ਨਾਲ ਬਚਤ ਖਾਤੇ 'ਤੇ 7% ਤੱਕ ਵਿਆਜ ਦੇ ਰਹੇ ਹਨ।