Supreme Court : ਯੋਗ ਗੁਰੂ ਰਾਮਦੇਵ ਦੀ ਅਗਵਾਈ ਵਾਲੀ ਪਤੰਜਲੀ ਆਯੁਰਵੇਦ ਨੇ ਬੁੱਧਵਾਰ ਨੂੰ ਕਿਹਾ, ਉਹ ਆਪਣੇ ਉਤਪਾਦਾਂ ਦੇ ਸਬੰਧ ਵਿੱਚ ਕੋਈ ਵੀ "ਝੂਠਾ ਇਸ਼ਤਿਹਾਰ ਜਾਂ ਪ੍ਰਚਾਰ" ਨਹੀਂ ਕਰ ਰਹੀ ਹੈ। ਕੰਪਨੀ ਨੇ ਕਿਹਾ, ਜੇ ਉਸ ਦੇ ਦਾਅਵੇ ਗੁੰਮਰਾਹਕੁੰਨ ਸਾਬਤ ਹੁੰਦੇ ਹਨ ਤਾਂ ਸੁਪਰੀਮ ਕੋਰਟ ਜੁਰਮਾਨਾ ਲਵੇ ਜਾਂ ਮੌਤ ਦੀ ਸਜ਼ਾ ਵੀ ਦੇਵੇ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕੰਪਨੀ ਕਈ ਬਿਮਾਰੀਆਂ ਦੇ ਇਲਾਜ ਲਈ ਆਪਣੀਆਂ ਦਵਾਈਆਂ ਬਾਰੇ ਇਸ਼ਤਿਹਾਰਾਂ ਵਿੱਚ "ਝੂਠੇ" ਅਤੇ "ਗੁੰਮਰਾਹ" ਕਰਨ ਵਾਲੇ ਦਾਅਵੇ ਕਰ ਰਹੀ ਹੈ। ਅਦਾਲਤ ਨੇ ਇਸ ਸਬੰਧੀ ਕੰਪਨੀ ਨੂੰ ਚੇਤਾਵਨੀ ਦਿੱਤੀ ਸੀ।


ਇਸ ਦੇ ਜਵਾਬ ਵਿੱਚ, ਪਤੰਜਲੀ ਆਯੁਰਵੇਦ ਨੇ ਕਿਹਾ, ਇਸ ਕੋਲ "ਇੱਕ ਕਰੋੜ ਤੋਂ ਵੱਧ ਲੋਕਾਂ ਦਾ ਇੱਕ ਡੇਟਾਬੇਸ ਹੈ ਜਿਸ ਵਿੱਚ ਪ੍ਰੀ-ਕਲੀਨਿਕਲ ਅਤੇ ਕਲੀਨਿਕਲ ਸਬੂਤਾਂ ਦੇ ਅਧਾਰ ਤੇ ਅਸਲ-ਸੰਸਾਰ ਵਰਤੋਂ ਡੇਟਾ ਵੀ ਮੌਜੂਦ ਹੈ। ਕੰਪਨੀ ਨੇ ਦਾਅਵਾ ਕੀਤਾ, "ਪਤੰਜਲੀ ਨੇ ਹਜ਼ਾਰਾਂ ਲੋਕਾਂ ਨੂੰ ਬੀਪੀ, ਸ਼ੂਗਰ, ਥਾਇਰਾਇਡ, ਦਮਾ, ਗਠੀਆ, ਮੋਟਾਪਾ, ਜਿਗਰ ਅਤੇ ਗੁਰਦੇ ਫੇਲ੍ਹ ਹੋਣ ਅਤੇ ਕੈਂਸਰ ਵਰਗੀਆਂ ਕਈ ਬਿਮਾਰੀਆਂ ਤੋਂ ਮੁਕਤ ਕਰਵਾਇਆ ਹੈ।"


ਸਜ਼ਾ ਲਈ ਤਿਆਰ


ਸੁਪਰੀਮ ਕੋਰਟ ਦੇ ਬਿਆਨ ਬਾਰੇ ਕੰਪਨੀ ਨੇ ਅੱਗੇ ਕਿਹਾ, “ਅਸੀਂ ਭਾਰਤ ਦੀ ਸੁਪਰੀਮ ਕੋਰਟ ਦਾ ਸਤਿਕਾਰ ਕਰਦੇ ਹਾਂ ਅਤੇ ਜੇ ਅਸੀਂ ਝੂਠੇ ਇਸ਼ਤਿਹਾਰ ਜਾਂ ਪ੍ਰਚਾਰ ਕਰਦੇ ਹਾਂ, ਤਾਂ ਮਾਣਯੋਗ ਅਦਾਲਤ ਸਾਡੇ 'ਤੇ ਕਰੋੜਾਂ ਦਾ ਜੁਰਮਾਨਾ ਲਾ ਦਿੰਦੀ ਹੈ ਜਾਂ ਮੌਤ ਦੀ ਸਜ਼ਾ ਵੀ ਦੇ ਦੇਵੇ, ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਮੰਗਲਵਾਰ ਨੂੰ, ਜਸਟਿਸ ਅਹਿਸਾਨੁਦੀਨ ਅਮਾਨੁੱਲਾ ਅਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਜ਼ੁਬਾਨੀ ਤੌਰ 'ਤੇ ਕਿਹਾ, "ਪਤੰਜਲੀ ਆਯੁਰਵੇਦ ਦੇ ਅਜਿਹੇ ਸਾਰੇ ਝੂਠੇ ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। “ਅਦਾਲਤ ਅਜਿਹੀ ਕਿਸੇ ਵੀ ਉਲੰਘਣਾ ਵਿਰੁੱਧ ਬਹੁਤ ਗੰਭੀਰ ਕਾਰਵਾਈ ਕਰੇਗੀ।”


ਰਾਮਦੇਵ ਦਾ ਵੀ ਆਇਆ ਬਿਆਨ 


ਯੋਗ ਗੁਰੂ ਰਾਮਦੇਵ ਨੇ ਵੀ ਆਪਣੀ ਕੰਪਨੀ ਦਾ ਬਚਾਅ ਕੀਤਾ ਹੈ ਅਤੇ ਕਿਹਾ ਹੈ ਕਿ ਭੀੜ ਦੇ ਆਧਾਰ 'ਤੇ ਸੱਚਾਈ ਦਾ ਫੈਸਲਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ, ਝੂਠ ਦਾ ਪਰਦਾਫਾਸ਼ ਕੀਤਾ ਜਾਵੇ ਅਤੇ ਲੋਕਾਂ ਨੂੰ ਬੀਮਾਰੀਆਂ ਦੇ ਨਾਂ 'ਤੇ ਡਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ਉਹ ਪੂਰੀ ਖੋਜ ਅਤੇ ਅੰਕੜਿਆਂ ਨਾਲ ਅਦਾਲਤ ਵਿੱਚ ਪੇਸ਼ ਹੋਣ ਦਾ ਮੌਕਾ ਦੇਣ ਲਈ ਅਦਾਲਤ ਤੋਂ ਇਜਾਜ਼ਤ ਲੈਣਗੇ। ਦੱਸ ਦਈਏ ਕਿ 23 ਅਗਸਤ 2022 ਨੂੰ ਸੁਪਰੀਮ ਕੋਰਟ ਨੇ ਆਈਐਮਏ ਦੀ ਪਟੀਸ਼ਨ 'ਤੇ ਕੇਂਦਰੀ ਸਿਹਤ ਮੰਤਰਾਲੇ ਅਤੇ ਆਯੁਸ਼ ਮੰਤਰਾਲੇ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਰਾਮਦੇਵ ਟੀਕਾਕਰਨ ਮੁਹਿੰਮ ਅਤੇ ਆਧੁਨਿਕ ਦਵਾਈਆਂ ਵਿਰੁੱਧ ਮੁਹਿੰਮ ਚਲਾ ਰਹੇ ਹਨ।