ਕੇਂਦਰੀ ਪ੍ਰਤੱਖ ਕਰ ਬੋਰਡ (CBDT) ਨੇ ਵਿੱਤੀ ਸਾਲ 2025-26 ਲਈ ਆਮਦਨ ਕਰ ਰਿਟਰਨ (ITR) ਦਾਖਲ ਕਰਨ ਦੀ ਆਖਰੀ ਮਿਤੀ ਵਿੱਚ ਵਾਧਾ ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਹੈ। ਪਹਿਲਾਂ ਇਹ ਆਖਰੀ ਮਿਤੀ 31 ਜੁਲਾਈ, 2025 ਸੀ, ਜਿਸ ਨੂੰ ਬਾਅਦ ਵਿੱਚ ਵਧਾ ਕੇ 15 ਸਤੰਬਰ, 2025 ਕਰ ਦਿੱਤਾ ਗਿਆ ਸੀ। ਹੁਣ, CBDT ਨੇ ਇੱਕ ਹੋਰ ਦਿਨ ਦੀ ਰਾਹਤ ਦਿੰਦਿਆਂ, ਨਿਰਧਾਰਨ ਸਾਲ 2025-26 ਲਈ ITR ਦਾਖਲ ਕਰਨ ਦੀ ਆਖਰੀ ਮਿਤੀ ਨੂੰ 15 ਸਤੰਬਰ, 2025 ਤੋਂ ਵਧਾ ਕੇ 16 ਸਤੰਬਰ, 2025 ਕਰ ਦਿੱਤਾ ਹੈ।
ਇਸ ਫੈਸਲੇ ਦਾ ਮੁੱਖ ਮਕਸਦ ਕਰਦਾਤਾਵਾਂ ਨੂੰ ਆਪਣੀਆਂ ਰਿਟਰਨਾਂ ਨੂੰ ਸਮੇਂ ਸਿਰ ਅਤੇ ਬਿਨਾਂ ਕਿਸੇ ਤਣਾਅ ਦੇ ਦਾਖਲ ਕਰਨ ਲਈ ਵਧੇਰੇ ਸਮਾਂ ਪ੍ਰਦਾਨ ਕਰਨਾ ਹੈ। CBDT ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਵਾਧਾ ਕਰਦਾਤਾਵਾਂ ਦੀ ਸਹੂਲਤ ਅਤੇ ਤਕਨੀਕੀ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ, ਤਾਂ ਜੋ ਵਧੇਰੇ ਤੋਂ ਵਧੇਰੇ ਲੋਕ ਸਹੀ ਅਤੇ ਪੂਰਨ ਰੂਪ ਵਿੱਚ ਆਪਣੀਆਂ ਰਿਟਰਨਾਂ ਦਾਖਲ ਕਰ ਸਕਣ। ਇਸ ਦੇ ਨਾਲ ਹੀ, ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਕਰਦਾਤਾ ਆਖਰੀ ਮਿੰਟ ਦੀ ਭੀੜ-ਭੜੱਕੇ ਤੋਂ ਬਚਣ ਲਈ ਜਲਦੀ ਤੋਂ ਜਲਦੀ ਆਪਣੀਆਂ ITR ਦਾਖਲ ਕਰਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅੜਚਣ ਜਾਂ ਜੁਰਮਾਨੇ ਤੋਂ ਬਚਿਆ ਜਾ ਸਕੇ। ਇਸ ਫੈਸਲੇ ਨਾਲ ਵਿੱਤੀ ਸਾਲ 2025-26 ਦੇ ਕਰਦਾਤਾਵਾਂ ਨੂੰ ਆਪਣੇ ਕਰ ਸਬੰਧੀ ਦਸਤਾਵੇਜ਼ਾਂ ਨੂੰ ਸਹੀ ਢੰਗ ਨਾਲ ਤਿਆਰ ਕਰਨ ਅਤੇ ਜਮ੍ਹਾਂ ਕਰਨ ਲਈ ਥੋੜ੍ਹਾ ਵਧੇਰੇ ਸਮਾਂ ਮਿਲੇਗਾ, ਜੋ ਕਿ ਖਾਸ ਤੌਰ 'ਤੇ ਉਨ੍ਹਾਂ ਲਈ ਲਾਭਕਾਰੀ ਹੋਵੇਗਾ ਜਿਨ੍ਹਾਂ ਨੂੰ ਆਪਣੇ ਵਿੱਤੀ ਰਿਕਾਰਡਾਂ ਨੂੰ ਸੰਭਾਲਣ ਵਿੱਚ ਵਧੇਰੇ ਸਮੇਂ ਦੀ ਲੋੜ ਹੁੰਦੀ ਹੈ।
ਇੱਕ ਹੋਰ ਪੋਸਟ ਵਿੱਚ ਦੱਸਿਆ ਗਿਆ ਹੈ ਕਿ ਸੋਮਵਾਰ ਤੱਕ 7.3 ਕਰੋੜ ਤੋਂ ਵੱਧ ਆਮਦਨੀ ਕਰ ਰਿਟਰਨ (ITR) ਦਾਖਲ ਕੀਤੇ ਗਏ ਹਨ, ਜੋ ਕਿ ਇੱਕ ਨਵਾਂ ਰਿਕਾਰਡ ਹੈ।ਪੋਸਟ ਵਿੱਚ ਲਿਖਿਆ ਹੈ ਕਿ 15 ਸਤੰਬਰ 2025 ਤੱਕ ਰਿਕਾਰਡ 7.3 ਕਰੋੜ ਤੋਂ ਵੱਧ ITR ਫਾਈਲ ਹੋ ਚੁੱਕੇ ਹਨ, ਜੋ ਪਿਛਲੇ ਸਾਲ ਦੇ 7.28 ਕਰੋੜ ਤੋਂ ਵੱਧ ਹਨ। ਅਸੀਂ ਸਮੇਂ ਸਿਰ ਕੰਪਲਾਇਅੰਸ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ITR ਭਰਨ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ ਲਈ ਅੰਤਿਮ ਮਿਤੀ ਇੱਕ ਦਿਨ ਵਧਾ ਕੇ 16 ਸਤੰਬਰ 2025 ਕਰ ਦਿੱਤੀ ਗਈ ਹੈ।
ਇਸਦੇ ਨਾਲ ਹੀ ਆਮਦਨੀ ਕਰ ਵਿਭਾਗ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੇਕਰ ਤੁਹਾਨੂੰ ਵੈੱਬਸਾਈਟ ਖੋਲ੍ਹਣ ਵਿੱਚ ਸਮੱਸਿਆ ਆ ਰਹੀ ਹੈ ਤਾਂ ਕੀ ਕਰਨਾ ਚਾਹੀਦਾ ਹੈ।ਉਨ੍ਹਾਂ ਦੀ ਪੋਸਟ ਵਿੱਚ ਹਰ ਕਦਮ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸਨੂੰ ਤੁਸੀਂ ਹੇਠਾਂ ਦਿੱਤੇ ਪੋਸਟ ਵਿੱਚ ਦੇਖ ਸਕਦੇ ਹੋ।
ਕਿੰਨਾ ਲੱਗ ਸਕਦਾ ਜੁਰਮਾਨਾ?
ਜੇ ਤੁਸੀਂ ਆਮਦਨੀ ਕਰ ਰਿਟਰਨ (ITR) ਨਿਰਧਾਰਤ ਮਿਤੀ ਤੱਕ ਨਹੀਂ ਭਰਦੇ, ਤਾਂ ਆਮਦਨੀ ਕਰ ਕਾਨੂੰਨ 1961 ਦੀ ਧਾਰਾ 234F ਅਧੀਨ ਲੇਟ ਫੀਸ ਦੇਣੀ ਪਵੇਗੀ।ਲਗਭਗ 5,000 ਰੁਪਏ ਤੱਕ ਜੁਰਮਾਨਾ ਲੱਗ ਸਕਦਾ ਹੈ। ਇਹ ਜੁਰਮਾਨਾ ਤੁਹਾਡੀ ਆਮਦਨੀ ਦੇ ਅਨੁਸਾਰ ਵੀ ਹੋ ਸਕਦਾ ਹੈ।ਭਾਵੇਂ ਤੁਹਾਡੀ ਕੋਈ ਟੈਕਸ ਲਾਇਬਿਲਟੀ ਨਹੀਂ ਹੈ ਜਾਂ ਤੁਸੀਂ ਜੀਰੋ ITR ਫਾਈਲ ਕਰ ਰਹੇ ਹੋ, ਫਿਰ ਵੀ ਇੰਨਾ ਹੀ ਜੁਰਮਾਨਾ ਦੇਣਾ ਪੈ ਸਕਦਾ ਹੈ।