ਇੰਡਸਇੰਡ ਬੈਂਕ ਨੇ ਹਾਲ ਹੀ ਵਿੱਚ ਆਪਣੇ ਮਾਈਕਰੋਫਾਇਨੈਂਸ ਓਪਰੇਸ਼ਨਾਂ ਵਿੱਚ ਇੱਕ ਵੱਡੇ ਅੰਦਰੂਨੀ ਧੋਖਾਧੜੀ ਦੇ ਮਾਮਲੇ ਦਾ ਖੁਲਾਸਾ ਕੀਤਾ ਹੈ। ਬੈਂਕ ਦੇ ਅਨੁਸਾਰ, ₹172.58 ਕਰੋੜ ਦੀ ਰਕਮ ਨੂੰ ਗਲਤ ਢੰਗ ਨਾਲ “ਫੀਸ ਇਨਕਮ” ਵਜੋਂ ਦਰਸਾਇਆ ਗਿਆ ਸੀ, ਜੋ ਕਿ ਆਰਥਿਕ ਵਰ੍ਹਾ 2024-25 ਦੀ ਤਿੰਨ ਤਿਮਾਹੀਆਂ ਦੌਰਾਨ ਦਰਜ ਕੀਤੀ ਗਈ। ਇਹ ਧੋਖਾਧੜੀ ਤਦ ਸਾਹਮਣੇ ਆਈ, ਜਦੋਂ ਬੈਂਕ ਦੀ ਅੰਦਰੂਨੀ ਆਡਿਟ ਟੀਮ (IAD) ਨੇ ਇਕ ਬਾਹਰੀ ਪੇਸ਼ੇਵਰ ਏਜੰਸੀ ਦੇ ਨਾਲ ਮਿਲ ਕੇ ਜਾਂਚ ਕੀਤੀ।
ਤਿੰਨ ਤਿਮਾਹੀਆਂ ਤੱਕ ਚੱਲਦੀ ਰਹੀ ਗੜਬੜ
ਬੈਂਕ ਨੇ ਐਕਸਚੇਂਜ ਫਾਇਲਿੰਗ ਵਿੱਚ ਦੱਸਿਆ ਕਿ IAD ਨੇ ਆਪਣੀ ਰਿਪੋਰਟ 20 ਮਈ 2025 ਨੂੰ ਸੌਂਪੀ, ਜਿਸ ਵਿੱਚ ਇਹ ਸਾਹਮਣੇ ਆਇਆ ਕਿ 31 ਦਸੰਬਰ 2024 ਤੱਕ ਦੀਆਂ ਤਿੰਨ ਤਿਮਾਹੀਆਂ ਦੌਰਾਨ ₹172.58 ਕਰੋੜ ਦੀ ਰਕਮ ਨੂੰ ਗਲਤ ਢੰਗ ਨਾਲ "ਫੀਸ ਇਨਕਮ" ਵਜੋਂ ਦਰਸਾਇਆ ਗਿਆ। ਇਹ ਰਕਮ ਆਰਥਿਕ ਵਰ੍ਹਾ 2024-25 ਦੀ ਚੌਥੀ ਤਿਮਾਹੀ ਵਿੱਚ ਵਾਪਸ ਕਰ ਦਿੱਤੀ ਗਈ।
18 ਸਾਲਾਂ ਵਿੱਚ ਪਹਿਲੀ ਵਾਰ IndusInd ਨੂੰ ਤਿਮਾਹੀ ਘਾਟਾ
ਇਨਾ ਹੀ ਨਹੀਂ, ਬੈਂਕ ਨੇ ਇਹ ਵੀ ਦੱਸਿਆ ਕਿ ਇਸ ਘੋਟਾਲੇ ਦੇ ਕਾਰਨ ਉਸਨੂੰ 18 ਸਾਲਾਂ ਵਿੱਚ ਪਹਿਲੀ ਵਾਰ ਤਿਮਾਹੀ ਘਾਟੇ ਦਾ ਸਾਹਮਣਾ ਕਰਨਾ ਪਿਆ। ਬੈਂਕ ਨੂੰ ਸ਼ੱਕ ਹੈ ਕਿ ਇਸ ਧੋਖਾਧੜੀ ਵਿੱਚ ਕੁਝ ਕਰਮਚਾਰੀਆਂ ਦੀ ਸਿੱਧੀ ਭਾਗੀਦਾਰੀ ਹੈ, ਜਿਨ੍ਹਾਂ ਜਾਣਬੁੱਝ ਕੇ ਅਕਾਊਂਟਿੰਗ ਵਿੱਚ ਗੜਬੜ ਕੀਤੀ।
ਪਹਿਲਾਂ ਵੀ ਡੇਰੀਵੇਟਿਵ ਪੋਰਟਫੋਲਿਓ ਵਿੱਚ ਘੋਟਾਲਾ ਸਾਹਮਣੇ ਆ ਚੁੱਕਾ ਹੈ
ਮਾਰਚ 2025 ਵਿੱਚ ਵੀ ਇੰਡਸਇੰਡ ਬੈਂਕ ਨੇ ਆਪਣੇ ਡੇਰੀਵੇਟਿਵ ਪੋਰਟਫੋਲਿਓ ਵਿੱਚ ਅਕਾਊਂਟਿੰਗ ਦੀਆਂ ਗਲਤੀਆਂ ਨੂੰ ਸਵੀਕਾਰਿਆ ਸੀ। ਉਸ ਵੇਲੇ ਇਹ ਪ੍ਰਭਾਵ ਬੈਂਕ ਦੀ ਨੈੱਟ ਵਰਥ 'ਤੇ 2.35 ਫੀਸਦੀ ਤੱਕ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਬੈਂਕ ਨੇ PricewaterhouseCoopers (PwC) ਨੂੰ ਨਿਯੁਕਤ ਕੀਤਾ ਤਾਂ ਜੋ ਇਹ ਗੜਬੜੀਆਂ ਦੀ ਗਹਿਰਾਈ ਨਾਲ ਜਾਂਚ ਕਰ ਸਕਣ। PwC ਦੀ ਰਿਪੋਰਟ ਮੁਤਾਬਕ, 30 ਜੂਨ 2024 ਤੱਕ ਇਹ ਗੜਬੜੀਆਂ ਦਾ ਕੁੱਲ ਪ੍ਰਭਾਵ 1,979 ਕਰੋੜ ਰੁਪਏ ਦਾ ਸੀ।
CEO ਅਤੇ ਡਿਪਟੀ CEO ਨੇ ਦਿੱਤਾ ਅਸਤੀਫਾ
ਇਸ ਵਿੱਤੀ ਸੰਕਟ ਤੋਂ ਬਾਅਦ, 29 ਅਪ੍ਰੈਲ ਨੂੰ ਬੈਂਕ ਦੇ CEO ਸੁਮੰਤ ਕਥਪਾਲੀਆ ਅਤੇ ਡਿਪਟੀ CEO ਅਰੁਣ ਖੁਰਾਨਾ ਨੇ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਬੈਂਕ ਬੋਰਡ ਨੇ ਇਕ ਐਗਜ਼ੀਕਿਊਟਿਵ ਕਮੇਟੀ ਦਾ ਗਠਨ ਕੀਤਾ ਹੈ ਜੋ ਤਦ ਤੱਕ ਬੈਂਕ ਦੇ ਓਪਰੇਸ਼ਨਸ ਸੰਭਾਲੇਗੀ ਜਦ ਤੱਕ ਨਵਾਂ MD & CEO ਆਪਣੇ ਅਹੁਦੇ ਦਾ ਕਾਰਜ ਸੰਭਾਲ ਨਹੀਂ ਲੈਂਦਾ।
595 ਕਰੋੜ ਦੀ ‘ਅਣਸਬਸਟੀਨਸ਼ੀਏਟਿਡ ਬੈਲੈਂਸ’ ਅਤੇ 674 ਕਰੋੜ ਦਾ ਬਿਆਜ ਦਾ ਘੋਟਾਲਾ
ਅੰਦਰੂਨੀ ਆਡਿਟ ਟੀਮ ਨੇ ਸਿਰਫ ਫੀਸ ਇਨਕਮ ਹੀ ਨਹੀਂ, ਸਗੋਂ 595 ਕਰੋੜ ਦੀ ਸ਼ੱਕੀ ਰਕਮ “ਹੋਰ ਸੰਪੱਤੀਆਂ (Other Assets)” ਵਿੱਚ ਵੀ ਪਾਈ ਹੈ, ਜਿਸਦਾ ਕੋਈ ਠੋਸ ਹਿਸਾਬ ਨਹੀਂ ਹੈ। ਇਹ ਹੀ ਨਹੀਂ, ਬੈਂਕ ਦੇ ਮਾਈਕਰੋਫਾਇਨੈਂਸ ਪੋਰਟਫੋਲਿਓ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ 674 ਕਰੋੜ ਦਾ ਬਿਆਜ ਵੀ ਗਲਤ ਢੰਗ ਨਾਲ ਤਿੰਨ ਤਿਮਾਹੀਆਂ ਵਿੱਚ ਦਰਜ ਕੀਤਾ ਗਿਆ।