ITR Filing Last Date: ਕੀ ਤੁਸੀਂ ਵਿੱਤੀ ਸਾਲ 2023-24 ਅਤੇ ਅਸੈਸਮੈਂਟ ਈਅਰ 2024-25 ਲਈ ਇਨਕਮ ਟੈਕਸ ਰਿਟਰਨ ਫਾਈਲ ਕਰ ਦਿੱਤੀ ਹੈ। ਜੇਕਰ ਤੁਸੀਂ ਅਜੇ ਤੱਕ ਇਹ ਕੰਮ ਪੂਰਾ ਨਹੀਂ ਕੀਤਾ ਹੈ, ਤਾਂ ਇਸਨੂੰ ਜਲਦੀ ਤੋਂ ਜਲਦੀ ਕਰੋ, ਕਿਉਂਕਿ ITR ਫਾਈਲ ਕਰਨ ਦੀ ਸਮਾਂ ਸੀਮਾ ਖਤਮ ਹੋਣ ਵਾਲੀ ਹੈ। ਟੈਕਸਦਾਤਾ 31 ਜੁਲਾਈ ਤੱਕ ਬਿਨਾਂ ਜੁਰਮਾਨੇ ਦੇ ਇਸ ਨੂੰ ਫਾਈਲ ਕਰ ਸਕਦੇ ਹਨ। ਅਜਿਹੇ 'ਚ ਹੁਣ ਸਿਰਫ ਦੋ ਦਿਨ ਬਚੇ ਹਨ। ਇਨਕਮ ਟੈਕਸ ਵਿਭਾਗ ਵੀ ਵਾਰ-ਵਾਰ ਲੋਕਾਂ ਨੂੰ ਸਮਾਂ ਸੀਮਾ ਦੇ ਅੰਦਰ ਇਨਕਮ ਟੈਕਸ ਰਿਟਰਨ ਭਰਨ ਦੀ ਸਲਾਹ ਦੇ ਰਿਹਾ ਹੈ। ਜੇਕਰ ਤੁਸੀਂ 31 ਜੁਲਾਈ ਤੋਂ ਬਾਅਦ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹੋ ਤਾਂ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ।


ਆਖਰੀ ਤਰੀਕ ਤੱਕ ਦੇਣਾ ਹੋਵੇਗਾ ਇੰਨਾ ਜੁਰਮਾਨਾ
31 ਜੁਲਾਈ ਤੋਂ ਬਾਅਦ ਇਨਕਮ ਟੈਕਸ ਰਿਟਰਨ ਭਰਨ ਲਈ ਟੈਕਸਦਾਤਾਵਾਂ ਨੂੰ ਜਿਹੜਾ ਜੁਰਮਾਨਾ ਅਦਾ ਕਰਨਾ ਪਵੇਗਾ, ਉਹ ਤੁਹਾਡੀ ਆਮਦਨ 'ਤੇ ਨਿਰਭਰ ਕਰੇਗਾ। ਜਿਨ੍ਹਾਂ ਟੈਕਸਪੇਅਰਸ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ ਲੇਟ ਰਿਟਰਨ ਫਾਈਲ ਕਰਨ 'ਤੇ 1000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਜਿਨ੍ਹਾਂ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਵੱਧ ਹੈ, ਉਨ੍ਹਾਂ ਨੂੰ ਟੈਕਸ ਵਜੋਂ 5000 ਰੁਪਏ ਜੁਰਮਾਨਾ ਭਰਨਾ ਪਵੇਗਾ।






ਉੱਠ ਰਹੀ ਲਾਸਟ ਡੇਟ ਵਧਾਉਣ ਦੀ ਮੰਗ


ਆਲ ਇੰਡੀਆ ਟੈਕਸ ਪ੍ਰੈਕਟੀਸ਼ਨਰ ਫੈਡਰੇਸ਼ਨ (AIFTP) ਨੇ ਕੇਂਦਰੀ ਪ੍ਰਤੱਖ ਟੈਕਸ ਬੋਰਡ (CBDT) ਕੋਲ ਵਿੱਤੀ ਸਾਲ 2023-24 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਸਮਾਂ ਸੀਮਾ ਵਧਾਉਣ ਦੀ ਮੰਗ ਕੀਤੀ ਹੈ। ਉਸ ਨੇ ਸੀਬੀਡੀਟੀ ਅੱਗੇ ਇਹ ਸਮਾਂ ਸੀਮਾ 31 ਜੁਲਾਈ ਤੋਂ ਵਧਾ ਕੇ 31 ਅਗਸਤ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਨੇ ਕਿਹਾ ਕਿ ਦੇਸ਼ ਦੇ ਕਈ ਇਲਾਕਿਆਂ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਵਰਗੀਆਂ ਸਥਿਤੀਆਂ ਕਰਕੇ ਟੈਕਸਪੇਅਰਸ ਨੂੰ ਆਈ.ਟੀ.ਆਰ. ਫਾਈਲ ਕਰਨ 'ਚ ਦਿੱਕਤ ਆ ਰਹੀ ਹੈ। ਏਆਈਐਫਟੀਪੀ ਦੇ ਕੌਮੀ ਪ੍ਰਧਾਨ ਨਰਾਇਣ ਜੈਨ ਅਤੇ ਡਾਇਰੈਕਟ ਟੈਕਸ ਪ੍ਰਤੀਨਿਧੀ ਕਮੇਟੀ ਦੇ ਚੇਅਰਮੈਨ ਐਸਐਮ ਸੁਰਾਨਾ ਨੇ ਫੈਡਰੇਸ਼ਨ ਨੂੰ ਇੱਕ ਲਿਖਤੀ ਅਰਜ਼ੀ ਦੇ ਕੇ ਕਿਹਾ ਕਿ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਰਗੇ ਰਾਜਾਂ ਵਿੱਚ ਖਰਾਬ ਮੌਸਮ ਕਰਕੇ ਆਈਟੀਆਰ ਫਾਈਲ ਕਰਨ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਐਕਸ 'ਤੇ #IncomeTaxSiteIssues ਹੈਸ਼ਟੈਗ ਟ੍ਰੈਂਡ ਕਰ ਰਿਹਾ ਸੀ


ਇਸ ਦੇ ਨਾਲ ਹੀ ਇਨਕਮ ਟੈਕਸ ਫਾਰਮ ਨੂੰ ਡਾਊਨਲੋਡ ਕਰਨ ਅਤੇ ਇਨਕਮ ਟੈਕਸ ਵਿਭਾਗ ਦੇ 'ਈ-ਫਾਈਲਿੰਗ ਪੋਰਟਲ' 'ਤੇ ਜਮ੍ਹਾ ਕਰਨ 'ਚ ਦਿੱਕਤ ਆ ਰਹੀ ਹੈ। ਸਾਫਟਵੇਅਰ 'ਚ ਆ ਰਹੀਆਂ ਦਿੱਕਤਾਂ ਦੇ ਨਾਲ-ਨਾਲ ਸੈਲਫ-ਅਸੈਸਮੈਂਟ ਅਤੇ ਟੈਕਸ ਭੁਗਤਾਨ ਦੇ ਚਲਾਨਾਂ ਨੂੰ ਡਾਊਨਲੋਡ ਕਰਨ 'ਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਅਜਿਹੇ 'ਚ ਸਰਕਾਰ ਨੂੰ ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਦੇਖਦਿਆਂ ਹੋਇਆਂ ਆਈਟੀਆਰ ਫਾਈਲ ਕਰਨ ਦੀ ਸਮਾਂ ਸੀਮਾ ਨੂੰ ਵਧਾਉਣਾ ਚਾਹੀਦਾ ਹੈ। ਅੱਜ ਸਵੇਰੇ ਸੋਸ਼ਲ ਮੀਡੀਆ ਪੋਰਟਲ ਐਕਸ 'ਤੇ #IncomeTaxSiteIssues ਹੈਸ਼ਟੈਗ ਟ੍ਰੈਂਡ ਕਰ ਰਿਹਾ ਸੀ।


ਕੀ ਅੱਗੇ ਵਧੇਗੀ ਤਰੀਕ?
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਨਕਮ ਟੈਕਸ ਰਿਟਰਨ ਭਰਨ ਦੀ ਸਮਾਂ ਸੀਮਾ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਸ 'ਤੇ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਡੈਡਲਾਈਨ ਵਧਣ ਦਾ ਇੰਤਜ਼ਾਰ ਨਾ ਕਰਨ ਅਤੇ ਜਿੰਨੀ ਜਲਦੀ ਹੋ ਸਕੇ ਆਪਣੀ ਇਨਕਮ ਟੈਕਸ ਰਿਟਰਨ ਭਰਨ, ਨਹੀਂ ਤਾਂ ਉਨ੍ਹਾਂ ਨੂੰ ਬਾਅਦ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।


5 ਕਰੋੜ ਤੋਂ ਵੱਧ ਟੈਕਸਪੇਅਰਸ ਨੇ ਇਨਕਮ ਟੈਕਸ ਰਿਟਰਨ ਕੀਤੀ ਫਾਈਲ


ਆਮਦਨ ਕਰ ਵਿਭਾਗ ਨੇ 26 ਜੁਲਾਈ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਫਾਈਲ ਰਿਟਰਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਵਿਭਾਗ ਦੇ ਅਨੁਸਾਰ, 26 ਜੁਲਾਈ, 2024 ਤੱਕ ਦੇਸ਼ ਭਰ ਵਿੱਚ 5 ਕਰੋੜ ਤੋਂ ਵੱਧ ਟੈਕਸਦਾਤਾਵਾਂ ਨੇ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਹੈ। ਇਸ ਦੇ ਨਾਲ ਹੀ ਵਿਭਾਗ ਨੇ ਬਾਕੀ ਰਹਿੰਦੇ ਲੋਕਾਂ ਨੂੰ ਵੀ ਜਲਦੀ ਤੋਂ ਜਲਦੀ ਇਨਕਮ ਟੈਕਸ ਰਿਟਰਨ ਭਰਨ ਦੀ ਸਲਾਹ ਦਿੱਤੀ ਸੀ।