Income Tax Return: ਜੂਨ ਦਾ ਮਹੀਨਾ ਆਉਣ ਵਾਲਾ ਹੈ, ਇਨਕਮ ਟੈਕਸ ਰਿਟਰਨ ਭਰਨੀਆਂ ਸ਼ੁਰੂ ਹੋ ਜਾਣਗੀਆਂ ਪਰ ਇਸ ਵਾਰ ਹਾਲੇ ਤੱਕ ਫਾਰਮ ਨਹੀਂ ਆਏ ਹਨ। ਦੱਸ ਦਈਏ ਕਿ ਹਰ ਵਾਰ 1 ਅਪ੍ਰੈਲ ਤੋਂ ਆਈਟੀਆਰ ਭਰਨੀਆਂ ਸ਼ੁਰੂ ਹੋ ਜਾਂਦੀਆਂ ਸਨ ਅਤੇ 31 ਜੁਲਾਈ ਆਖਰੀ ਤਰੀਕ ਹੁੰਦੀ ਸੀ ਪਰ ਇਸ ਵਾਰ ਕਾਫੀ ਲੇਟ ਹੋ ਗਿਆ ਹੈ।

ਹਾਲੇ ਤੱਕ ਇਨਕਮ ਟੈਕਸ ਰਿਟਰਨ ਭਰਨ ਲਈ ਫਾਰਮ ਨਹੀਂ ਆਏ ਹਨ, ਜਿਸ ਕਰਕੇ ਰਿਟਰਨ ਭਰਨ ਦੀ ਆਖਰੀ ਤਰੀਕ ਵੀ ਵਧਾ ਦਿੱਤੀ ਗਈ ਹੈ। ਟੈਕਸ ਡਿਪਾਰਟਮੈਂਟ ਨੇ ਵਿੱਤੀ ਸਾਲ 2025 ਲਈ ਇਨਕਮ ਟੈਕਸ ਰਿਟਰਨ (ITR) ਭਰਨ ਦੀ ਆਖਰੀ ਮਿਤੀ 31 ਜੁਲਾਈ ਤੋਂ ਵਧਾ ਕੇ 15 ਸਤੰਬਰ, 2025 ਕਰ ਦਿੱਤੀ ਹੈ। ਇਨਕਮ ਟੈਕਸ ਵਿਭਾਗ ਨੇ ਇਹ ਜਾਣਕਾਰੀ ਅੱਜ ਯਾਨੀ ਮੰਗਲਵਾਰ, 27 ਮਈ ਨੂੰ ਦਿੱਤੀ।

ITR ਫਾਈਲਿੰਗ ਦੀ ਪ੍ਰਕਿਰਿਆ ਜੂਨ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਸਕਦੀ ਹੈ। ਆਮ ਤੌਰ 'ਤੇ ਇਹ 1 ਅਪ੍ਰੈਲ ਤੋਂ ਸ਼ੁਰੂ ਹੁੰਦੀ ਹੈ, ਪਰ ਇਸ ਸਾਲ ਇਸ ਵਿੱਚ ਦੇਰੀ ਹੋ ਰਹੀ ਹੈ। ਪਿਛਲੇ ਸਾਲ ਵੀ ਇਹ ਅਪ੍ਰੈਲ ਵਿੱਚ ਸ਼ੁਰੂ ਹੋਈ ਸੀ। ਇਸ ਵਾਰ ਇਸ ਕਰਕੇ ਦੇਰੀ ਹੋਈ ਹੈ ਕਿਉਂਕਿ ITR ਫਾਰਮ ਲਈ ਜ਼ਰੂਰੀ ਆਨਲਾਈਨ ਟੂਲਸ ਉਪਲਬਧ ਨਹੀਂ ਹੋਏ ਹਨ।

ਅਜਿਹਾ ਹੋਣ ਨਾਲ ਟੈਕਸ ਅਦਾ ਕਰਨ ਵਾਲਿਆਂ ਨੂੰ ਕਾਫੀ ਰਾਹਤ ਮਿਲੇਗੀ, ਹਾਲਾਂਕਿ ਹਰ ਵਾਰ ਲੋਕਾਂ ਨੂੰ ਰਹਿੰਦਾ ਹੈ ਕਿ ਸ਼ਾਇਦ ਇਨਕਮ ਟੈਕਸ ਰਿਟਰਨ ਦੀ ਆਖਰੀ ਤਰੀਕ ਵਧਾ ਦਿੱਤੀ ਜਾਵੇਗੀ ਪਰ ਇਦਾਂ ਨਹੀਂ ਹੁੰਦਾ ਹੈ, ਕਿਉਂਕਿ ਹਰ ਵਾਰ ਫਾਰਮ ਸਮੇਂ 'ਤੇ ਆ ਜਾਂਦੇ ਹਨ ਅਤੇ ਰਿਟਰਨ ਭਰਨ ਦਾ ਪ੍ਰੋਸੈਸ ਸਮੇਂ 'ਤੇ ਹੀ ਸ਼ੁਰੂ ਹੋ ਜਾਂਦਾ ਹੈ ਪਰ ਇਸ ਵਾਰ ਗਾਹਕ ਕਦੋਂ ਤੋਂ ਉਡੀਕ ਰਹੇ ਸਨ ਪਰ ਅੱਜ ਵਿੱਤ ਵਿਭਾਗ ਵਲੋਂ ਮਿਲੀ ਨੋਟੀਫਿਕੇਸ਼ਨ ਤੋਂ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ।