Inflation: ਮਹਿੰਗਾਈ ਨੂੰ ਲੈ ਕੇ ਲੋਕਾਂ ਲਈ ਜਲਦ ਹੀ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਆਮ ਲੋਕਾਂ ਨੂੰ ਮਹਿੰਗਾਈ ਦਾ ਨਵਾਂ ਝਟਕਾ ਲੱਗ ਸਕਦਾ ਹੈ ਅਤੇ ਇਹ ਝਟਕਾ ਟੈਲੀਕਾਮ ਕੰਪਨੀਆਂ ਵੀ ਦੇ ਸਕਦੀਆਂ ਹਨ। ਇੱਕ ਤਾਜ਼ਾ ਰਿਪੋਰਟ ਮੁਤਾਬਕ ਜਿਓ ਅਤੇ ਏਅਰਟੈੱਲ ਵਰਗੀਆਂ ਟੈਲੀਕਾਮ ਕੰਪਨੀਆਂ ਟੈਰਿਫ ਵਧਾਉਣ ਦੀ ਯੋਜਨਾ ਬਣਾ ਰਹੀਆਂ ਹਨ। ਇਹ ਕੰਪਨੀਆਂ ਦੇਸ਼ ਵਿੱਚ ਲੋਕ ਸਭਾ ਚੋਣਾਂ ਪੂਰੀਆਂ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਮੋਬਾਈਲ ਟੈਰਿਫ ਵਿੱਚ ਵਾਧੇ ਦਾ ਐਲਾਨ ਕਰ ਸਕਦੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਜੂਨ 'ਚ ਖਤਮ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਲੋਕਾਂ ਨੂੰ ਮੋਬਾਇਲ ਫੋਨ ਦੀ ਵਰਤੋਂ ਕਰਨੀ ਮਹਿੰਗੀ ਹੋ ਜਾਵੇਗੀ।


ਵਿਸ਼ਲੇਸ਼ਕ ਐਂਟੀਕ ਸਟਾਕ ਬ੍ਰੋਕਿੰਗ ਦੇ ਹਵਾਲੇ ਨਾਲ ਪੀਟੀਆਈ ਦੀ ਇੱਕ ਰਿਪੋਰਟ ਵਿੱਚ ਇਹ ਖਦਸ਼ਾ ਪ੍ਰਗਟਾਇਆ ਗਿਆ ਹੈ। ਐਂਟੀਕ ਸਟਾਕ ਬ੍ਰੋਕਿੰਗ ਦਾ ਮੰਨਣਾ ਹੈ ਕਿ ਜੀਓ ਅਤੇ ਏਅਰਟੈੱਲ ਵਰਗੀਆਂ ਵੱਡੀਆਂ ਟੈਲੀਕਾਮ ਕੰਪਨੀਆਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਆਪਣੇ ਪਲਾਨ ਮਹਿੰਗੇ ਕਰ ਸਕਦੀਆਂ ਹਨ। ਖਦਸ਼ਾ ਹੈ ਕਿ ਚੋਣਾਂ ਤੋਂ ਬਾਅਦ ਟੈਲੀਕਾਮ ਕੰਪਨੀਆਂ ਟੈਰਿਫ 'ਚ 15 ਤੋਂ 17 ਫੀਸਦੀ ਦਾ ਵਾਧਾ ਕਰ ਸਕਦੀਆਂ ਹਨ।


ਹਾਲਾਂਕਿ ਮੋਬਾਈਲ ਕੰਪਨੀਆਂ ਨੇ ਹਾਲੇ ਇਸ ਬਾਰੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਹੈ। ਮਹਿੰਗਾਈ ਦੀ ਗੱਲ ਕਰੀਏ ਤਾਂ ਰਾਹਤ ਦਾ ਸਿਲਸਿਲਾ ਮਾਰਚ ਮਹੀਨੇ ਵੀ ਜਾਰੀ ਰਿਹਾ। ਇਕ ਦਿਨ ਪਹਿਲਾਂ ਜਾਰੀ ਅੰਕੜਿਆਂ ਮੁਤਾਬਕ ਮਾਰਚ ਮਹੀਨੇ ਵਿਚ ਪ੍ਰਚੂਨ ਮਹਿੰਗਾਈ ਦਰ 5 ਫੀਸਦੀ ਤੋਂ ਹੇਠਾਂ ਆ ਗਈ।


ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਗਿਆ ਹੈ ਅਤੇ ਸੱਤ ਪੜਾਵਾਂ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ 2024 ਇਸ ਮਹੀਨੇ ਤੋਂ ਸ਼ੁਰੂ ਹੋ ਰਹੀਆਂ ਹਨ। ਅਗਲੇ ਹਫਤੇ 19 ਅਪ੍ਰੈਲ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋਣ ਜਾ ਰਹੀ ਹੈ। ਆਖ਼ਰੀ ਪੜਾਅ ਦੀਆਂ ਚੋਣਾਂ ਜੂਨ ਦੇ ਪਹਿਲੇ ਹਫ਼ਤੇ ਪਹਿਲੀ ਜੂਨ ਨੂੰ ਹੋਣਗੀਆਂ। ਇਸ ਤੋਂ ਬਾਅਦ 4 ਜੂਨ ਨੂੰ ਲੋਕ ਸਭਾ ਚੋਣਾਂ 2024 ਦੇ ਨਤੀਜੇ ਸਾਹਮਣੇ ਆਉਣਗੇ।


Airtel ਨੂੰ ਹੋਵੇਗਾ ਜ਼ਿਆਦਾ ਫਾਇਦਾ


ਐਂਟੀਕ ਸਟਾਕ ਬ੍ਰੋਕਿੰਗ ਮੁਤਾਬਕ ਟੈਰਿਫ ਵਧਾਉਣ ਨਾਲ ਟੈਲੀਕਾਮ ਕੰਪਨੀਆਂ ਨੂੰ ਫਾਇਦਾ ਹੋਣ ਵਾਲਾ ਹੈ। ਭਾਰਤੀ ਏਅਰਟੈੱਲ ਨੂੰ ਸਭ ਤੋਂ ਵੱਧ ਫਾਇਦਾ ਹੋ ਸਕਦਾ ਹੈ। ਏਅਰਟੈੱਲ ਦੀ ਔਸਤ ਆਮਦਨ ਪ੍ਰਤੀ ਯੂਜ਼ਰ (ARPU) ਫਿਲਹਾਲ 208 ਰੁਪਏ ਹੈ। ਵਿੱਤੀ ਸਾਲ 2026-27 'ਚ ਇਹ ਵਧ ਕੇ 286 ਰੁਪਏ ਹੋ ਸਕਦੀ ਹੈ। ਰਿਪੋਰਟ ਮੁਤਾਬਕ ਜੀਓ ਇਸ ਸਮੇਂ ਟੈਲੀਕਾਮ ਇੰਡਸਟਰੀ ਦੀ ਸਭ ਤੋਂ ਵੱਡੀ ਕੰਪਨੀ ਹੈ। ਪਿਛਲੇ 5-6 ਸਾਲਾਂ 'ਚ ਜਿਓ ਦੀ ਮਾਰਕੀਟ ਸ਼ੇਅਰ 21.6 ਫੀਸਦੀ ਤੋਂ ਵਧ ਕੇ 39.7 ਫੀਸਦੀ ਹੋ ਗਈ ਹੈ।