ਨਵੀਂ ਦਿੱਲੀ: ‘ਕੋਟਕ ਵੈਲਥ ਹੁਰੂਨ ਇੰਡੀਆ’ ਨੇ 2020 ਦੀ ਭਾਰਤ ਦੀਆਂ 100 ਸਭ ਤੋਂ ਅਮੀਰ ਔਰਤਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਮੁਤਾਬਕ ਐਚਸੀਐਲ ਟੈਕਨੋਲੋਜੀਸ ਦੀ ਚੇਅਰਪਰਸਨ ਰੌਸ਼ਨੀ ਨਡਾਰ ਮਲਹੋਤਰਾ ਭਾਰਤ ਦੀ ਸਭ ਤੋਂ ਅਮੀਰ ਮਹਿਲਾ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 54,850 ਕਰੋੜ ਰੁਪਏ ਦੀ ਹੈ। ਇਸ ਦੇ ਨਾਲ ਹੀ ‘ਦ ਬਾਇਓਕੋਨ’ ਦੇ ਕਿਰਨ ਮਜੂਮਦਾਰ ਸ਼ਾੱਅ ਨੂੰ ਇਸ ਸੂਚੀ ਵਿੱਚ 36,600 ਕਰੋੜ ਰੁਪਏ ਦੀ ਸੰਪਤੀ ਨਾਲ ਦੂਜਾ ਸਥਾਨ ਮਿਲਿਆ ਹੈ।


ਰੌਸ਼ਨੀ ਨਡਾਰ ਮਲਹੋਤਰਾ ਐਚਸੀਐਲ ਕਾਰਪੋਰੇਸ਼ਨ ਵਿੱਚ ਐਗਜ਼ੀਕਿਊਟਿਵ ਡਾਇਰੈਕਟਰ ਤੇ ਸੀਈਓ ਦੇ ਅਹੁਦੇ ਉੱਤੇ ਹਨ। ਇਸ ਨਾਲ ਹੀ ਐਚਸੀਐਲ ਟੈਕਨੋਲੋਜੀਸ ਦੇ ਬੋਰਡ ਦੇ ਵਾਈਸ ਚੇਅਰਪਰਸਨ ਅਤੇ ਸ਼ਿਵ ਨਡਾਰ ਫ਼ਾਊਂਡੇਸ਼ਨ ਦੇ ਟਰੱਸਟੀ ਵੀ ਰਹਿ ਚੁੱਕੇ ਹਨ। ਦਰਅਸਲ, 38 ਸਾਲਾ ਰੌਸ਼ਨੀ ਨਡਾਰ ਮਲਹੋਤਰਾ, ਐਚਸੀਐਲ ਦੇ ਬਾਨੀ ਤੇ ਚੇਅਰਪਰਸਨ ਸ਼ਿਵ ਨਡਾਰ ਦੀ ਧੀ ਹਨ। ਇਸ ਵਰ੍ਹੇ ਜੁਲਾਈ ਮਹੀਨੇ ਆਈਟੀ ਦੀ ਸਿਖ਼ਰਲੀ ਕੰਪਨੀ ਐਚਸੀਐਲ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਚੇਅਰਮੈਨ ਸ਼ਿਵ ਨਡਾਰ ਅਹੁਦਾ ਛੱਡਣਾ ਚਾਹੁੰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਧੀ ਰੌਸ਼ਨੀ ਨਡਾਰ ਨੂੰ ਆਪਣੇ ਸਾਮਰਾਜ ਦੀ ਵਾਗਡੋਰ ਸੌਂਪ ਦਿੱਤੀ ਸੀ।


28 ਸਾਲਾਂ ਦੀ ਉਮਰ ਵਿੱਚ ਕੰਪਨੀ ਦੇ ਸੀਈਓ ਬਣਨ ਵਾਲੇ ਰੌਸ਼ਨੀ ਨਡਾਰ ਮਲਹੋਤਰਾ ਦਿੱਲੀ ’ਚ ਪੈਦਾ ਹੋਏ ਸਨ। ਉਨ੍ਹਾਂ ਬਸੰਤ ਵੈਲੀ ਸਕੂਲ ’ਚ ਆਪਣੀ ਸ਼ੁਰੂਆਤੀ ਪੜ੍ਹਾਈ ਕੀਤੀ। ਅਮਰੀਕਾ ਦੀ ਨੌਰਥ ਵੈਸਟਰਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਤੇ ਕੇਲੌਗ ਸਕੂਲ ਆੱਫ਼ ਮੈਨੇਜਮੈਂਟ ਤੋਂ ਰੌਸ਼ਨੀ ਨੇ ਐੱਮਬੀਏ ਦੀ ਡਿਗਰੀ ਹਾਸਲ ਕੀਤੀ।


ਰੌਸ਼ਨੀ ਨੇ 2009 ’ਚ ਐਚਸੀਐਲ ਕਾਰਪੋਰੇਸ਼ਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ‘ਸਕਾਈ ਨਿਊਜ਼ ਯੂਕੇ’ ਅਤੇ ਸੀਐਨਐਨ ਅਮਰੀਕਾ ਵਿੱਚ ਨਿਊਜ਼ ਪ੍ਰੋਡਿਊਸਰ ਵਜੋਂ ਵੀ ਕੰਮ ਕੀਤਾ ਹੈ। ਸਾਲ 2010 ’ਚ ਉਨ੍ਹਾਂ ਐਚਸੀਐਲ ਹੈਲਥਕੇਅਰ ਦੇ ਵਾਈਸ ਚੇਅਰਮੈਨ ਸ਼ਿਖਰ ਮਲਹੋਤਰਾ ਨਾਲ ਵਿਆਹ ਰਚਾਇਆ ਸੀ ਤੇ ਉਨ੍ਹਾਂ ਦੇ ਦੋ ਪੁੱਤਰ ਅਰਮਾਨ ਤੇ ਜਹਾਨ ਹਨ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904