LPG Cylinder Price: ਜੂਨ ਦੀ ਪਹਿਲੀ ਤਾਰੀਖ ਦੇਸ਼ ਦੇ ਛੋਟੇ-ਵੱਡੇ ਰੈਸਟੋਰੈਂਟਾਂ, ਢਾਬਿਆਂ ਅਤੇ ਹੋਟਲਾਂ ਲਈ ਰਾਹਤ ਦੀ ਖ਼ਬਰ ਲੈ ਕੇ ਆਈ ਹੈ। ਤੇਲ ਕੰਪਨੀਆਂ ਨੇ ਵਪਾਰਿਕ LPG ਗੈਸ ਸਿਲੰਡਰ ਦੀ ਕੀਮਤ ਵਿੱਚ 24 ਰੁਪਏ ਦੀ ਕਟੌਤੀ ਕੀਤੀ ਹੈ। ਹੁਣ ਦਿੱਲੀ ਵਿੱਚ 19 ਕਿਲੋ ਵਾਲਾ ਕਮਰਸ਼ੀਅਲ ਸਿਲੰਡਰ 1,723.50 ਰੁਪਏ 'ਚ ਮਿਲੇਗਾ। ਇਹ ਨਵੀਆਂ ਕੀਮਤਾਂ 1 ਜੂਨ ਤੋਂ ਲਾਗੂ ਹੋ ਗਈਆਂ ਹਨ।

ਲਗਾਤਾਰ ਦੂਜੇ ਮਹੀਨੇ ਸਸਤਾ ਹੋਇਆ ਕਮਰਸ਼ੀਅਲ ਸਿਲੰਡਰ

ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ। ਮਈ ਦੀ ਸ਼ੁਰੂਆਤ ਵਿੱਚ ਵੀ ਕੰਪਨੀਆਂ ਨੇ 14.50 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਸੀ। ਇਸਦਾ ਸਿੱਧਾ ਅਸਰ ਹੋਟਲਾਂ, ਰੈਸਟੋਰੈਂਟਾਂ ਅਤੇ ਫੂਡ ਇੰਡਸਟਰੀ ਵਰਗੀਆਂ ਸੇਵਾਵਾਂ ’ਤੇ ਪਵੇਗਾ, ਜਿੱਥੇ ਇਸ ਗੈਸ ਦਾ ਵੱਡੀ ਮਾਤਰਾ ਵਿੱਚ ਇਸਤੇਮਾਲ ਹੁੰਦਾ ਹੈ।

ਏਵੀਏਸ਼ਨ ਸੈਕਟਰ ਨੂੰ ਵੀ ਮਿਲੀ ਰਾਹਤ

ਸਿਰਫ ਕਮਰਸ਼ੀਅਲ ਗੈਸ ਹੀ ਨਹੀਂ, ਸਗੋਂ ਹਵਾਈ ਉਡਾਣਾਂ ਲਈ ਵਰਤਿਆ ਜਾਣ ਵਾਲਾ ਏਵੀਏਸ਼ਨ ਟਰਬਾਈਨ ਫਿਊਲ (ATF) ਵੀ ਸਸਤਾ ਹੋ ਗਿਆ ਹੈ। ਇਸ ਦੀ ਕੀਮਤ ਵਿੱਚ 4.4 ਫੀਸਦੀ, ਯਾਨੀ 3,954.38 ਰੁਪਏ ਪ੍ਰਤੀ ਕਿਲੋਲੀਟਰ ਦੀ ਕਟੌਤੀ ਕੀਤੀ ਗਈ ਹੈ। ਹੁਣ ATF ਦੀ ਨਵੀਂ ਕੀਮਤ 85,486.80 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਏਅਰ ਇੰਡੀਆ ਅਤੇ ਇੰਡਿਗੋ ਵਰਗੀਆਂ ਏਅਰਲਾਈਨਾਂ ਲਈ ਇਹ ਵੱਡੀ ਰਾਹਤ ਹੈ, ਕਿਉਂਕਿ ਉਨ੍ਹਾਂ ਦੇ ਕੁੱਲ ਖ਼ਰਚੇ ਦਾ ਲਗਭਗ 30% ਹਿੱਸਾ ਫਿਊਲ ਦਾ ਹੁੰਦਾ ਹੈ।

ਲਗਾਤਾਰ ਤੀਜੀ ਵਾਰੀ ATF ਸਸਤੀ

ATF ਦੀਆਂ ਕੀਮਤਾਂ ਵਿੱਚ ਇਹ ਲਗਾਤਾਰ ਤੀਜੀ ਕਟੌਤੀ ਹੈ। ਇਸ ਤੋਂ ਪਹਿਲਾਂ 1 ਅਪਰੈਲ ਨੂੰ 5,870 ਰੁਪਏ ਪ੍ਰਤੀ ਕਿਲੋਲੀਟਰ ਵੱਡੀ ਕਮੀ ਆਈ ਸੀ। ਸਾਲ ਦੀ ਸ਼ੁਰੂਆਤ ਵਿੱਚ ਫਿਊਲ ਦੀਆਂ ਕੀਮਤਾਂ ਵਧੀਆਂ ਸਨ, ਪਰ ਹੁਣ ਇਹ ਲਗਾਤਾਰ ਕਟੌਤੀਆਂ ਉਹਨਾਂ ਨੂੰ ਸੰਤੁਲਿਤ ਕਰ ਰਹੀਆਂ ਹਨ।

ਭਾਰਤ ਨੂੰ ਸਿੱਧਾ ਫਾਇਦਾ ਹੋਵੇਗਾ

ਭਾਰਤ ਆਪਣੀ ਲੋੜ ਦਾ ਲਗਭਗ 85 ਫੀਸਦੀ ਕੱਚਾ ਤੇਲ ਆਯਾਤ ਕਰਦਾ ਹੈ। ਜਦੋਂ ਗਲੋਬਲ ਤੇਲ ਦੀਆਂ ਕੀਮਤਾਂ ਘਟਦੀਆਂ ਹਨ, ਤਾਂ ਭਾਰਤ ਦਾ ਇੰਪੋਰਟ ਬਿੱਲ ਘਟਦਾ ਹੈ। ਇਸ ਨਾਲ ਕਰੰਟ ਅਕਾਉਂਟ ਡੈਫਿਸਿਟ ਘਟਦਾ ਹੈ ਅਤੇ ਰੁਪਿਆ ਮਜ਼ਬੂਤ ਹੁੰਦਾ ਹੈ। ਸਿਰਫ਼ ਇਨਾ ਹੀ ਨਹੀਂ, ਤੇਲ ਦੀਆਂ ਕੀਮਤਾਂ ਵਿੱਚ ਘਟੋਤਰੀ ਨਾਲ ਪੈਟਰੋਲ, ਡੀਜ਼ਲ ਅਤੇ ATF ਵਰਗੀਆਂ ਚੀਜ਼ਾਂ ਦੀਆਂ ਦੇਸ਼ੀ ਕੀਮਤਾਂ ਵੀ ਘਟਣ ਲੱਗਦੀਆਂ ਹਨ, ਜਿਸ ਨਾਲ ਮਹਿੰਗਾਈ 'ਤੇ ਵੀ ਕਾਬੂ ਮਿਲਦਾ ਹੈ।