LPG Cylinder Price: ਪੈਟਰੋਲ ਤੇ ਡੀਜ਼ਲ ਦੀਆਂ ਸਥਿਰ ਕੀਮਤਾਂ ਦੌਰਾਨ ਐਲਪੀਜੀ ਸਿਲੰਡਰ (LPG Cylinder) ਦੀ ਕੀਮਤ 'ਚ ਵੱਡੀ ਰਾਹਤ ਮਿਲੀ ਹੈ। ਇਸ ਵਾਰ ਐਲਪੀਜੀ ਸਿਲੰਡਰ ਦੀ ਕੀਮਤ 198 ਰੁਪਏ ਘੱਟ ਗਈ ਹੈ। ਇਸ ਨਾਲ ਮਹਿੰਗਾਈ ਦੇ ਪੱਧਰ ਨੂੰ ਘਟਾਉਣ 'ਚ ਮਦਦ ਮਿਲੇਗੀ। ਇੰਡੀਅਨ ਆਇਲ ਵੱਲੋਂ 1 ਜੁਲਾਈ ਨੂੰ ਜਾਰੀ ਕੀਤੀਆਂ ਕੀਮਤਾਂ ਮੁਤਾਬਕ ਰਾਜਧਾਨੀ ਦਿੱਲੀ ਵਿੱਚ 19 ਕਿਲੋ ਦਾ ਕਮਰਸ਼ੀਅਲ ਸਿਲੰਡਰ (LPG Commercial Cylinder Price) 198 ਰੁਪਏ ਸਸਤਾ ਹੋ ਗਿਆ ਹੈ।

ਇਹ ਹਨ ਅੱਜ ਦੀਆਂ ਨਵੀਆਂ ਦਰਾਂ
ਦਿੱਲੀ ਵਿੱਚ 30 ਜੂਨ ਤਕ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 2219 ਰੁਪਏ 'ਚ ਮਿਲ ਰਿਹਾ ਸੀ ਜਿਸ ਦੀ ਕੀਮਤ 1 ਜੁਲਾਈ ਤੋਂ ਘੱਟ ਕੇ 2021 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਕੋਲਕਾਤਾ 'ਚ 2322 ਰੁਪਏ ਦੇ ਮੁਕਾਬਲੇ ਹੁਣ ਇਹ ਸਿਲੰਡਰ 2140 ਰੁਪਏ ਵਿੱਚ ਮਿਲੇਗਾ। ਮੁੰਬਈ 'ਚ ਕੀਮਤ 2171.50 ਰੁਪਏ ਤੋਂ ਘੱਟ ਕੇ 1981 ਰੁਪਏ ਅਤੇ ਚੇਨਈ 'ਚ 2373 ਰੁਪਏ ਤੋਂ ਘੱਟ ਕੇ 2186 ਰੁਪਏ 'ਤੇ ਆ ਗਈ ਹੈ। ਦੂਜੇ ਪਾਸੇ ਤੇਲ ਕੰਪਨੀਆਂ ਵੱਲੋਂ ਘਰੇਲੂ ਗੈਸ ਸਿਲੰਡਰਾਂ 'ਚ ਕੋਈ ਰਾਹਤ ਨਹੀਂ ਦਿੱਤੀ ਗਈ। ਦਿੱਲੀ ਵਿੱਚ 14.2 ਕਿਲੋ ਦਾ ਗੈਸ ਸਿਲੰਡਰ 1003 ਰੁਪਏ 'ਚ ਮਿਲ ਰਿਹਾ ਹੈ।


ਸਿਲੰਡਰ 300 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ
ਇਸ ਤੋਂ ਪਹਿਲਾਂ 1 ਜੂਨ ਨੂੰ ਕਮਰਸ਼ੀਅਲ LPG ਸਿਲੰਡਰ 135 ਰੁਪਏ ਸਸਤਾ ਹੋ ਗਿਆ ਸੀ। ਇਸ ਤਰ੍ਹਾਂ ਪਿਛਲੇ ਇਕ ਮਹੀਨੇ ਦੌਰਾਨ ਸਿਲੰਡਰ ਦੀ ਕੀਮਤ ਵਿੱਚ 300 ਰੁਪਏ ਤੋਂ ਵੱਧ ਦੀ ਕਟੌਤੀ ਕੀਤੀ ਗਈ ਹੈ। ਮਈ 'ਚ ਸਿਲੰਡਰ ਦੇ ਰੇਟ 2354 ਰੁਪਏ ਹੋ ਗਏ ਸਨ। ਘਰੇਲੂ ਗੈਸ ਸਿਲੰਡਰ ਦੀ ਕੀਮਤ ਆਖਰੀ ਵਾਰ 19 ਮਈ ਨੂੰ ਬਦਲੀ ਗਈ ਸੀ।

200 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ
ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਸਰਕਾਰ ਨੇ ਉੱਜਵਲਾ ਸਕੀਮ ਤਹਿਤ 200 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਇਹ ਸਬਸਿਡੀ ਸਾਲਾਨਾ ਸਿਰਫ਼ 12 ਸਿਲੰਡਰਾਂ ਤਕ ਹੀ ਮਿਲੇਗੀ। ਸਰਕਾਰ ਦੇ ਇਸ ਕਦਮ ਨਾਲ 9 ਕਰੋੜ ਤੋਂ ਵੱਧ ਖਪਤਕਾਰਾਂ ਨੂੰ ਫਾਇਦਾ ਹੋਇਆ ਹੈ।