Lok Sabha Election: ਦੇਸ਼ ਵਿੱਚ ਲੋਕ ਸਭਾ ਚੋਣਾਂ 2024 ਦਾ ਬਿਗੁਲ ਵੱਜ ਗਿਆ ਹੈ। ਸਾਰੀਆਂ ਪਾਰਟੀਆਂ ਵੱਖ-ਵੱਖ ਤਰੀਕਿਆਂ ਨਾਲ ਵੋਟਰਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵੀ ਆਪਣਾ ਚੋਣ ਮਨੋਰਥ ਪੱਤਰ ਜਨਤਾ ਦੇ ਸਾਹਮਣੇ ਰੱਖਿਆ ਹੈ। ਇਸ ਵਿੱਚ ਮਹਾਲਕਸ਼ਮੀ ਯੋਜਨਾ ਦਾ ਵੀ ਐਲਾਨ ਕੀਤਾ ਗਿਆ ਹੈ। ਇਹ ਸਕੀਮ ਗ਼ਰੀਬਾਂ ਨੂੰ ਗ਼ਰੀਬੀ ਨਾਲ ਲੜਨ ਵਿੱਚ ਮਦਦ ਕਰੇਗੀ। ਮਹਾਲਕਸ਼ਮੀ ਯੋਜਨਾ ਤਹਿਤ ਗਰੀਬਾਂ ਨੂੰ ਹਰ ਸਾਲ 1 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ।


ਗ਼ਰੀਬੀ ਖ਼ਾਤਮੇ ਲਈ ਹਰ ਸਾਲ 1 ਲੱਖ ਰੁਪਏ 


ਕਾਂਗਰਸ ਪਾਰਟੀ ਦਾ ਮੈਨੀਫੈਸਟੋ 5 ਅਪ੍ਰੈਲ ਨੂੰ ਜਾਰੀ ਕੀਤਾ ਗਿਆ ਹੈ। ਇਸ ਵਿੱਚ ਗ਼ਰੀਬੀ ਦੇ ਖ਼ਾਤਮੇ ਲਈ ਇੱਕ ਲੱਖ ਰੁਪਏ ਸਾਲਾਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਦੇ ਤਹਿਤ, ਇਹ ਰਕਮ ਪਰਿਵਾਰ ਦੀ ਸਭ ਤੋਂ ਬਜ਼ੁਰਗ ਔਰਤ ਦੇ ਖਾਤੇ ਵਿੱਚ ਸਿੱਧੀ ਟਰਾਂਸਫਰ ਕੀਤੀ ਜਾਵੇਗੀ। ਜੇ ਪਰਿਵਾਰ ਵਿੱਚ ਕੋਈ ਬਜ਼ੁਰਗ ਔਰਤ ਨਹੀਂ ਹੈ ਤਾਂ ਇਹ ਪੈਸੇ ਸਭ ਤੋਂ ਬਜ਼ੁਰਗ ਵਿਅਕਤੀ ਦੇ ਖਾਤੇ ਵਿੱਚ ਜਾਣਗੇ। ਇਸ ਸਕੀਮ ਨੂੰ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗਾ। ਇਸ ਯੋਜਨਾ ਦਾ ਗ਼ਰੀਬ ਪਰਿਵਾਰਾਂ ਦੀ ਆਰਥਿਕ ਸਥਿਤੀ 'ਤੇ ਕੀ ਪ੍ਰਭਾਵ ਪੈ ਰਿਹਾ ਹੈ, ਇਹ ਜਾਣਨ ਲਈ ਹਰ ਸਾਲ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰ ਸਾਲ ਗ਼ਰੀਬ ਪਰਿਵਾਰਾਂ ਦੀ ਗਿਣਤੀ ਦਾ ਵੀ ਸਰਵੇਖਣ ਕੀਤਾ ਜਾਵੇਗਾ।


ਆਂਗਣਵਾੜੀ, ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਦੁੱਗਣੇ ਪੈਸੇ


ਇਸ ਤੋਂ ਇਲਾਵਾ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ 'ਸ਼ਕਤੀ ਕਾ ਸਨਮਾਨ' ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ, ਆਸ਼ਾ ਅਤੇ ਮਿਡ ਡੇਅ ਮੀਲ ਸਕੀਮਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਨੂੰ ਦੁੱਗਣਾ ਕੀਤਾ ਜਾਵੇਗਾ। ਮਹਿਲਾ ਮੈਨੀਫੈਸਟੋ ਵਿੱਚ ਮਹਾਲਕਸ਼ਮੀ, ਅੱਧੀ ਆਬਾਦੀ ਨੂੰ ਪੂਰਾ ਅਧਿਕਾਰ, ਸ਼ਕਤੀ ਦਾ ਸਨਮਾਨ, ਅਧਿਕਾਰ ਮੈਤਰੀ ਅਤੇ ਸਾਵਿਤਰੀ ਬਾਈ ਫੂਲੇ ਹੋਸਟਲ ਸਕੀਮ ਨੂੰ ਵੀ ਔਰਤਾਂ ਦੇ ਨਿਆਂ ਦੀ ਗਰੰਟੀ ਤਹਿਤ ਲਿਆਂਦਾ ਗਿਆ ਹੈ। ਔਰਤਾਂ ਨੂੰ ਸਰਕਾਰੀ ਨੌਕਰੀਆਂ ਵਿੱਚ 50 ਫੀਸਦੀ ਰਾਖਵਾਂਕਰਨ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ।


ਸੱਤ ਪੜਾਵਾਂ ਵਿੱਚ ਹੋਣਗੀਆਂ ਲੋਕ ਸਭਾ ਚੋਣਾਂ 


ਕਾਂਗਰਸ ਦਾ ਇਹ ਮੈਨੀਫੈਸਟੋ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਕੇਸੀ ਵੇਣੂਗੋਪਾਲ ਅਤੇ ਪੀ ਚਿਦੰਬਰਮ ਦੀ ਮੌਜੂਦਗੀ ਵਿੱਚ ਪੇਸ਼ ਕੀਤਾ ਗਿਆ। ਦੇਸ਼ ਵਿੱਚ ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ 1 ਜੂਨ ਤੱਕ 7 ਪੜਾਵਾਂ ਵਿੱਚ ਹੋਣਗੀਆਂ। ਚੋਣ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।