Meta Platforms Fined: ਹਾਲ ਹੀ 'ਚ ਦਿੱਗਜ ਕੰਪਨੀ ਗੂਗਲ  (Google) 'ਤੇ ਅਮਰੀਕਾ 'ਚ ਲੱਖਾਂ ਡਾਲਰ ਦਾ ਜੁਰਮਾਨਾ ਲਾਇਆ ਗਿਆ ਸੀ। ਹੁਣ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ  (Facebook) ਦੀ ਮੂਲ ਕੰਪਨੀ ਮੇਟਾ ਪਲੇਟਫਾਰਮ (Meta Platforms) 'ਤੇ 53 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇਟਲੀ ਵਿਚ ਕੰਪਨੀ ਖਿਲਾਫ਼ ਇਹ ਕਾਰਵਾਈ ਕੀਤੀ ਗਈ। ਉਸ 'ਤੇ ਇਟਲੀ ਵਿਚ ਪਾਬੰਦੀਸ਼ੁਦਾ ਜੂਏ ਦੇ ਇਸ਼ਤਿਹਾਰ ਦਿਖਾਉਣ ਦਾ ਦੋਸ਼ ਸੀ।


ਫੇਸਬੁੱਕ-ਇੰਸਟਾਗ੍ਰਾਮ 'ਤੇ ਆ ਰਹੇ ਸੀ ਜੂਏ ਦੇ ਵਿਗਿਆਪਨ 


ਇਟਲੀ ਦੇ ਸੰਚਾਰ ਰੈਗੂਲੇਟਰ AGCOM ਦੇ ਅਨੁਸਾਰ, ਮੇਟਾ 'ਤੇ ਫੇਸਬੁੱਕ ਅਤੇ ਇੰਸਟਾਗ੍ਰਾਮ (Instagram) ਦੇ ਪ੍ਰੋਫਾਈਲਾਂ ਅਤੇ ਖਾਤਿਆਂ ਦੁਆਰਾ ਜੂਏ ਦੇ ਇਸ਼ਤਿਹਾਰ ਦਿਖਾਉਣ ਦਾ ਦੋਸ਼ ਲਾਇਆ ਗਿਆ ਸੀ। ਇਸ ਤੋਂ ਇਲਾਵਾ ਕੰਪਨੀ ਅਜਿਹੇ ਕੰਟੈਂਟ ਦਾ ਪ੍ਰਚਾਰ ਕਰ ਰਹੀ ਸੀ ਜਿਸ ਵਿਚ ਜੂਏ ਜਾਂ ਖੇਡਾਂ ਵਿਚ ਨਕਦ ਇਨਾਮ ਦਿੱਤੇ ਜਾ ਰਹੇ ਸਨ। ਇਸ ਤੋਂ ਬਾਅਦ AGCom ਨੇ ਸ਼ੁੱਕਰਵਾਰ ਨੂੰ ਕੰਪਨੀ 'ਤੇ 5.85 ਮਿਲੀਅਨ ਯੂਰੋ (6.45 ਮਿਲੀਅਨ ਡਾਲਰ) ਦਾ ਜੁਰਮਾਨਾ ਲਾਇਆ ਹੈ।


ਯੂਟਿਊਬ ਅਤੇ ਟਵਿੱਚ 'ਤੇ ਵੀ ਜੁਰਮਾਨਾ ਲਾਇਆ 


ਇਟਲੀ ਦੇ ਸੰਚਾਰ ਰੈਗੂਲੇਟਰ AGCOM ਨੇ ਅਜਿਹੇ ਇਸ਼ਤਿਹਾਰ ਦਿਖਾਉਣ ਲਈ ਇੱਕ ਤੋਂ ਬਾਅਦ ਇੱਕ ਕਈ ਕੰਪਨੀਆਂ ਨੂੰ ਜੁਰਮਾਨਾ ਕੀਤਾ ਹੈ। ਫਿਲਹਾਲ ਇਸ ਮੁੱਦੇ 'ਤੇ ਮੇਟਾ ਵਲੋਂ ਕੋਈ ਬਿਆਨ ਨਹੀਂ ਆਇਆ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ, AGCom ਨੇ ਅਲਫਾਬੇਟ ਇੰਕ ਦੇ ਯੂਟਿਊਬ (YouTube) 'ਤੇ 2.25 ਮਿਲੀਅਨ ਯੂਰੋ ਅਤੇ ਟਵਿੱਚ (Twitch) 'ਤੇ 9 ਲੱਖ ਯੂਰੋ ਦਾ ਜੁਰਮਾਨਾ ਲਗਾਇਆ ਸੀ।


ਗੂਗਲ 'ਤੇ ਅਮਰੀਕਾ 'ਚ 70 ਕਰੋੜ ਡਾਲਰ ਦਾ ਲਾਇਆ ਗਿਆ ਹੈ ਜੁਰਮਾਨਾ 


21 ਦਸੰਬਰ ਨੂੰ ਹੀ ਖਬਰ ਆਈ ਕਿ ਅਮਰੀਕਾ ਦੀ ਇਕ ਅਦਾਲਤ ਨੇ ਦੁਨੀਆ ਦੀ ਸਭ ਤੋਂ ਵੱਡੀ ਤਕਨੀਕੀ ਕੰਪਨੀ ਗੂਗਲ 'ਤੇ ਲਗਭਗ 70 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਹੈ। ਇਸ ਵਿੱਚੋਂ, $630 ਮਿਲੀਅਨ 100 ਮਿਲੀਅਨ ਲੋਕਾਂ ਵਿੱਚ ਵੰਡੇ ਜਾਣਗੇ ਅਤੇ $70 ਮਿਲੀਅਨ ਇੱਕ ਫੰਡ ਵਿੱਚ ਜਮ੍ਹਾ ਕੀਤੇ ਜਾਣਗੇ। ਕੰਪਨੀ 'ਤੇ ਐਂਡ੍ਰਾਇਡ ਪਲੇ ਸਟੋਰ ਦੀ ਦੁਰਵਰਤੋਂ ਕਰਨ ਅਤੇ ਯੂਜ਼ਰਸ ਤੋਂ ਜ਼ਿਆਦਾ ਪੈਸੇ ਵਸੂਲਣ ਦਾ ਦੋਸ਼ ਸੀ। ਕੰਪਨੀ ਐਂਡ੍ਰਾਇਡ ਪਲੇ ਸਟੋਰ 'ਤੇ ਇਨ-ਐਪ ਖਰੀਦਦਾਰੀ ਅਤੇ ਹੋਰ ਪਾਬੰਦੀਆਂ ਲਗਾ ਕੇ ਇਹ ਪੈਸਾ ਇਕੱਠਾ ਕਰ ਰਹੀ ਸੀ। ਕੰਪਨੀ ਨੇ ਨਾ ਸਿਰਫ ਲੋਕਾਂ ਨੂੰ ਪੈਸੇ ਦੇਣ ਲਈ ਸਹਿਮਤੀ ਦਿੱਤੀ ਹੈ ਬਲਕਿ ਪਲੇ ਸਟੋਰ 'ਤੇ ਸਿਹਤਮੰਦ ਮੁਕਾਬਲੇ ਲਈ ਜਗ੍ਹਾ ਪ੍ਰਦਾਨ ਕਰਨ ਲਈ ਵੀ ਸਹਿਮਤੀ ਦਿੱਤੀ ਹੈ।