Financial Changes in September: ਅਗਸਤ ਮਹੀਨਾ ਖਤਮ ਹੋ ਗਿਆ ਹੈ ਤੇ ਅੱਜ ਐਤਵਾਰ ਤੋਂ ਨਵਾਂ ਮਹੀਨਾ ਸਤੰਬਰ ਸ਼ੁਰੂ ਹੋ ਗਿਆ ਹੈ। ਕੈਲੰਡਰ 'ਤੇ ਮਹੀਨਾ ਬਦਲਣ ਦੇ ਨਾਲ ਹੀ ਅੱਜ ਤੋਂ ਕਈ ਅਜਿਹੇ ਬਦਲਾਅ ਵੀ ਲਾਗੂ ਹੋ ਗਏ ਹਨ, ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੇ ਪੈਸੇ ਤੇ ਜੇਬ 'ਤੇ ਪਵੇਗਾ। ਇਨ੍ਹਾਂ ਵਿੱਚੋਂ ਕੁਝ ਤਬਦੀਲੀਆਂ ਤੁਹਾਡੇ ਲਈ ਲਾਭਦਾਇਕ ਹੋ ਸਕਦੀਆਂ ਹਨ ਜਦੋਂਕਿ ਕੁਝ ਤਬਦੀਲੀਆਂ ਤੁਹਾਡੇ ਖਰਚਿਆਂ ਨੂੰ ਵਧਾਉਣ ਵਾਲੀਆਂ ਹਨ।


1. ਐਲਪੀਜੀ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ
ਸਭ ਤੋਂ ਪਹਿਲਾਂ ਤੇਲ ਕੰਪਨੀਆਂ ਨੇ ਅੱਜ ਤੋਂ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਅੱਜ ਤੋਂ ਵਪਾਰਕ ਰਸੋਈ ਗੈਸ ਸਿਲੰਡਰ 39 ਰੁਪਏ ਮਹਿੰਗਾ ਹੋ ਗਿਆ ਹੈ। ਹੁਣ ਇਸ ਸਿਲੰਡਰ ਲਈ ਤੁਹਾਨੂੰ ਦਿੱਲੀ ਵਿੱਚ 1691.50 ਰੁਪਏ, ਕੋਲਕਾਤਾ ਵਿੱਚ 1802.50 ਰੁਪਏ, ਮੁੰਬਈ ਵਿੱਚ 1644 ਰੁਪਏ ਤੇ ਚੇਨਈ ਵਿੱਚ 1855 ਰੁਪਏ ਦੇਣੇ ਹੋਣਗੇ। ਇਸ ਤੋਂ ਪਹਿਲਾਂ ਅਗਸਤ ਵਿੱਚ ਵੀ 19 ਕਿਲੋ ਦੇ ਸਿਲੰਡਰ ਦੀ ਕੀਮਤ ਵਿੱਚ 8-9 ਰੁਪਏ ਦਾ ਵਾਧਾ ਕੀਤਾ ਗਿਆ ਸੀ। ਮਾਰਚ ਤੋਂ ਘਰੇਲੂ ਤੌਰ 'ਤੇ ਵਰਤੇ ਜਾਣ ਵਾਲੇ LPG ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ।



2. ਹਵਾਈ ਸਫ਼ਰ ਦੇ ਕਿਰਾਏ ਘਟ ਸਕਦੇ
ਹਵਾਈ ਯਾਤਰਾ ਕਰਨ ਵਾਲਿਆਂ ਲਈ ਨਵਾਂ ਮਹੀਨਾ ਸ਼ੁਭ ਸਾਬਤ ਹੋ ਸਕਦਾ ਹੈ। ਤੇਲ ਕੰਪਨੀਆਂ ਨੇ ਅੱਜ ਤੋਂ ATF ਯਾਨੀ ਹਵਾਬਾਜ਼ੀ ਈਂਧਨ ਦੀਆਂ ਕੀਮਤਾਂ 'ਚ ਭਾਰੀ ਕਟੌਤੀ ਕਰ ਦਿੱਤੀ ਹੈ। ਹਵਾਬਾਜ਼ੀ ਤੇਲ ਦੀ ਕੀਮਤ 4,495 ਰੁਪਏ ਪ੍ਰਤੀ ਕਿਲੋਲੀਟਰ ਘਟਾਈ ਗਈ ਹੈ। ਇਸ ਤੋਂ ਬਾਅਦ ਹੁਣ ਦਿੱਲੀ 'ਚ ATF ਦੀਆਂ ਦਰਾਂ 93,480.22 ਰੁਪਏ, ਮੁੰਬਈ 'ਚ 87,432.78 ਰੁਪਏ, ਕੋਲਕਾਤਾ 'ਚ 96,298.44 ਰੁਪਏ ਤੇ ਚੇਨਈ 'ਚ 97,064.32 ਰੁਪਏ ਪ੍ਰਤੀ ਕਿਲੋਲੀਟਰ 'ਤੇ ਆ ਗਈਆਂ ਹਨ। ਇਸ ਨਾਲ ਹਵਾਬਾਜ਼ੀ ਕੰਪਨੀਆਂ ਦੇ ਖਰਚੇ ਘੱਟ ਹੋਣਗੇ।


3. RuPay ਕਾਰਡ ਧਾਰਕਾਂ ਨੂੰ ਮਿਲੇਗਾ ਲਾਭ 
NPCI ਨੇ RuPay ਕ੍ਰੈਡਿਟ ਕਾਰਡ ਜਾਰੀ ਕਰਨ ਵਾਲੇ ਬੈਂਕਾਂ ਨੂੰ ਅੱਜ ਤੋਂ ਰਿਵਾਰਡ ਪੁਆਇੰਟਾਂ ਤੇ ਲਾਭਾਂ ਵਿੱਚ ਸਮਾਨਤਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। NPCI ਦਾ ਕਹਿਣਾ ਹੈ ਕਿ RuPay ਕ੍ਰੈਡਿਟ ਕਾਰਡ ਰਾਹੀਂ UPI ਲੈਣ-ਦੇਣ 'ਤੇ ਪ੍ਰਾਪਤ ਰਿਵਾਰਡ ਪੁਆਇੰਟ ਹੋਰ ਲੈਣ-ਦੇਣ ਦੇ ਮੁਕਾਬਲੇ ਘੱਟ ਹਨ। NPCI ਦੇ ਨਵੀਨਤਮ ਨਿਰਦੇਸ਼ਾਂ ਤੋਂ ਬਾਅਦ, ਅੱਜ 1 ਸਤੰਬਰ ਤੋਂ RuPay ਕ੍ਰੈਡਿਟ ਕਾਰਡ 'ਤੇ UPI ਲੈਣ-ਦੇਣ ਕਰਨ ਵਾਲਿਆਂ ਨੂੰ ਵਧੇਰੇ ਰਿਵਾਰਡ ਅੰਕ ਮਿਲਣਗੇ।


4. ਰਿਵਾਰਡ ਪੁਆਇੰਟਾਂ 'ਤੇ ਹੋਏਗਾ ਨੁਕਸਾਨ 
ਇਸ ਮਹੀਨੇ ਕ੍ਰੈਡਿਟ ਕਾਰਡਾਂ ਨੂੰ ਲੈ ਕੇ ਹੋਰ ਬਦਲਾਅ ਕੀਤੇ ਗਏ ਹਨ। ਦੇਸ਼ ਦਾ ਸਭ ਤੋਂ ਵੱਡਾ ਪ੍ਰਾਈਵੇਟ ਬੈਂਕ HDFC ਅੱਜ ਤੋਂ ਰਿਵਾਰਡ ਪੁਆਇੰਟਸ 'ਤੇ ਕੈਪ ਸ਼ੁਰੂ ਕਰ ਰਿਹਾ ਹੈ। ਇਹ ਸੀਮਾ ਕ੍ਰੈਡਿਟ ਕਾਰਡ ਰਾਹੀਂ ਉਪਯੋਗਤਾ ਬਿੱਲਾਂ ਦੇ ਭੁਗਤਾਨ ਲਈ ਹੈ। ਇਸ ਦਾ ਮਤਲਬ ਹੈ ਕਿ ਅੱਜ ਤੋਂ ਤੁਹਾਨੂੰ HDFC ਬੈਂਕ ਕ੍ਰੈਡਿਟ ਕਾਰਡ ਲੈਣ-ਦੇਣ ਜਿਵੇਂ ਬਿਜਲੀ ਬਿੱਲ, ਪਾਣੀ ਦਾ ਬਿੱਲ, ਗੈਸ ਬਿੱਲ, ਮੋਬਾਈਲ ਬਿੱਲ ਤੇ ਰੀਚਾਰਜ 'ਤੇ ਘੱਟ ਰਿਵਾਰਡ ਮਿਲਣਗੇ।


5. ਬਿੱਲਾਂ ਦਾ ਭੁਗਤਾਨ ਕਰਨ ਲਈ ਘੱਟ ਸਮਾਂ ਮਿਲੇਗਾ
ਦੂਜੇ ਪਾਸੇ, IDFC ਫਸਟ ਬੈਂਕ ਨੇ ਅੱਜ ਤੋਂ ਆਪਣੇ ਕ੍ਰੈਡਿਟ ਕਾਰਡ ਲਈ ਭੁਗਤਾਨ ਅਨੁਸੂਚੀ ਬਦਲ ਦਿੱਤੀ ਹੈ। ਸਤੰਬਰ 2024 ਤੋਂ IDFC ਫਸਟ ਬੈਂਕ ਕ੍ਰੈਡਿਟ ਕਾਰਡ ਧਾਰਕਾਂ ਨੂੰ ਬਿੱਲ ਜਨਰੇਟ ਹੋਣ ਤੋਂ ਬਾਅਦ ਭੁਗਤਾਨ ਕਰਨ ਲਈ ਸਿਰਫ 15 ਦਿਨ ਮਿਲਣਗੇ। ਪਹਿਲਾਂ ਬਿੱਲ ਜਨਰੇਟ ਹੋਣ ਤੋਂ ਬਾਅਦ ਤੈਅ ਤਰੀਕ ਆਉਣ 'ਚ 18 ਦਿਨ ਲੱਗ ਜਾਂਦੇ ਸਨ। ਮਤਲਬ ਹੁਣ ਗਾਹਕਾਂ ਨੂੰ ਬਿੱਲ ਦਾ ਭੁਗਤਾਨ ਕਰਨ ਲਈ ਘੱਟ ਸਮਾਂ ਮਿਲੇਗਾ।



6. ਮੁਫਤ ਆਧਾਰ ਕਾਰਡ ਨੂੰ ਅਪਡੇਟ ਕਰਨ ਦਾ ਸਮਾਂ ਵਧਾਇਆ 
ਆਧਾਰ ਅਥਾਰਟੀ UIDAI ਨੇ ਸਾਰੇ ਆਧਾਰ ਕਾਰਡ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਧਾਰ ਨੂੰ ਮੁਫਤ ਅਪਡੇਟ ਕਰਨ ਦੀ ਸਮਾਂ ਸੀਮਾ 14 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਾਰੇ ਆਧਾਰ ਕਾਰਡ ਧਾਰਕਾਂ ਨੂੰ ਬਿਨਾਂ ਕੋਈ ਭੁਗਤਾਨ ਕੀਤੇ ਆਪਣੀ ਜਾਣਕਾਰੀ ਅਪਡੇਟ ਕਰਨ ਲਈ ਵਾਧੂ ਸਮਾਂ ਮਿਲ ਗਿਆ ਹੈ। ਹੁਣ ਤੁਸੀਂ 14 ਸਤੰਬਰ ਤੱਕ ਇਹ ਲਾਭ ਲੈ ਸਕਦੇ ਹੋ।


7. ਧੋਖਾਧੜੀ 'ਤੇ ਲੱਗੇਗੀ ਲਗਾਮ
ਅੱਜ ਤੋਂ ਤੇਜ਼ੀ ਨਾਲ ਵੱਧ ਰਹੇ ਧੋਖਾਧੜੀ ਦੇ ਮਾਮਲਿਆਂ 'ਤੇ ਰੋਕ ਲੱਗਣ ਦੀ ਉਮੀਦ ਹੈ। ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਬਚਾਉਣ ਲਈ ਟਰਾਈ ਨੇ ਫਰਾਡ ਕਾਲਾਂ ਤੇ ਸਪੈਮ ਸੰਦੇਸ਼ਾਂ ਦੇ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਹਨ, ਜੋ ਅੱਜ ਤੋਂ ਲਾਗੂ ਹੋ ਗਏ ਹਨ। ਟੈਲੀਮਾਰਕੀਟਿੰਗ ਸੇਵਾਵਾਂ ਅੱਜ ਤੋਂ ਬਲਾਕਚੈਨ 'ਤੇ ਆਧਾਰਤ ਸਿਸਟਮ 'ਤੇ ਤਬਦੀਲ ਹੋ ਜਾਣਗੀਆਂ। ਇਹ ਕੰਮ 30 ਸਤੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਹ ਯਕੀਨੀ ਬਣਾਏਗਾ ਕਿ ਗਾਹਕਾਂ ਨੂੰ ਸਪੈਮ ਕਾਲਾਂ ਤੇ ਸਪੈਮ ਸੰਦੇਸ਼ਾਂ ਤੋਂ ਰਾਹਤ ਮਿਲੇਗੀ।


8. FD ਤੋਂ ਹੋਰ ਕਮਾਈ ਕਰਨ ਦਾ ਆਖਰੀ ਮੌਕਾ
ਇਹ ਮਹੀਨਾ ਉਨ੍ਹਾਂ ਲਈ ਵੀ ਮਹੱਤਵਪੂਰਨ ਹੈ ਜੋ FD ਵਿੱਚ ਨਿਵੇਸ਼ ਕਰਨਾ ਪਸੰਦ ਕਰਦੇ ਹਨ। IDBI ਬੈਂਕ ਦੀ 300 ਦਿਨ, 375 ਦਿਨ ਤੇ 444 ਦਿਨ ਦੀ ਵਿਸ਼ੇਸ਼ FD ਦੀ ਅੰਤਿਮ ਮਿਤੀ 30 ਸਤੰਬਰ ਹੈ। ਇੰਡੀਅਨ ਬੈਂਕ ਦੀ 300 ਤੇ 400 ਦਿਨਾਂ ਦੀ ਵਿਸ਼ੇਸ਼ FD ਸਕੀਮ ਵਿੱਚ ਨਿਵੇਸ਼ ਕਰਨ ਦੀ ਅੰਤਮ ਤਾਰੀਖ ਵੀ 30 ਸਤੰਬਰ ਹੈ। ਐਸਬੀਆਈ ਦੀ ਅੰਮ੍ਰਿਤ ਕਲਸ਼ ਸਕੀਮ ਤੇ ਐਸਬੀਆਈ ਵੇਕੇਅਰ ਐਫਡੀ ਸਕੀਮ ਦਾ ਵੀ ਲਾਭ 30 ਸਤੰਬਰ ਤੱਕ ਹੀ ਲਿਆ ਜਾ ਸਕਦਾ ਹੈ।


9. ਪਸੰਦੀਦਾ ਕਾਰਡ ਨੈੱਟਵਰਕ ਚੁਣਨ ਦੀ ਆਜ਼ਾਦੀ
ਇਸ ਮਹੀਨੇ ਤੋਂ ਕ੍ਰੈਡਿਟ ਕਾਰਡ ਉਪਭੋਗਤਾਵਾਂ ਲਈ ਇੱਕ ਹੋਰ ਵੱਡਾ ਬਦਲਾਅ ਹੋ ਰਿਹਾ ਹੈ। ਹੁਣ ਗਾਹਕ ਆਪਣੀ ਪਸੰਦ ਦਾ ਕਾਰਡ ਨੈੱਟਵਰਕ ਚੁਣ ਸਕਣਗੇ। ਬੈਂਕਾਂ ਨੂੰ ਕਿਸੇ ਵੀ ਕਾਰਡ ਨੈਟਵਰਕ ਦੇ ਨਾਲ ਨਿਵੇਕਲੇ ਨੈੱਟਵਰਕ ਦੀ ਵਰਤੋਂ ਲਈ ਇਕਰਾਰਨਾਮੇ ਵਿੱਚ ਦਾਖਲ ਹੋਣ ਦੀ ਮਨਾਹੀ ਹੈ। ਇਹ ਬਦਲਾਅ 6 ਸਤੰਬਰ ਤੋਂ ਲਾਗੂ ਹੋ ਰਿਹਾ ਹੈ। ਮਤਲਬ, ਹੁਣ ਤੁਸੀਂ Mastercard, Visa ਜਾਂ Rupay ਵਰਗੇ ਨੈੱਟਵਰਕਾਂ ਤੋਂ ਆਪਣਾ ਮਨਪਸੰਦ ਨੈੱਟਵਰਕ ਖੁਦ ਚੁਣ ਸਕੋਗੇ।