ਮੁੰਬਈ: ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਤੇ ਪ੍ਰਬੰਧਕੀ ਨਿਰਦੇਸ਼ਕ ਮੁਕੇਸ਼ ਅੰਬਾਨੀ (Mukesh Ambani) ਦੁਨੀਆ ਦੇ 8ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਹ ਦਾਅਵਾ ਹੁਰੂਨ ਦੀ ਸਾਲ 2021 ਲਈ ਅਮੀਰਾਂ ਦੀ ਕੌਮਾਂਤਰੀ ਸੂਚੀ (Hurun Global Rich List) ਵਿੱਚ ਕੀਤਾ ਗਿਆ ਹੈ। ਪਿਛਲੇ ਇੱਕ ਸਾਲ ਵਿੱਚ ਮੁਕੇਸ਼ ਅੰਬਾਨੀ ਦੀ ਦੌਲਤ 24 ਫ਼ੀਸਦ ਵਧੀ ਸੀ ਤੇ ਉਹ ਹੁਣ 83 ਅਰਬ ਡਾਲਰ ਯਾਨੀ 6.09 ਲੱਖ ਕਰੋੜ ਰੁਪਏ ਦੇ ਮਾਲਕ ਹਨ।


ਜ਼ਿਕਰਯੋਗ ਹੈ ਕਿ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਅੰਬਾਨੀ ਦੁਨੀਆ ਦੇ ਪਹਿਲੇ 10 ਵਿਅਕਤੀਆਂ ਦੀ ਸੂਚੀ ਵਿੱਚੋਂ ਬਾਹਰ ਹੋ ਗਏ ਸਨ, ਪਰ ਹੁਣ ਉਨ੍ਹਾਂ ਫਿਰ ਤੋਂ ਇਸ ਸੂਚੀ ਵਿੱਚ ਥਾਂ ਬਣਾ ਲਈ ਹੈ।


ਹੁਰੂਨ ਦੀ ਸੂਚੀ ਵਿੱਚ ਹੋਰ ਭਾਰਤੀ ਅਰਬਪਤੀ ਗੌਤਮ ਅਡਾਨੀ ਤੇ ਪਰਿਵਾਰ (2.34 ਲੱਖ ਕਰੋੜ ਰੁਪਏ) 48ਵੇਂ ਸਥਾਨ 'ਤੇ ਹਨ। ਇਸ ਤੋਂ ਇਲਾਵਾ 1.94 ਲੱਖ ਕਰੋੜ ਰੁਪਏ ਦੀ ਸੰਪੱਤੀ ਵਾਲੇ ਸ਼ਿਵ ਨਾਦਰ ਤੇ ਪਰਿਵਾਰ 58ਵੇਂ ਰੈਂਕ 'ਤੇ ਹਨ, 1.40 ਲੱਖ ਕਰੋੜ ਨਾਲ ਲਕਸ਼ਮੀ ਐਨ. ਮਿੱਤਲ 104ਵੇਂ ਸਥਾਨ 'ਤੇ ਹਨ ਅਤੇ 113ਵਾਂ ਨੰਬਰ ਸਾਇਰਸ ਪੂਨਾਵਾਲਾ ਦਾ ਹੈ ਜਿਨ੍ਹਾਂ ਕੋਲ 1.35 ਲੱਖ ਕਰੋੜ ਰੁਪਏ ਦਾ ਸਰਮਾਇਆ ਹੈ।


ਹੈਰਾਨੀ ਦੀ ਗੱਲ ਇਹ ਹੈ ਕਿ Zscaler ਦੇ ਜੈ ਚੌਧਰੀ ਦੀ ਜਾਇਦਾਦ ਸਭ ਤੋਂ ਵੱਧ ਯਾਨੀ ਕਿ 271 ਫ਼ੀਸਦੀ ਦੀ ਦਰ ਨਾਲ ਵਧੀ ਹੈ। ਉਨ੍ਹਾਂ ਕੋਲ 96 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਹੈ। ਇਸ ਤੋਂ ਇਲਾਵਾ ਅਡਾਨੀ ਗਰੁੱਪ ਦੇ ਵਿਨੋਦ ਸ਼ਾਂਤੀਲਾਲ ਅਡਾਨੀ ਦੀ ਜਾਇਦਾਦ ਵੀ 128 ਫ਼ੀਸਦ ਵੱਧ ਕੇ 72 ਹਜ਼ਾਰ ਕਰੋੜ ਰੁਪਏ ਹੋ ਗਈ ਹੈ। ਇਸ ਸੂਚੀ ਮੁਤਾਬਕ ਭਾਰਤ ਵਿੱਚ ਕੁੱਲ 209 ਅਰਬਪਤੀ ਹਨ, ਜਿਨ੍ਹਾਂ ਵਿੱਚੋਂ 177 ਭਾਰਤ ਵਿੱਚ ਹੀ ਰਹਿੰਦੇ ਹਨ। ਅਮਰੀਕਾ ਵਿੱਚ ਅਰਬਪਤੀਆਂ ਦੀ ਗਿਣਤੀ 689 ਹੋ ਗਈ ਹੈ।