ਨਵੀਂ ਦਿੱਲੀ: ਅਰਬਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਨਿਊਯਾਰਕ ਦਾ ਪ੍ਰੀਮੀਅਮ ਲਗਜ਼ਰੀ ਹੋਟਲ ਮੈਂਡਰਿਨ ਓਰੀਐਂਟਲ (Mandarin Oriental) 98.15 ਮਿਲੀਅਨ ਅਮਰੀਕੀ ਡਾਲਰ (ਲਗਪਗ 728 ਕਰੋੜ ਰੁਪਏ) 'ਚ ਖਰੀਦਿਆ ਹੈ। ਇਹ ਐਲਾਨ ਰਿਲਾਇੰਸ ਇੰਡਸਟਰੀਜ਼ ਲਿਮਟਿਡ ਵੱਲੋਂ ਇਹ ਐਲਾਨ ਸ਼ਨੀਵਾਰ ਨੂੰ ਕੀਤਾ ਗਿਆ। ਮੈਂਡਰਿਨ ਓਰੀਐਂਟਲ ਹੋਟਲ ਸਾਲ 2003 'ਚ ਬਣਾਇਆ ਗਿਆ ਸੀ। ਇਹ ਸ਼ਾਨਦਾਰ ਲਗਜ਼ਰੀ ਹੋਟਲ ਨਿਊਯਾਰਕ 'ਚ 80 ਕੋਲੰਬਸ ਸਰਕਲ 'ਚ ਸਥਿੱਤ ਹੈ। ਇਹ ਪ੍ਰਾਚੀਨ ਸੈਂਟਰਲ ਪਾਰਕ ਤੇ ਕੋਲੰਬਸ ਸਰਕਲ ਦੇ ਬਿਲਕੁਲ ਨੇੜੇ ਹੈ।

ਕੰਪਨੀ ਨੇ ਸਟਾਕ ਐਕਸਚੇਂਜ ਫਾਈਲਿੰਗ ਵਿੱਚ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਰਿਲਾਇੰਸ ਇੰਡਸਟਰੀਅਲ ਇਨਵੈਸਟਮੈਂਟਸ ਐਂਡ ਹੋਲਡਿੰਗਜ਼ ਲਿਮਟਿਡ (RIIHL) ਨੇ ਸ਼ਨੀਵਾਰ ਨੂੰ ਲਗਭਗ 98.15 ਮਿਲੀਅਨ ਅਮਰੀਕੀ ਡਾਲਰ 'ਚ ਕੋਲੰਬਸ ਸੈਂਟਰ ਕਾਰਪੋਰੇਸ਼ਨ (Cayman) ਦੀ ਪੂਰੀ ਜਾਰੀ ਸ਼ੇਅਰ ਪੂੰਜੀ ਦੀ ਮਲਕੀਅਤ ਲਈ ਇਕ ਸਮਝੌਤਾ ਕੀਤਾ, ਜੋ Cayman ਆਈਲੈਂਡਸ 'ਚ ਸ਼ਾਮਲ ਇੱਕ ਕੰਪਨੀ ਹੈ ਤੇ ਮੈਂਡਰਿਨ ਓਰੀਐਂਟਲ ਨਿਊਯਾਰਕ 'ਚ 73.37 ਫ਼ੀਸਦੀ ਦੇ ਅਪ੍ਰਤੱਖ ਮਾਲਕ ਹਨ।

ਰਿਲਾਇੰਸ ਨੇ ਕਿਹਾ ਕਿ ਇਹ ਟਰਾਂਜੈਕਸ਼ਨ ਮਾਰਚ 2022 ਦੇ ਅੰਤ ਤਕ ਹੋਣ ਦੀ ਉਮੀਦ ਹੈ ਤੇ ਇਹ ਕੁਝ ਰਵਾਇਤੀ ਰੈਗੂਲੇਟਰੀ ਅਤੇ ਹੋਰ ਮਨਜ਼ੂਰੀਆਂ ਤੇ ਕੁਝ ਹੋਰ ਸ਼ਰਤਾਂ ਦੀ ਸੰਤੁਸ਼ਟੀ ਦੇ ਅਧੀਨ ਹੈ। ਜ਼ਿਕਰਯੋਗ ਹੈ ਕਿ ਇਕ ਸਾਲ ਤੋਂ ਵੀ ਘੱਟ ਸਮੇਂ 'ਚ ਰਿਲਾਇੰਸ ਵੱਲੋਂ ਪ੍ਰਸਿੱਧ ਹੋਟਲ ਦੀ ਇਹ ਦੂਜੀ ਵੱਡੀ ਖ਼ਰੀਦ ਹੈ।

ਪਿਛਲੇ ਸਾਲ ਅਪ੍ਰੈਲ 'ਚ ਬ੍ਰਿਟੇਨ ਦੇ ਪਹਿਲੇ ਆਈਕੋਨਿਕ ਕੰਟਰੀ ਕਲੱਬ ਅਤੇ ਗੋਲਫ਼ ਰਿਜ਼ੋਰਟ ਸਟੋਕ ਪਾਰਕ ਨੂੰ 57 ਮਿਲੀਅਨ ਪਾਊਂਡ ਮਤਲਬ 592 ਕਰੋੜ ਰੁਪਏ 'ਚ ਖਰੀਦਿਆ ਗਿਆ ਸੀ। ਪਿਛਲੇ ਸਾਲ ਅਪ੍ਰੈਲ 'ਚ ਰਿਲਾਇੰਸ ਨੇ ਯੂਕੇ 'ਚ ਸਟੋਕ ਪਾਰਕ ਲਿਮਟਿਡ ਨੂੰ ਹਾਸਲ ਕੀਤਾ ਸੀ, ਜਿੱਥੇ ਦੋ ਜੇਮਸ ਬਾਂਡ ਫ਼ਿਲਮਾਂ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ।

ਨਿਊਯਾਰਕ ਦੇ ਮੈਂਡਰਿਨ ਓਰੀਐਂਟਲ ਨੂੰ ਵਿਸ਼ਵ ਪੱਧਰੀ ਮਾਨਤਾ ਪ੍ਰਾਪਤ ਹੈ ਤੇ ਇਸ ਨੇ ਏਏਏ ਫਾਈਵ ਡਾਇਮੰਡ ਹੋਟਲ, ਫ਼ੋਰਬਸ ਫਾਈਵ ਸਟਾਰ ਹੋਟਲ ਤੇ ਫ਼ੋਰਬਸ ਫਾਈਵ ਸਟਾਰ ਸਪਾ ਸਮੇਤ ਪ੍ਰਭਾਵਸ਼ਾਲੀ ਐਵਾਰਡ ਜਿੱਤੇ ਹਨ। ਰਿਲਾਇੰਸ ਫਾਈਲਿੰਗ ਦੇ ਅਨੁਸਾਰ ਸਾਲ 2018 'ਚ ਇਸ ਦਾ ਮਾਲੀਆ 115 ਮਿਲੀਅਨ ਅਮਰੀਕੀ ਡਾਲਰ, ਸਾਲ 2019 'ਚ 113 ਮਿਲੀਅਨ ਅਮਰੀਕੀ ਡਾਲਰ ਤੇ ਸਾਲ 2020 'ਚ 15 ਮਿਲੀਅਨ ਅਮਰੀਕੀ ਡਾਲਰ ਸੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :



 


https://play.google.com/store/apps/details?id=com.winit.starnews.hin


https://apps.apple.com/in/app/abp-live-news/id81111490