Mulayam Singh Yadav Net Worth: ਸਮਾਜਵਾਦੀ ਪਾਰਟੀ (ਸਪਾ) ਦੇ ਸੰਸਥਾਪਕ ਅਤੇ ਸਾਬਕਾ ਰੱਖਿਆ ਮੰਤਰੀ ਮੁਲਾਇਮ ਸਿੰਘ ਯਾਦਵ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 82 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਸਪਾ ਪ੍ਰਧਾਨ ਅਤੇ ਮੁਲਾਇਮ ਦੇ ਬੇਟੇ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਆਖਰੀ ਸਾਹ ਲਿਆ। ਅਖਿਲੇਸ਼ ਨੇ ਇਕ ਟਵੀਟ 'ਚ ਕਿਹਾ, ''ਮੇਰੇ ਸਤਿਕਾਰਯੋਗ ਪਿਤਾ ਅਤੇ ਸਾਰਿਆਂ ਦੇ ਨੇਤਾ ਜੀ ਨਹੀਂ ਰਹੇ।'' ਮੁਲਾਇਮ ਸਿੰਘ ਯਾਦਵ ਦਾ ਅੰਤਿਮ ਸੰਸਕਾਰ 11 ਅਕਤੂਬਰ ਨੂੰ ਸੈਫਈ 'ਚ ਹੋਵੇਗਾ।


ਤਿੰਨ ਵਾਰ ਸੀਐਮ  


ਮੁਲਾਇਮ ਸਿੰਘ ਯਾਦਵ ਨੂੰ ਬੀਤੀ 2 ਅਕਤੂਬਰ ਨੂੰ ਮੇਦਾਂਤਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦੀ ਮੌਤ 'ਤੇ ਸਮਾਜਵਾਦੀ ਪਾਰਟੀ 'ਚ ਸੋਗ ਦੀ ਲਹਿਰ ਹੈ। ਦੱਸਣਯੋਗ ਹੈ ਕਿ ਮੁਲਾਇਮ ਸਿੰਘ ਯਾਦਵ ਤਿੰਨ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਦੂਜੇ ਪਾਸੇ ਮੁਲਾਇਮ ਸਿੰਘ ਯਾਦਵ ਆਪਣੇ ਪਿੱਛੇ ਵੱਡੀ ਸਿਆਸੀ ਵਿਰਾਸਤ ਦੇ ਨਾਲ-ਨਾਲ ਕਰੋੜਾਂ ਦੀ ਜਾਇਦਾਦ ਛੱਡ ਗਏ ਹਨ।


ਇੰਨੀ ਹੈ ਜਾਇਦਾਦ


ਸਾਲ 2019 'ਚ ਲੋਕ ਸਭਾ ਚੋਣਾਂ ਦੌਰਾਨ ਮੁਲਾਇਮ ਸਿੰਘ ਯਾਦਵ ਵੱਲੋਂ ਦਾਇਰ ਹਲਫਨਾਮੇ 'ਚ ਆਪਣੀ ਜਾਇਦਾਦ ਦੀ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਦੀ ਜਾਇਦਾਦ ਕਰੀਬ 16.5 ਕਰੋੜ ਰੁਪਏ ਸੀ। ਇਸ ਹਲਫਨਾਮੇ ਦੇ ਮੁਤਾਬਕ ਉਦੋਂ ਮੁਲਾਇਮ ਸਿੰਘ ਯਾਦਵ ਦੀ ਜਾਇਦਾਦ 16,52,44,300 ਰੁਪਏ ਸੀ। ਇਸ ਅਚੱਲ ਜਾਇਦਾਦ ਦੇ ਨਾਲ ਹੀ ਉਹਨਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਸਾਧਨਾ ਯਾਦਵ ਦੀ ਸਾਲਾਨਾ ਆਮਦਨ 32.02 ਲੱਖ ਰੁਪਏ ਹੈ।


ਪੁੱਤਰ ਤੋਂ ਲਿਆ ਸੀ ਕਰਜ਼ਾ


ਇਸ ਹਲਫਨਾਮੇ 'ਚ ਮੁਲਾਇਮ ਸਿੰਘ ਯਾਦਵ ਦੀ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਕੋਲ ਕੋਈ ਕਾਰ ਨਹੀਂ ਹੈ, ਨਾਲ ਹੀ ਉਨ੍ਹਾਂ ਨੇ ਆਪਣੇ ਬੇਟੇ ਅਖਿਲੇਸ਼ ਯਾਦਵ ਤੋਂ 2,13,80,000 ਰੁਪਏ ਦਾ ਕਰਜ਼ਾ ਵੀ ਲਿਆ ਸੀ। ਦੱਸ ਦੇਈਏ ਕਿ ਮੁਲਾਇਮ ਸਿੰਘ ਯਾਦਵ ਦਾ ਜਨਮ 22 ਨਵੰਬਰ 1939 ਨੂੰ ਯੂਪੀ ਦੇ ਇਟਾਵਾ ਜ਼ਿਲ੍ਹੇ ਦੇ ਸੈਫਈ ਪਿੰਡ ਵਿੱਚ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸੀ। ਮੁਲਾਇਮ ਸਿੰਘ ਯਾਦਵ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਇੱਕ ਅਧਿਆਪਕ ਸਨ ਪਰ ਉਹ ਅਧਿਆਪਕ ਦੀ ਨੌਕਰੀ ਛੱਡ ਕੇ ਰਾਜਨੀਤੀ ਵਿੱਚ ਆਏ ਅਤੇ ਬਾਅਦ ਵਿੱਚ ਸਮਾਜਵਾਦੀ ਪਾਰਟੀ ਬਣਾਈ।