Ola E-Bike Service: ਸ਼ਹਿਰ 'ਚ ਸਫਰ ਕਰਨ ਲਈ ਕੈਬ ਸਰਵਿਸ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਰਾਹਤ ਦੀ ਖਬਰ ਹੈ। ਕਿਉਂਕਿ, ਹੁਣ ਤੁਹਾਨੂੰ ਰਾਈਡ ਲਈ ਘੱਟ ਪੈਸੇ ਦੇਣੇ ਪੈਣਗੇ। ਦਰਅਸਲ ਓਲਾ (Ola) ਨੇ ਆਪਣੀ ਈ-ਬਾਈਕ ਸੇਵਾ (E-Bike Service) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਬੈਂਗਲੁਰੂ 'ਚ ਇਸ ਸੇਵਾ ਦੀ ਸਫਲਤਾ ਤੋਂ ਬਾਅਦ ਹੁਣ ਦਿੱਲੀ ਅਤੇ ਹੈਦਰਾਬਾਦ 'ਚ ਵੀ ਇਸ ਸੇਵਾ ਨੂੰ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।


ਓਲਾ ਨੇ ਆਪਣੇ 'ਰਾਈਡ-ਹੇਲਿੰਗ ਪਲੇਟਫਾਰਮ' ਦੇ ਤਹਿਤ ਦਿੱਲੀ ਅਤੇ ਹੈਦਰਾਬਾਦ ਵਿੱਚ ਈ-ਬਾਈਕ ਸੇਵਾ ਦਾ ਉਦਘਾਟਨ ਕੀਤਾ। ਕੰਪਨੀ ਨੇ ਕਿਹਾ ਕਿ ਜੇ ਇਹ ਪ੍ਰੋਜੈਕਟ ਸਫਲ ਹੁੰਦਾ ਹੈ ਤਾਂ ਈ-ਬਾਈਕਸ ਦੇ ਫਲੀਟ ਦਾ ਵਿਸਤਾਰ ਕੀਤਾ ਜਾਵੇਗਾ। ਓਲਾ ਈ-ਬਾਈਕ ਸੇਵਾ ਦੀ ਸਭ ਤੋਂ ਖਾਸ ਗੱਲ ਇਸ ਦਾ ਘੱਟ ਕਿਰਾਇਆ ਹੈ। ਪੈਟਰੋਲ ਬਾਈਕ 'ਤੇ ਸਫਰ ਕਰਨ ਵਾਲੇ ਲੋਕਾਂ ਲਈ ਈ-ਬਾਈਕ ਜ਼ਿਆਦਾ ਕਿਫਾਇਤੀ ਸਾਬਤ ਹੋਵੇਗੀ, ਕਿਉਂਕਿ ਇਸ ਨਾਲ ਉਨ੍ਹਾਂ ਦੇ ਕਾਫੀ ਪੈਸੇ ਦੀ ਬਚਤ ਹੋਵੇਗੀ।


ਸਾਈਕਲ ਰਾਹੀਂ ਸਸਤਾ ਪਵੇਗਾ ਸਫ਼ਰ 


ਦਿੱਲੀ ਅਤੇ ਹੈਦਰਾਬਾਦ ਵਿੱਚ ਓਲਾ ਈ-ਬਾਈਕ ਸੇਵਾ ਦਾ ਕਿਰਾਇਆ ਬਹੁਤ ਘੱਟ ਰੱਖਿਆ ਗਿਆ ਹੈ। ਇਹ ਪਹਿਲੇ 5 ਕਿਲੋਮੀਟਰ ਲਈ 25 ਰੁਪਏ, ਪਹਿਲੇ 10 ਕਿਲੋਮੀਟਰ ਲਈ 50 ਰੁਪਏ ਅਤੇ ਪਹਿਲੇ 15 ਕਿਲੋਮੀਟਰ ਲਈ 75 ਰੁਪਏ ਹੈ। ਜੇ ਇਸ ਕਿਰਾਏ ਦਾ ਹਿਸਾਬ ਲਾਇਆ ਜਾਵੇ ਤਾਂ ਇਹ 5 ਰੁਪਏ ਪ੍ਰਤੀ ਕਿਲੋਮੀਟਰ ਆਉਂਦਾ ਹੈ। ਓਲਾ ਨੇ ਕਿਹਾ ਕਿ ਈ-ਬਾਈਕ ਸੇਵਾ ਸ਼ਹਿਰਾਂ ਦੇ ਅੰਦਰ ਆਵਾਜਾਈ ਲਈ ਸਭ ਤੋਂ ਕਿਫ਼ਾਇਤੀ, ਟਿਕਾਊ ਅਤੇ ਸੁਵਿਧਾਜਨਕ ਸੇਵਾ ਹੋਵੇਗੀ।


ਕੰਪਨੀ ਅਗਲੇ 2 ਮਹੀਨਿਆਂ 'ਚ ਦਿੱਲੀ ਅਤੇ ਹੈਦਰਾਬਾਦ 'ਚ 10,000 ਈ-ਬਾਈਕਸ ਤਾਇਨਾਤ ਕਰਨ ਦੀ ਯੋਜਨਾ ਬਣਾ ਰਹੀ ਹੈ। ਓਲਾ ਮੋਬਿਲਿਟੀ ਦੇ ਸੀਈਓ ਹੇਮੰਤ ਬਖਸ਼ੀ ਨੇ ਕਿਹਾ, "ਓਲਾ ਦੀ ਇਹ ਸੇਵਾ ਇਲੈਕਟ੍ਰਿਕ ਵਾਹਨਾਂ ਰਾਹੀਂ 1 ਅਰਬ ਭਾਰਤੀਆਂ ਦੀ ਸੇਵਾ ਕਰਨ ਦੇ ਸਾਡੇ ਵਿਜ਼ਨ ਦੇ ਅਨੁਸਾਰ ਹੈ।"


ਓਲਾ ਦੀ ਇਹ ਈ-ਬਾਈਕ ਸਰਵਿਸ ਪੈਟਰੋਲ ਬਾਈਕ, ਆਟੋ ਅਤੇ ਕਾਰ ਦੇ ਮੁਕਾਬਲੇ ਕਾਫੀ ਸਸਤੀ ਸਾਬਤ ਹੋਵੇਗੀ। ਕੰਪਨੀ ਦਾ ਕਹਿਣਾ ਹੈ ਕਿ ਜੇ ਉਸਦਾ ਪ੍ਰਯੋਗ ਸਫਲ ਹੁੰਦਾ ਹੈ ਤਾਂ ਉਹ ਆਪਣੀ ਈ-ਬਾਈਕਸ ਦੇ ਫਲੀਟ ਦਾ ਵਿਸਤਾਰ ਕਰੇਗੀ। ਇਸ ਤੋਂ ਇਲਾਵਾ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਵੀ ਇਹ ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ।