MapMyIndia: ਗੂਗਲ ਮੈਪਸ ਨਾਲ ਸਬੰਧ ਤੋੜਨ ਤੋਂ ਬਾਅਦ ਹਾਲ ਹੀ ਵਿੱਚ ਸੁਰਖੀਆਂ ਵਿੱਚ ਆਈ ਓਲਾ ਨੂੰ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ।ਮੈਪ ਮਾਈ ਇੰਡੀਆ (MapMyIndia) ਨੇ ਕੰਪਨੀ 'ਤੇ ਮੈਪ ਡਾਟਾ ਚੋਰੀ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਮੈਪ ਮਾਈ ਇੰਡੀਆ ਨੇ ਓਲਾ ਇਲੈਕਟ੍ਰਿਕ (Ola Electric) ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਓਲਾ ਨੇ ਸਾਲ 2021 ਦੇ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਕੰਪਨੀ ਨੇ ਰਿਵਰਸ ਇੰਜਨੀਅਰਿੰਗ ਰਾਹੀਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ।


ਮੈਪ ਮਾਈ ਇੰਡੀਆਨੇ ਲਗਾਇਆ ਡਾਟਾ ਚੋਰੀ ਦਾ ਆਰੋਪ
ਫੋਰਬਸ ਇੰਡੀਆ (Forbes India) ਦੀ ਇੱਕ ਰਿਪੋਰਟ ਦੇ ਅਨੁਸਾਰ, ਮੈਪ ਮਾਈ ਇੰਡੀਆ ਦੀ ਮੂਲ ਕੰਪਨੀ ਸੀਈ ਇਨਫੋ ਸਿਸਟਮ (CE Info Systems) ਨੇ ਦੋਸ਼ ਲਗਾਇਆ ਹੈ ਕਿ ਓਲਾ ਇਲੈਕਟ੍ਰਿਕ ਨੇ ਉਨ੍ਹਾਂ ਦੇ ਡੇਟਾ ਦੀ ਵਰਤੋਂ ਕਰਕੇ ਭਾਰਤ ਵਿੱਚ ਇੱਕ ਮੈਪਿੰਗ ਸੇਵਾ ਸ਼ੁਰੂ ਕੀਤੀ ਹੈ। ਓਲਾ ਇਲੈਕਟ੍ਰਿਕ ਨੇ ਸਾਲ 2022 ਵਿੱਚ S1 ਪ੍ਰੋ (S1 Pro) ਇਲੈਕਟ੍ਰਿਕ ਸਕੂਟਰ ਲਈ ਨੈਵੀਗੇਸ਼ਨ ਸੇਵਾ ਸ਼ੁਰੂ ਕਰਨ ਲਈ ਮੈਪ ਮਾਈ ਇੰਡੀਆ ਨਾਲ ਇੱਕ ਡੀਲ 'ਤੇ ਹਸਤਾਖਰ ਕੀਤੇ ਸਨ। ਓਲਾ ਇਲੈਕਟ੍ਰਿਕ 'ਤੇ ਲਾਇਸੈਂਸ ਐਗਰੀਮੈਂਟ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਇਸ ਐਗਰੀਮੈਂਟ ਦੇ ਤਹਿਤ ਓਲਾ ਇਲੈਕਟ੍ਰਿਕ ਮਿਲਦਾ ਜੁਲਦਾ ਪ੍ਰੋਡਕਟ ਲਾਂਚ ਨਹੀਂ ਕਰ ਸਕਦੀ ਹੈ।



ਓਲਾ ਮੈਪਸ ਬਣਾਉਣ ਲਈ ਕੀਤੀ ਐਗਰੀਮੈਂਟ ਦੀ ਉਲੰਘਣਾ
CE Info Systems ਨੇ ਨੋਟਿਸ ਵਿੱਚ ਕਿਹਾ ਹੈ ਕਿ Ola ਨੇ ਸਾਡੇ API ਅਤੇ SDK ਦੀ ਵਰਤੋਂ ਕਰਕੇ Ola Maps ਬਣਾਏ ਹਨ। ਓਲਾ ਇਲੈਕਟ੍ਰਿਕ ਨੇ ਵਿੱਤੀ ਲਾਭ ਲਈ ਗੈਰ-ਕਾਨੂੰਨੀ ਤਰੀਕੇ ਅਪਣਾਏ ਹਨ। ਓਲਾ ਇਲੈਕਟ੍ਰਿਕ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਖੁਦ API ਨੂੰ ਡਿਵਲੈਪ ਕੀਤਾ ਹੈ ਅਤੇ ਓਪਨ ਮੈਪ ਦੀ ਮਦਦ ਨਾਲ ਓਲਾ ਨਕਸ਼ੇ ਬਣਾਏ ਹਨ। CE Info Systems ਨੇ ਇਸ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਬੇਈਮਾਨੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਕੰਪਨੀ ਨੇ ਐਗਰੀਮੈਂਟ ਦੇ ਨਿਯਮਾਂ ਅਤੇ ਸ਼ਰਤਾਂ ਦੀ ਸ਼ਰੇਆਮ ਉਲੰਘਣਾ ਕੀਤੀ ਹੈ। ਨਾਲ ਹੀ, ਕਾਪੀਰਾਈਟ ਦੀ ਉਲੰਘਣਾ ਕੀਤੀ ਗਈ ਹੈ।


 ਗੂਗਲ ਮੈਪਸ ਨਾਲ ਓਲਾ ਕੈਬਸ ਨੇ ਤੋੜ ਦਿੱਤਾ ਸੀ ਨਾਤਾ
ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਓਲਾ ਦੇ ਸੀਈਓ ਭਾਵਿਸ਼ ਅਗਰਵਾਲ (Bhavish Aggarwal) ਨੇ ਗੂਗਲ ਮੈਪਸ ਨਾਲ ਨਾਤਾ ਤੋੜ ਕੇ ਆਪਣੇ ਓਲਾ ਮੈਪਸ ਨੂੰ ਲਾਂਚ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਕੰਪਨੀ ਨੂੰ ਸਾਲਾਨਾ 100 ਕਰੋੜ ਰੁਪਏ ਦੀ ਬਚਤ ਹੋਵੇਗੀ। ਇਸ ਤੋਂ ਬਾਅਦ ਗੂਗਲ ਮੈਪਸ ਨੇ ਵੀ ਆਪਣੀ ਸਰਵਿਸ ਫੀਸ ਘਟਾ ਦਿੱਤੀ ਸੀ। ਓਲਾ ਇਲੈਕਟ੍ਰਿਕ IPO ਅਗਲੇ ਹਫਤੇ 2 ਅਗਸਤ ਨੂੰ ਖੁੱਲ੍ਹਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਹ ਵਿਵਾਦ ਕੰਪਨੀ ਲਈ ਚੁਣੌਤੀ ਪੇਸ਼ ਕਰ ਸਕਦਾ ਹੈ।