Parle Biscuits Price Hike: ਪ੍ਰਮੁੱਖ ਫੂਡ ਕੰਪਨੀ ਪਾਰਲੇ ਪ੍ਰੋਡਕਟਸ ਨੇ ਉਤਪਾਦਨ ਦੀ ਲਾਗਤ ਵਧਣ ਕਾਰਨ ਆਪਣੇ ਉਤਪਾਦਾਂ ਦੀਆਂ ਸਾਰੀਆਂ ਸ਼੍ਰੇਣੀਆਂ ਵਿੱਚ ਪੰਜ ਤੋਂ 10 ਫੀਸਦੀ ਤੱਕ ਕੀਮਤਾਂ ਵਧਾ ਦਿੱਤੀਆਂ ਹਨ। ਕੰਪਨੀ ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖੰਡ, ਕਣਕ ਅਤੇ ਖਾਣ ਵਾਲੇ ਤੇਲ ਵਰਗੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਕੰਪਨੀ ਨੂੰ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਪੈ ਰਿਹਾ ਹੈ।
10 ਫੀਸਦੀ ਤੱਕ ਕੀਮਤਾਂ ਵਧੀਆਂ
ਕੰਪਨੀ ਦਾ ਸਭ ਤੋਂ ਮਸ਼ਹੂਰ ਗਲੂਕੋਜ਼ ਬਿਸਕੁਟ ਪਾਰਲੇ ਜੀ ਹੁਣ 6-7 ਫੀਸਦੀ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਰਸਕ ਅਤੇ ਕੇਕ ਸੈਗਮੈਂਟ 'ਚ ਕੀਮਤਾਂ 'ਚ ਕ੍ਰਮਵਾਰ 5-10 ਫੀਸਦੀ ਅਤੇ 7-8 ਫੀਸਦੀ ਦਾ ਵਾਧਾ ਕੀਤਾ ਹੈ। ਦੱਸ ਦੇਈਏ ਕਿ ਬਿਸਕੁਟ ਸੈਗਮੈਂਟ ਵਿੱਚ ਪਾਰਲੇ ਦੇ ਉਤਪਾਦਾਂ ਵਿੱਚ ਪਾਰਲੇ ਜੀ, ਹਾਈਡ ਐਂਡ ਸੀਕ ਅਤੇ ਕ੍ਰੈਕਜੈਕ ਵਰਗੇ ਮਸ਼ਹੂਰ ਬ੍ਰਾਂਡ ਸ਼ਾਮਲ ਹਨ।
ਪੈਕੇਟ 'ਤੇ ਨਹੀਂ ਵਧੇਗੀ ਕੀਮਤ, ਘਟੇਗਾ ਭਾਰ
ਪਾਰਲੇ ਪ੍ਰੋਡਕਟਸ ਦੇ ਸੀਨੀਅਰ ਕੈਟਾਗਰੀ ਹੈੱਡ ਮਯੰਕ ਸ਼ਾਹ ਨੇ ਕਿਹਾ, "ਅਸੀਂ ਕੀਮਤਾਂ ਵਿੱਚ 5-10 ਫੀਸਦੀ ਦਾ ਵਾਧਾ ਕੀਤਾ ਹੈ।" ਇਸ ਦੇ ਨਾਲ ਹੀ ਕੀਮਤਾਂ ਨੂੰ ਆਕਰਸ਼ਕ ਪੱਧਰ 'ਤੇ ਰੱਖਣ ਲਈ ਪੈਕਟ ਦੇ 'ਭਾਰ' 'ਚ ਕਟੌਤੀ ਕੀਤੀ ਗਈ ਹੈ।
ਪਾਰਲੇ ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਕਿਉਂ ਵਧਾਈਆਂ?
ਉਨ੍ਹਾਂ ਕਿਹਾ ਕਿ "ਉਤਪਾਦਨ ਲਾਗਤ 'ਤੇ ਮਹਿੰਗਾਈ ਦੇ ਦਬਾਅ ਨੂੰ ਦੇਖਦੇ ਹੋਏ ਇਹ ਕੀਤਾ ਗਿਆ ਹੈ, ਜਿਸਦਾ ਅਸੀਂ ਸਾਹਮਣਾ ਕਰ ਰਹੇ ਹਾਂ। ਜ਼ਿਆਦਾਤਰ ਕੰਪਨੀਆਂ ਇਸ ਦਾ ਸਾਹਮਣਾ ਕਰ ਰਹੀਆਂ ਹਨ।" ਉਨ੍ਹਾਂ ਕਿਹਾ ਕਿ ਕੰਪਨੀ ਨੂੰ ਮਹਿੰਗਾਈ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਖਾਣ ਵਾਲੇ ਤੇਲ ਵਰਗੀਆਂ ਸਮੱਗਰੀ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 50-60 ਫੀਸਦੀ ਵਧੀਆਂ ਹਨ।
ਵਿੱਤੀ ਸਾਲ ਦਾ ਪਹਿਲਾ ਵਾਧਾ
ਦੱਸ ਦੇਈਏ ਕਿ ਪਾਰਲੇ ਵਲੋਂ ਇਸ ਵਿੱਤੀ ਸਾਲ ਵਿੱਚ ਇਹ ਪਹਿਲਾ ਵਾਧਾ ਹੈ। ਇਸ ਤੋਂ ਪਹਿਲਾਂ, ਕੰਪਨੀ ਨੇ ਜਨਵਰੀ-ਮਾਰਚ 2021 ਤਿਮਾਹੀ ਵਿੱਚ ਕੀਮਤਾਂ ਵਿੱਚ ਵਾਧਾ ਕੀਤਾ ਸੀ ਪਰ ਇਹ ਵਿੱਤੀ ਸਾਲ 2020-2021 ਵਿੱਚ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Union Cabinet Meeting: ਕੇਂਦਰੀ ਮੰਤਰੀ ਮੰਡਲ ਦੀ ਹੋਣ ਵਾਲੀ ਮੀਟਿੰਗ 'ਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ 'ਤੇ ਲੱਗ ਸਕਦੀ ਮੋਹਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin