Indian Airlines: ਜੇ ਤੁਸੀਂ ਕੁੱਤਿਆਂ ਅਤੇ ਬਿੱਲੀਆਂ ਨੂੰ ਰੱਖਣ ਦੇ ਸ਼ੌਕੀਨ ਹੋ ਅਤੇ ਉਨ੍ਹਾਂ ਨੂੰ ਹਮੇਸ਼ਾ ਆਪਣੇ ਨਾਲ ਰੱਖਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਖ਼ਬਰ ਹੈ ਕਿ ਹੁਣ ਹਵਾਈ ਸਫ਼ਰ ਦੌਰਾਨ ਪਾਲਤੂ ਕੁੱਤੇ ਤੇ ਬਿੱਲੀਆਂ ਵੀ ਨਾਲ ਲੈ ਜਾ ਸਕਣਗੇ। ਭਾਰਤ ਦੀ ਨਵੀਂ ਏਅਰਲਾਈਨ ਅਕਾਸਾ ਏਅਰ ਇਸ ਨੂੰ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਨਵੰਬਰ ਮਹੀਨੇ ਤੋਂ ਪਾਲਤੂ ਜਾਨਵਰ (ਕੁੱਤੇ ਤੇ ਬਿੱਲੀ) ਨੂੰ ਨਾਲ ਲੈ ਜਾਣ ਦੀ ਇਜਾਜ਼ਤ ਦੇਣ ਜਾ ਰਹੀ ਹੈ।


ਅਕਾਸਾ ਏਅਰ ਨੇ ਕੈਬਿਨ ਅਤੇ ਕਾਰਗੋ ਵਿੱਚ ਪਾਲਤੂ ਕੁੱਤਿਆਂ ਅਤੇ ਬਿੱਲੀਆਂ ਨੂੰ ਆਗਿਆ ਦੇਣ ਦਾ ਫੈਸਲਾ ਕੀਤਾ ਹੈ। ਇਸ ਦੀ ਬੁਕਿੰਗ ਇਸ ਸਾਲ 15 ਅਕਤੂਬਰ ਤੋਂ ਸ਼ੁਰੂ ਹੋਵੇਗੀ। ਪਾਲਤੂ ਜਾਨਵਰਾਂ ਨਾਲ ਅਕਾਸਾ ਏਅਰ ਦੀ ਪਹਿਲੀ ਉਡਾਣ 1 ਨਵੰਬਰ ਨੂੰ ਉਡਾਣ ਭਰਨ ਵਾਲੀ ਹੈ। ਇਸ ਤੋਂ ਇਲਾਵਾ ਕੰਪਨੀ ਅਗਲੇ ਕੁਝ ਹਫਤਿਆਂ 'ਚ ਨਵਾਂ ਰੂਟ ਵੀ ਸ਼ੁਰੂ ਕਰਨ ਜਾ ਰਹੀ ਹੈ। ਅਕਾਸਾ ਏਅਰ ਹੁਣ ਸਾਲ 2023 ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਸਮੇਂ ਕੰਪਨੀ ਕੋਲ 6 ਜਹਾਜ਼ ਹਨ ਅਤੇ ਅਗਲੇ ਸਾਲ ਮਾਰਚ ਦੇ ਅੰਤ ਤੱਕ 18 ਜਹਾਜ਼ ਹੋ ਜਾਣਗੇ।


ਕੀ ਕਹਿਣਾ ਹੈ ਕੰਪਨੀ ਦੇ ਸੀਈਓ ਦਾ?


ਏਅਰਲਾਈਨ ਦੇ ਸੀਈਓ ਵਿਨੈ ਦੂਬੇ ਦਾ ਕਹਿਣਾ ਹੈ ਕਿ ਸੰਚਾਲਨ ਸ਼ੁਰੂ ਹੋਣ ਦੇ ਪਹਿਲੇ 60 ਦਿਨਾਂ ਵਿੱਚ ਏਅਰਲਾਈਨ ਕੰਪਨੀ ਅਕਾਸਾ ਏਅਰ ਦਾ ਪ੍ਰਦਰਸ਼ਨ ਤਸੱਲੀਬਖਸ਼ ਰਿਹਾ ਹੈ। ਏਅਰਲਾਈਨ ਨੇ ਇਸ ਸਾਲ ਅਗਸਤ ਵਿੱਚ ਸੰਚਾਲਨ ਸ਼ੁਰੂ ਕੀਤਾ ਸੀ ਅਤੇ ਅਗਲੇ ਸਾਲ ਦੇ ਦੂਜੇ ਅੱਧ ਵਿੱਚ ਅੰਤਰਰਾਸ਼ਟਰੀ ਸੰਚਾਲਨ ਸ਼ੁਰੂ ਕਰਨ ਦੀ ਵੀ ਯੋਜਨਾ ਹੈ। ਕੰਪਨੀ ਦੇ ਬੇੜੇ ਵਿੱਚ 6 ਜਹਾਜ਼ ਹਨ ਅਤੇ ਉਹ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ ਬੇੜੇ ਦਾ ਆਕਾਰ ਵਧਾ ਕੇ ਕੁੱਲ 18 ਜਹਾਜ਼ਾਂ ਤੱਕ ਪਹੁੰਚਾਉਣ ਲਈ ਤਿਆਰ ਹੈ। ਦੂਬੇ ਨੇ ਕਿਹਾ ਕਿ ਕੰਪਨੀ ਨਵੇਂ ਨਿਵੇਸ਼ਕਾਂ ਦੀ ਤਲਾਸ਼ ਕਰ ਰਹੀ ਹੈ।


ਅੱਜ ਤੋਂ ਦਿੱਲੀ ਤੋਂ ਸ਼ੁਰੂ ਹੋਣਗੀਆਂ ਸੇਵਾਵਾਂ 


ਕੰਪਨੀ ਆਪਣੀਆਂ ਉਡਾਣਾਂ ਦਾ ਵਿਸਤਾਰ ਵੀ ਕਰ ਰਹੀ ਹੈ। ਏਅਰਲਾਈਨ ਇਸ ਸਮੇਂ ਰੋਜ਼ਾਨਾ 30 ਉਡਾਣਾਂ ਚਲਾ ਰਹੀ ਹੈ ਅਤੇ ਸ਼ੁੱਕਰਵਾਰ, 7 ਅਕਤੂਬਰ ਤੋਂ ਦਿੱਲੀ ਤੋਂ ਸੇਵਾਵਾਂ ਸ਼ੁਰੂ ਹੋਣਗੀਆਂ। ਇਸ ਦੇ ਨਾਲ ਹੀ ਕੰਪਨੀ ਆਪਣੇ ਬੇੜੇ ਵਿੱਚ ਨਵੇਂ ਜਹਾਜ਼ ਵੀ ਸ਼ਾਮਲ ਕਰ ਰਹੀ ਹੈ। ਅਕਾਸਾ ਏਅਰ ਨੇ 72 ਬੋਇੰਗ-737 ਮੈਕਸ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਇੰਡੀਗੋ ਇੰਡੀਅਨ ਏਅਰਲਾਈਨਜ਼ ਇੰਡਸਟਰੀ 'ਚ ਮਾਰਕੀਟ ਲੀਡਰ ਹੈ। ਇਸ ਦੇ ਨਾਲ ਹੀ ਟਾਟਾ ਸੰਨਜ਼ ਦੀ ਏਅਰ ਇੰਡੀਆ, ਵਿਸਤਾਰਾ ਅਤੇ ਏਅਰ ਏਸ਼ੀਆ ਤੋਂ ਇਲਾਵਾ ਸਪਾਈਸਜੈੱਟ ਵੀ ਬਾਜ਼ਾਰ 'ਚ ਮੌਜੂਦ ਹੈ।