Paytm Share Buyback : Paytm ਦੇ ਸਟਾਕ 'ਚ ਗਿਰਾਵਟ ਨੂੰ ਰੋਕਣ ਲਈ ਹੁਣ ਕੰਪਨੀ ਵੱਡਾ ਫੈਸਲਾ ਲੈਣ ਜਾ ਰਹੀ ਹੈ। ਸਟਾਕ ਐਕਸਚੇਂਜ 'ਤੇ ਸੂਚੀਬੱਧ ਹੋਣ ਦੇ ਸਿਰਫ ਇੱਕ ਸਾਲ ਵਿੱਚ, ਕੰਪਨੀ ਨੇ ਸ਼ੇਅਰ ਬਾਇਬੈਕ ਕਰਨ ਦਾ ਫੈਸਲਾ ਕੀਤਾ ਹੈ। Paytm ਦੀ ਮੂਲ ਕੰਪਨੀ One 97 Communication ਨੇ 13 ਦਸੰਬਰ, 2022 ਨੂੰ ਕੰਪਨੀ ਦੀ ਮੀਟਿੰਗ ਬੁਲਾਈ ਹੈ, ਜਿਸ ਵਿੱਚ ਬਾਇਬੈਕ ਬਾਰੇ ਫੈਸਲਾ ਲਿਆ ਜਾਵੇਗਾ। ਇਸ ਖਬਰ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਖੁੱਲ੍ਹਣ ਤੋਂ ਬਾਅਦ Paytm ਦੇ ਸਟਾਕ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ।


ਸ਼ੇਅਰਧਾਰਕਾਂ ਲਈ ਰਹੇਗਾ ਲਾਭਕਾਰੀ 


ਪੇਟੀਐਮ ਨੇ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਹੈ ਕਿ 13 ਦਸੰਬਰ ਨੂੰ ਨਿਰਦੇਸ਼ਕ ਮੰਡਲ ਦੀ ਇੱਕ ਮੀਟਿੰਗ ਹੋਵੇਗੀ ਜਿਸ ਵਿੱਚ ਬਾਇਬੈਕ ਬਾਰੇ ਫੈਸਲਾ ਲਿਆ ਜਾਵੇਗਾ। ਕੰਪਨੀ ਦੇ ਪ੍ਰਬੰਧਨ ਦਾ ਮੰਨਣਾ ਹੈ ਕਿ ਕੰਪਨੀ ਦੀ ਮੌਜੂਦਾ ਨਕਦੀ ਅਤੇ ਵਿੱਤੀ ਸਥਿਤੀ ਨੂੰ ਦੇਖਦੇ ਹੋਏ, ਬਾਇਬੈਕ ਸ਼ੇਅਰਧਾਰਕਾਂ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਜੇਕਰ ਇਸ ਪ੍ਰਸਤਾਵ ਨੂੰ ਬੋਰਡ ਵੱਲੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਕੰਪਨੀ ਦੀ ਪਹਿਲੀ ਬਾਇਬੈਕ ਹੋਵੇਗੀ। ਜਦੋਂ ਵੀ ਕਿਸੇ ਕੰਪਨੀ ਨੂੰ ਲੱਗਦਾ ਹੈ ਕਿ ਸਟਾਕ ਉਸਦੇ ਮੁੱਲ ਤੋਂ ਹੇਠਾਂ ਵਪਾਰ ਕਰ ਰਿਹਾ ਹੈ, ਤਾਂ ਕੰਪਨੀਆਂ ਸ਼ੇਅਰਾਂ ਨੂੰ ਵਾਪਸ ਖਰੀਦ ਲੈਂਦੀਆਂ ਹਨ, ਜਿਸ ਨਾਲ ਸਟਾਕ ਵਿੱਚ ਗਿਰਾਵਟ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ ਅਤੇ ਸਟਾਕ ਵਿੱਚ ਵਾਧਾ ਵੀ ਹੁੰਦਾ ਹੈ। ਫਿਲਹਾਲ ਇਨਫੋਸਿਸ ਦੀ ਬਾਇਬੈਕ ਚੱਲ ਰਹੀ ਹੈ।


Paytm ਦਾ ਸ਼ੇਅਰ IPO ਕੀਮਤ ਤੋਂ 75% ਹੇਠਾਂ


ਪੇਟੀਐਮ ਦੇ ਸ਼ੇਅਰਾਂ ਦੀ ਸੂਚੀ ਨਵੰਬਰ 2021 ਵਿੱਚ ਹੋਈ ਸੀ। ਕੰਪਨੀ ਨੇ 2150 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਆਈਪੀਓ ਜਾਰੀ ਕੀਤਾ ਸੀ। ਪਰ ਸਟਾਕ ਦੀ ਲਿਸਟਿੰਗ ਦੇ ਬਾਅਦ ਤੋਂ ਹੀ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਲਾਕ-ਇਨ ਪੀਰੀਅਡ ਖਤਮ ਹੋਣ ਤੋਂ ਬਾਅਦ 2150 ਰੁਪਏ ਦਾ ਸ਼ੇਅਰ 440 ਰੁਪਏ 'ਤੇ ਆ ਗਿਆ। ਭਾਵ IPO ਕੀਮਤ ਤੋਂ 80 ਪ੍ਰਤੀਸ਼ਤ ਤੋਂ ਘੱਟ। ਫਿਲਹਾਲ ਬਾਇਬੈਕ ਦੀ ਖਬਰ ਤੋਂ ਬਾਅਦ ਸਟਾਕ 4.62 ਫੀਸਦੀ ਦੇ ਵਾਧੇ ਨਾਲ 531 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਅਜੇ ਵੀ ਇਸਦੀ ਜਾਰੀ ਕੀਮਤ ਤੋਂ 75 ਪ੍ਰਤੀਸ਼ਤ ਘੱਟ ਹੈ। 1.39 ਲੱਖ ਕਰੋੜ ਰੁਪਏ ਦੀ ਮਾਰਕੀਟ ਕੈਪ ਵਾਲੀ ਕੰਪਨੀ ਦਾ ਮਾਰਕੀਟ ਕੈਪ ਹੁਣ ਘਟ ਕੇ 34,473 ਕਰੋੜ ਰੁਪਏ ਰਹਿ ਗਿਆ ਹੈ। ਭਾਵ ਨਿਵੇਸ਼ਕਾਂ ਨੂੰ 1.05 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ 2150 ਰੁਪਏ ਦੀ ਕੀਮਤ 'ਤੇ ਸ਼ੇਅਰ ਵੇਚਣ ਵਾਲੀ Paytm ਨਿਵੇਸ਼ਕਾਂ ਤੋਂ ਸਸਤੇ ਭਾਅ 'ਤੇ ਸ਼ੇਅਰ ਵਾਪਸ ਖਰੀਦਣ ਜਾ ਰਹੀ ਹੈ।