ਨਵੀਂ ਦਿੱਲੀ: ਪੈਟਰੋਲ ਕੀਮਤਾਂ ਵਿੱਚ ਉਛਾਲ ਮਗਰੋਂ ਹੁਣ ਆਮ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ।ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਿਵਾਲੀ ਤੋਂ ਪਹਿਲਾਂ ਘਟਾਉਣ ਮਗਰੋਂ ਹੁਣ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਜਨਤਾ ਨੂੰ ਵੱਡੀ ਰਾਹਤ ਦਿੰਦਿਆਂ ਪੈਟਰੋਲ ਦੀਆਂ ਕੀਮਤਾਂ ਨੂੰ ਸਸਤਾ ਕਰ ਦਿੱਤਾ ਹੈ। ਸਰਕਾਰ ਨੇ ਅੱਜ ਕੈਬਨਿਟ ਮੀਟਿੰਗ 'ਚ ਪੈਟਰੋਲ 'ਤੇ ਵੈਟ ਘਟਾ ਦਿੱਤਾ ਹੈ। ਹੁਣ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 8 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦਿੱਲੀ ਕੈਬਨਿਟ ਨੇ ਪੈਟਰੋਲ 'ਤੇ ਵੈਟ 30 ਫੀਸਦੀ ਤੋਂ ਘਟਾ ਕੇ 19.4 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਦਿੱਲੀ 'ਚ ਪੈਟਰੋਲ ਦੀ ਕੀਮਤ 8 ਰੁਪਏ ਪ੍ਰਤੀ ਲੀਟਰ ਘੱਟ ਜਾਵੇਗੀ। ਨਵੀਆਂ ਦਰਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ।
ਇਸ ਕਟੌਤੀ ਤੋਂ ਬਾਅਦ ਦਿੱਲੀ 'ਚ ਪੈਟਰੋਲ ਲਗਭਗ 96 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਮਿਲ ਸਕਦਾ ਹੈ। ਇਸ ਸਮੇਂ ਲੋਕ 103.97 ਰੁਪਏ ਪ੍ਰਤੀ ਲੀਟਰ ਪੈਟਰੋਲ ਦੇ ਰਹੇ ਹਨ। ਦੂਜੇ ਪਾਸੇ ਜੇਕਰ ਡੀਜ਼ਲ ਦੀ ਗੱਲ ਕਰੀਏ ਤਾਂ ਰਾਜਧਾਨੀ ਵਿੱਚ ਇਹ 86.67 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਮਿਲ ਰਿਹਾ ਹੈ। ਕੈਬਨਿਟ ਮੀਟਿੰਗ ਤੋਂ ਪਹਿਲਾਂ ਹੀ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸਰਕਾਰ ਪੈਟਰੋਲ 'ਤੇ ਵੈਟ ਘਟਾ ਸਕਦੀ ਹੈ।
ਕੇਜਰੀਵਾਲ ਸਰਕਾਰ ਵੱਲੋਂ ਪੈਟਰੋਲ 'ਤੇ ਵੈਟ ਘਟਾਉਣ ਤੋਂ ਬਾਅਦ ਦਿੱਲੀ ਹੀ ਅਜਿਹਾ ਸ਼ਹਿਰ ਬਣ ਗਿਆ ਹੈ ਜਿੱਥੇ ਪੈਟਰੋਲ 100 ਰੁਪਏ ਦੇ ਅੰਦਰ ਵਿਕੇਗਾ। ਮੁੰਬਈ, ਚੇਨਈ ਅਤੇ ਕੋਲਕਾਤਾ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਦੀ ਕੀਮਤ 100 ਰੁਪਏ ਤੋਂ ਉੱਪਰ ਹੈ।
ਦੱਸ ਦੇਈਏ ਕਿ ਪਿਛਲੇ ਮਹੀਨੇ ਦਿੱਲੀ ਪੈਟਰੋਲ-ਡੀਜ਼ਲ ਡੀਲਰਜ਼ ਐਸੋਸੀਏਸ਼ਨ ਨੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਵੈਟ ਘਟਾਉਣ ਦੀ ਮੰਗ ਕੀਤੀ ਸੀ। ਪੱਤਰ ਵਿੱਚ ਉਨ੍ਹਾਂ ਕਿਹਾ ਸੀ ਕਿ ਇਸ ਕਾਰਨ ਦਿੱਲੀ ਦੇ ਡੀਲਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਤੋਂ ਬਾਅਦ ਸੀਐਮ ਕੇਜਰੀਵਾਲ ਨੇ ਵੈਟ ਘਟਾਉਣ ਦੇ ਸੰਕੇਤ ਦਿੱਤੇ ਸਨ।
ਸਾਲ ਦੀ ਸ਼ੁਰੂਆਤ ਤੋਂ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਸੀ। ਤੇਲ ਦੀਆਂ ਕੀਮਤਾਂ ਕਈ ਦਿਨਾਂ ਤੋਂ ਅਸਮਾਨ ਨੂੰ ਛੂਹ ਰਹੀਆਂ ਸਨ। ਇਸ ਤੋਂ ਬਾਅਦ ਦੀਵਾਲੀ ਦੇ ਮੌਕੇ 'ਤੇ ਕੇਂਦਰ ਦੀ ਮੋਦੀ ਸਰਕਾਰ ਨੇ ਲੋਕਾਂ ਨੂੰ ਤੋਹਫਾ ਦਿੰਦੇ ਹੋਏ ਐਕਸਾਈਜ਼ ਡਿਊਟੀ 'ਚ ਪੰਜ ਅਤੇ ਦਸ ਰੁਪਏ ਦੀ ਕਟੌਤੀ ਕਰ ਦਿੱਤੀ। ਇਸ ਕਾਰਨ ਤੇਲ ਦੀਆਂ ਕੀਮਤਾਂ ਡਿੱਗ ਗਈਆਂ। ਕੇਂਦਰ ਸਰਕਾਰ ਤੋਂ ਬਾਅਦ ਐਨਡੀਏ ਸ਼ਾਸਿਤ ਰਾਜਾਂ ਨੇ ਆਪਣੇ-ਆਪਣੇ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਘਟਾ ਦਿੱਤਾ ਸੀ। ਕੁਝ ਦਿਨਾਂ ਬਾਅਦ ਲੋਕਾਂ ਨੂੰ ਰਾਹਤ ਦਿੰਦਿਆਂ ਪੰਜਾਬ, ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਕਾਂਗਰਸ ਸਰਕਾਰਾਂ ਨੇ ਵੀ ਅਜਿਹਾ ਹੀ ਕੀਤਾ।