ਨਵੀਂ ਦਿੱਲੀ: ਕੋਰੋਨਾ-ਮਹਾਮਾਰੀ ਦੌਰਾਨ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦੀ ਚਿੰਤਾ ਵਧਾ ਦਿੱਤੀ ਹੈ। ਇਕੱਲੇ ਮਈ ਮਹੀਨੇ’ਚ 14ਵੀਂ ਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਅੱਜ ਦੇ ਇਸ ਵਾਧੇ ਨਾਲ ਚੰਡੀਗੜ੍ਹ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉਚੇਰੇ ਪੱਧਰ ਉੱਤੇ ਪੁੱਜ ਗਈਆਂ ਹਨ। ਇੰਝ ਚੰਡੀਗੜ੍ਹ ’ਚ ਤੇਲ ਕੀਮਤਾਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।


ਚੰਡੀਗੜ੍ਹ ’ਚ ਡੀਜ਼ਲ 84.27 ਰੁਪਏ ਅਤੇ ਪੈਟਰੋਲ ਦੀ ਕੀਮਤ ਵਧ ਕੇ 90.11 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਪੰਜਾਬ ਵਿੱਚ ਅੱਜ 28 ਮਈ ਨੂੰ ਪੈਟਰੋਲ ਦੀ ਕੀਮਤ 94.86 ਰੁਪਏ ਪ੍ਰਤੀ ਲਿਟਰ ਹੈ। ਡੀਜ਼ਲ ਦੀ ਕੀਮਤ ਵਧ ਕੇ 86.61 ਰੁਪਏ ਪ੍ਰਤੀ ਲਿਟਰ ਹੋ ਗਈ ਹੈ।


ਪੈਟਰੋਲ–ਡੀਜ਼ਲ ਦੇ ਰੇਟ ਵਿੱਚ ਵਾਧਾ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਹੈ। 30 ਅਪ੍ਰੈਲ, 2020 ਨੂੰ ਚੰਡੀਗੜ੍ਹ ’ਚ ਪੈਟਰੋਲ 65.82 ਰੁਪਏ ਪ੍ਰਤੀ ਲਿਟਰ ਸੀ। ਤਦ ਕੋਰੋਨਾ ਦੀ ਪਹਿਲੀ ਲਹਿਰ ਸੀ। ਲੌਕਡਾਊਨ ਲੱਗਣ ਨਾਲ ਸਾਰਾ ਕੰਮਕਾਜ ਠੱਪ ਹੋ ਗਿਆ। ਕੋਰੋਨਾ ਦੀ ਰੋਕਥਾਮ ਲਈ ਸਰਕਾਰੀ ਖ਼ਜ਼ਾਨੇ ’ਚੋਂ ਮਦਦ ਕੀਤੀ ਜਾ ਰਹੀ ਸੀ। ਇਸ ਨਾਲ ਯੂਟੀ ਅਤੇ ਕੇਂਦਰ ਸਰਕਾਰ ਦਾ ਬਜਟ ਹਿੱਲਣ ਲੱਗਾ ਸੀ। ਇਸ ਕਮੀ ਨੂੰ ਪੂਰਾ ਕਰਨ ਲਈ ਪੈਟਰੋਲ ਤੇ ਡੀਜ਼ਲ ਉੱਤੇ ਟੈਕਸ ਵਧਾ ਦਿੱਤਾ ਗਿਆ ਸੀ।


ਪਹਿਲਾਂ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਵਧਾਈ ਤੇ ਫਿਰ ਚੰਡੀਗੜ੍ਹ ਪ੍ਰਸ਼ਾਸਨ ਨੇ ਲਗਭਗ ਪੰਜ ਫ਼ੀ ਸਦੀ ਵੈਟ ਵਧਾ ਦਿੱਤਾ। ਰੇਲ ਵਧਣ ਨਾਲ ਚੰਡੀਗੜ੍ਹ ’ਚ ਪੈਟਰੋਲ 68.62 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 62.02 ਰੁਪਏ ਪ੍ਰਤੀ ਲਿਟਰ ਹੋ ਗਿਆ ਸੀ। ਉਸ ਵੇਲੇ ਰੇਟ ਘੱਟ ਸਨ, ਜਿਸ ਕਰਕੇ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਈ ਸੀ। ਉਸ ਤੋਂ ਬਾਅਦ ਹੌਲੀ-ਹੌਲੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਲਗਾਤਾਰ ਜਾਰੀ ਹੈ।


ਆਪਣੇ ਸ਼ਹਿਰ ’ਚ ਪੈਟਰੋਲ-ਡੀਜ਼ਲ ਦੀ ਕੀਮਤ ਤੁਸੀਂ ਐੱਸਐੱਮਐੱਸ ਰਾਹੀਂ ਵੀ ਜਾਣ ਦਸਕਦੇ ਹੋ। ਇੰਡੀਅਨ ਆੱਇਲ ਦੀ ਵੈੱਬਸਾਈਟ ਅਨੁਸਾਰ ਤੁਹਾਨੂੰ RSP ਸਪੇਸ ਆਪਣੇ ਸ਼ਹਿਰ ਦਾ ਕੋਡ ਲਿਖ ਕੇ 92249-92249 ਨੰਬਰ ਉੱਤੇ ਭੇਜਣਾ ਹੋਵੇਗਾ। ਹਰੇਕ ਸ਼ਹਿਰ ਦਾ ਕੋਡ ਵੱਖੋ-ਵੱਖਰਾ ਹੈ, ਜੋ ਤੁਹਾਨੂੰ IOCL ਦੀ ਵੈੱਬਸਾਈਟ ਤੋਂ ਮਿਲ ਜਾਵੇਗਾ।