Petrol-Diesel Price 20 March 2022: ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਕਮੀ ਆਈ ਹੈ। ਰੂਸ-ਯੂਕਰੇਨ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ, ਜੋ ਕਰੀਬ 3 ਹਫਤਿਆਂ ਤੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਰਿਕਾਰਡ ਪੱਧਰ 'ਤੇ ਸਨ, ਹੁਣ ਨਰਮ ਹੋ ਕੇ 100 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈਆਂ ਹਨ। ਅਜਿਹੇ 'ਚ ਭਾਰਤੀ ਤੇਲ ਕੰਪਨੀਆਂ ਲਈ ਵੀ ਰਾਹਤ ਦੀ ਖ਼ਬਰ ਹੈ।



ਦਰਅਸਲ, ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨੇ ਖੁਦਰਾ ਤੇਲ ਕੰਪਨੀਆਂ 'ਤੇ ਮਾਰਜਿਨ ਦਾ ਦਬਾਅ ਘਟਾਇਆ ਹੈ ਜਿਸ ਕਾਰਨ ਹੁਣ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕੁਝ ਹੋਰ ਦਿਨਾਂ ਤੱਕ ਸਥਿਰ ਰਹਿ ਸਕਦੀਆਂ ਹਨ।

ਅੱਜ ਕੀ ਹੈ ਮਹਾਨਗਰਾਂ 'ਚ ਪੈਟਰੋਲ-ਡੀਜ਼ਲ ਦਾ ਰੇਟ
ਭਾਰਤੀ ਪੈਟਰੋਲੀਅਮ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਦੇ ਤਾਜ਼ਾ ਅਪਡੇਟ ਦੇ ਅਨੁਸਾਰ, 20 ਮਾਰਚ, 2022 ਨੂੰ ਵੀ, ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 95.41 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 86.67 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਹੈ। ਇਸੇ ਤਰ੍ਹਾਂ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ 'ਚ ਪੈਟਰੋਲ 109.98 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.14 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।





ਇਸ ਦੇ ਨਾਲ ਹੀ ਕੋਲਕਾਤਾ 'ਚ ਪੈਟਰੋਲ 104.67 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.79 ਰੁਪਏ ਪ੍ਰਤੀ ਲੀਟਰ ਹੈ। ਜਦਕਿ ਚੇਨਈ 'ਚ ਪੈਟਰੋਲ ਦੀ ਕੀਮਤ 101.40 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 91.43 ਰੁਪਏ ਪ੍ਰਤੀ ਲੀਟਰ ਹੈ।

ਰੂਸ ਨੇ 24 ਫਰਵਰੀ ਨੂੰ ਯੂਕਰੇਨ 'ਤੇ ਹਮਲਾ ਕੀਤਾ ਸੀ ਤੇ ਉਦੋਂ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀ ਕੀਮਤ 130 ਡਾਲਰ ਤੱਕ ਪਹੁੰਚ ਗਈ ਸੀ ਪਰ ਹੋਲੀ ਤੋਂ ਪਹਿਲਾਂ ਫਿਰ ਤੋਂ ਕੱਚੇ ਤੇਲ ਦੀ ਕੀਮਤ 100 ਡਾਲਰ 'ਤੇ ਆ ਗਈ ਹੈ। ਦੀਵਾਲੀ ਤੋਂ ਬਾਅਦ ਯਾਨੀ ਨਵੰਬਰ 2021 ਤੋਂ ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ।

ਤੁਸੀਂ ਰੋਜ਼ਾਨਾ ਇੱਕ SMS ਰਾਹੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਣ ਸਕਦੇ ਹੋ। ਇਸ ਦੇ ਲਈ ਇੰਡੀਅਨ ਆਇਲ (IOCL) ਦੇ ਗਾਹਕਾਂ ਨੂੰ RSP ਕੋਡ ਲਿਖ ਕੇ 9224992249 ਨੰਬਰ 'ਤੇ ਭੇਜਣਾ ਹੋਵੇਗਾ। ਆਪਣੇ ਸ਼ਹਿਰ ਦਾ RSP ਕੋਡ ਜਾਣਨ ਲਈ ਇੱਥੇ ਕਲਿੱਕ ਕਰੋ।

ਤੇਲ ਦੀਆਂ ਕੀਮਤਾਂ ਰੋਜ਼ਾਨਾ ਅਪਡੇਟ ਕੀਤੀਆਂ ਜਾਂਦੀਆਂ ਹਨ
ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਦੇ ਆਧਾਰ 'ਤੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਰੋਜ਼ਾਨਾ ਅਪਡੇਟ ਕੀਤੀ ਜਾਂਦੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਹਰ ਰੋਜ਼ ਕੀਮਤਾਂ ਦੀ ਸਮੀਖਿਆ ਕਰਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਕਰਦੀਆਂ ਹਨ।

ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਤੇਲ ਕੰਪਨੀਆਂ ਰੋਜ਼ਾਨਾ ਸਵੇਰੇ ਵੱਖ-ਵੱਖ ਸ਼ਹਿਰਾਂ ਦੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਜਾਣਕਾਰੀ ਅਪਡੇਟ ਕਰਦੀਆਂ ਹਨ। ਹਾਲਾਂਕਿ ਭਾਰਤ 'ਚ ਕੀਮਤਾਂ ਨਵੰਬਰ ਤੋਂ ਸਥਿਰ ਹਨ।