ਨਵੀਂ ਦਿੱਲੀ: ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਖ਼ਤਮ ਹੁੰਦਿਆਂ ਹੀ ਮਹਿੰਗਾਈ ਵਧਣ ਦਾ ਦੌਰ ਜਾਰੀ ਹੈ। ਪੈਟਰੋਲ ਤੇ ਡੀਜ਼ਲ ਦੇ ਭਾਅ ਲਗਾਤਾਰ ਤੀਜੇ ਦਿਨ ਵਧੇ ਹਨ। ਅੱਜ ਰਾਸ਼ਟਰੀ  ਰਾਜਧਾਨੀ 'ਚ ਪੈਟਰੋਲ 25 ਪੈਸੇ ਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 90.99 ਰੁਪਏ ਹੋ ਗਈ ਹੈ। ਉੱਤੇ ਹੀ ਡੀਜ਼ਲ 81.43 ਰੁਪਏ ਪ੍ਰਤੀ ਲੀਟਰ ਵਿਕੇਗਾ। ਮੁੰਬਈ, ਚੇਨੱਈ, ਕੋਲਕਾਤਾ ਚ ਵੀ ਅੱਜ ਪੈਟਰੋਲ-ਡੀਜ਼ਲ ਦੀ ਕੀਮਤ ਚ ਵਾਧਾ ਹੋਇਆ ਹੈ। 


ਤਿੰਨ ਦਿਨਾਂ 'ਚ ਕਿੰਨਾ ਮਹਿੰਗਾ ਹੋਇਆ ਤੇਲ


ਅੰਤਰ ਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੇ ਭਾਅ ਵਧਣੇ ਜਾਰੀ ਹਨ। ਬੀਤੇ ਮੰਗਲਵਾਰ ਕੱਚਾ ਤੇਲ ਸੱਤ ਹਫਤੇ ਦੇ ਆਪਣੇ ਸਿਖਰਲੇ ਪੱਧਰ 'ਤੇ ਪਹੁੰਚ ਗਿਆ ਸੀ। ਪਰ ਕਈ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੌਰਾਨ ਕੱਚਾ ਤੇਲ ਮਹਿੰਗਾ ਹੋਣ ਦੇ ਬਾਵਜੂਦ ਪੈਟਰੋਲ-ਡੀਜ਼ਲ ਦਾ ਭਾਅ ਨਹੀਂ ਵਧਿਆ ਸੀ। ਉਸ ਦੌਰਾਨ ਪੈਟਰੋਲ 77 ਪੈਸੇ ਤੇ ਡੀਜਲ 74 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਸੀ। ਹੁਣ ਲਗਤਾਰ ਤਿੰਨ ਦਿਨ 'ਚ ਪੈਟਰੋਲ 62 ਪੈਸੇ ਤੇ ਡੀਜ਼ਲ 69 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ।


ਰੋਜ਼ਾਨਾ ਛੇ ਵਜੇ ਤੈਅ ਹੁੰਦੀਆਂ ਕੀਮਤਾਂ


ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹਰ ਰੋਜ਼ ਸਵੇਰ 6 ਵਜੇ ਬਦਲਾਅ ਕੀਤਾ ਜਾਂਦਾ ਹੈ। ਸਵੇਰ 6 ਵਜੇ ਤੋਂ ਹੀ ਨਵੀਆਂ ਦਰਾਂ ਲਾਗੂ ਹੋ ਜਾਂਦੀਆਂ ਹਨ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕਈ ਹੋਰ ਟੈਕਸ ਜਿਵੇਂ ਐਕਸਾਇਜ਼ ਡਿਊਟੀ, ਡੀਲਰ ਕਮੀਸ਼ਨ ਜਿਹੀਆਂ ਕਈ ਚੀਜ਼ਾਂ ਜੋੜਨ ਤੋਂ ਬਾਅਦ ਇਨ੍ਹਾਂ ਦੇ ਰੇਟ ਲਗਪਗ ਦੁੱਗਣੇ ਹੋ ਜਾਂਦੇ ਹਨ। ਇਨ੍ਹਾਂ ਮਾਪਦੰਡਾਂ ਦੇ ਆਧਾਰ 'ਤੇ ਤੇਲ ਕੰਪਨੀਆਂ ਪੈਟਰੋਲ ਤੇ ਡੀਜ਼ਲ ਦੇ ਰੇਟ ਤੈਅ ਕਰਦੀਆਂ ਹਨ।


ਪੈਟਰੋਲ ਤੇ ਡੀਜ਼ਲ ਦੇ ਭਾਅ ਤੁਸੀਂ ਐਸਐਮਐਸ ਜ਼ਰੀਏ ਵੀ ਜਾਣ ਸਕਦੇ ਹੋ। ਇਸ ਦੇ ਨਾਲ ਹੀ ਇੰਡੀਅਨ ਆਇਲ ਦੀ ਵੈਬਸਾਈਟ ਦੇ ਮੁਤਾਬਕ ਤਹਾਨੂੰ RSP ਤੇ ਆਪਣੇ ਸ਼ਹਿਰ ਦਾ ਕੋਡ ਲਿਖ ਕੇ 9224992249 ਨੰਬਰ 'ਤੇ ਭੇਜਣਾ ਹੁੰਦਾ ਹੈ। ਧਿਆਨ ਰਹੇ ਕਿ ਹਰ ਸ਼ਹਿਰ ਦਾ ਕੋਡ ਵੱਖ-ਵੱਖ ਹੁੰਦਾ ਹੈ। ਜੋ ਤਹਾਨੂੰ ਆਸਾਨੀ ਨਾਲ ਇੰਡੀਅਨ ਆਇਲ ਦੀ ਵੈਬਸਾਈਟ 'ਤੇ ਮਿਲ ਜਾਂਦਾ ਹੈ।