Petrol price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ। ਪਿਛਲੇ 13 ਦਿਨਾਂ 'ਚ ਪੈਟਰੋਲ 8 ਰੁਪਏ ਮਹਿੰਗਾ ਹੋਇਆ ਹੈ। ਇਸ ਵੇਲੇ ਰਾਜਸਥਾਨ ਦੇ ਗੰਗਾਨਗਰ 'ਚ ਪੈਟਰੋਲ 120 ਰੁਪਏ ਪ੍ਰਤੀ ਲੀਟਰ ਦੇ ਪਾਰ ਪਹੁੰਚ ਗਿਆ ਹੈ। ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਪੈਟਰੋਲ ਦਾ ਰੇਟ 12 ਰੁਪਏ ਹੋਰ ਵਧ ਸਕਦਾ ਹੈ।  

ਦੱਸ ਦਈਏ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 80-80 ਪੈਸੇ ਦਾ ਵਾਧਾ ਹੋਇਆ ਹੈ। ਇਸ ਨਾਲ ਇੱਥੇ 1 ਲੀਟਰ ਪੈਟਰੋਲ 103.41 ਰੁਪਏ ਤੇ ਡੀਜ਼ਲ 94.67 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।

ਹਾਸਲ ਅੰਕੜਿਆਂ ਮੁਤਾਬਕ 22 ਮਾਰਚ ਤੋਂ ਹੁਣ ਤੱਕ ਯਾਨੀ ਸਿਰਫ 13 ਦਿਨਾਂ 'ਚ ਹੀ ਦਿੱਲੀ 'ਚ ਪੈਟਰੋਲ-ਡੀਜ਼ਲ 7 ਰੁਪਏ 96 ਪੈਸੇ ਮਹਿੰਗਾ ਹੋ ਗਿਆ ਹੈ। 21 ਮਾਰਚ ਨੂੰ ਪੈਟਰੋਲ 95.45 ਰੁਪਏ ਪ੍ਰਤੀ ਲੀਟਰ ਸੀ ਪਰ ਉਦੋਂ ਤੋਂ ਹੁਣ ਤੱਕ ਯਾਨੀ ਮਹਿਜ਼ 13 ਦਿਨਾਂ ਵਿੱਚ ਹੀ ਪੈਟਰੋਲ 7 ਰੁਪਏ 96 ਪੈਸੇ ਮਹਿੰਗਾ ਹੋ ਕੇ 103.41 ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਡੀਜ਼ਲ ਵੀ 7 ਰੁਪਏ 96 ਪੈਸੇ ਮਹਿੰਗਾ ਹੋ ਕੇ 94.67 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।

ਕ੍ਰਿਸਿਲ ਰਿਸਰਚ ਦੀ ਰਿਪੋਰਟ ਮੁਤਾਬਕ ਤੇਲ ਮਾਰਕੀਟਿੰਗ ਕੰਪਨੀਆਂ ਦੇ ਨੁਕਸਾਨ ਦੀ ਭਰਪਾਈ ਲਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 15 ਤੋਂ 20 ਰੁਪਏ ਦਾ ਵਾਧਾ ਕਰਨ ਦੀ ਲੋੜ ਸੀ। ਇਸ ਨਜ਼ਰੀਏ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 12 ਰੁਪਏ ਹੋਰ ਵਾਧਾ ਹੋ ਸਕਦਾ ਹੈ। ਅੱਜ ਜਦੋਂ ਤੁਹਾਨੂੰ 100 ਰੁਪਏ ਦਾ ਪੈਟਰੋਲ ਮਿਲਦਾ ਹੈ ਤਾਂ ਇਸ ਵਿੱਚੋਂ 52 ਰੁਪਏ ਟੈਕਸ ਵਜੋਂ ਸਰਕਾਰ ਦੀ ਜੇਬ ਵਿੱਚ ਜਾਂਦੇ ਹਨ। ਇਸ ਕਾਰਨ ਜਿੱਥੇ ਆਮ ਲੋਕਾਂ ਦੀਆਂ ਜੇਬਾਂ ਖਾਲੀ ਹੋ ਗਈਆਂ, ਉੱਥੇ ਹੀ ਸਰਕਾਰੀ ਖ਼ਜ਼ਾਨਾ ਵੀ ਤੇਜ਼ੀ ਨਾਲ ਭਰਿਆ ਗਿਆ।

ਪੈਟਰੋਲ ਦੀ ਬੇਸ ਕੀਮਤ ਜੋ ਇਸ ਸਮੇਂ 53 ਰੁਪਏ ਦੇ ਨੇੜੇ ਹੈ, ਕੇਂਦਰ ਸਰਕਾਰ ਇਸ 'ਤੇ 27.90 ਰੁਪਏ ਐਕਸਾਈਜ਼ ਡਿਊਟੀ ਵਸੂਲ ਰਹੀ ਹੈ। ਇਸ ਤੋਂ ਬਾਅਦ ਰਾਜ ਸਰਕਾਰਾਂ ਆਪਣੇ ਤੌਰ 'ਤੇ ਵੈਟ ਤੇ ਸੈੱਸ ਵਸੂਲਦੀਆਂ ਹਨ, ਜਿਸ ਤੋਂ ਬਾਅਦ ਇਨ੍ਹਾਂ ਦੀ ਕੀਮਤ ਬੇਸ ਪ੍ਰਾਈਸ ਨਾਲੋਂ 2 ਗੁਣਾ ਵਧ ਗਈ ਹੈ। ਅਜਿਹੇ 'ਚ ਟੈਕਸ 'ਚ ਰਾਹਤ ਦਿੱਤੇ ਬਿਨਾਂ ਪੈਟਰੋਲ ਦੀਆਂ ਕੀਮਤਾਂ ਨੂੰ ਘੱਟ ਕਰਨਾ ਸੰਭਵ ਨਹੀਂ ਹੈ।


ਇਹ ਵੀ ਪੜ੍ਹੋ :