PM Awas Scheme: ਕੇਂਦਰ ਸਰਕਾਰ (Central Government) ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦੇਸ਼ ਦੇ ਗਰੀਬਾਂ ਅਤੇ ਲੋੜਵੰਦਾਂ ਨੂੰ ਪੱਕੇ ਮਕਾਨ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਸਰਕਾਰੀ ਸਕੀਮ ਤਹਿਤ ਸਬਸਿਡੀ ਵੀ ਦਿੱਤੀ ਜਾਂਦੀ ਹੈ। ਸਰਕਾਰ ਨੇ ਦੱਸਿਆ ਕਿ ਹੁਣ ਤੱਕ 122.69 ਲੱਖ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਮੰਤਰਾਲੇ ਨੇ ਜਾਰੀ ਕੀਤਾ ਬਿਆਨ
ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ 61 ਲੱਖ ਤੋਂ ਵੱਧ ਮਕਾਨ ਮੁਕੰਮਲ ਕਰ ਲਏ ਗਏ ਹਨ ਅਤੇ ਲਾਭਪਾਤਰੀਆਂ ਨੂੰ ਸੌਂਪ ਦਿੱਤੇ ਗਏ ਹਨ। ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਮਨੋਜ ਜੋਸ਼ੀ ਨੇ ਇੱਕ ਔਨਲਾਈਨ ਪ੍ਰੋਗਰਾਮ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ "ਸਭ ਲਈ ਮਕਾਨ" ਦੇ ਟੀਚੇ ਨੂੰ ਪੂਰਾ ਕਰਨ ਲਈ ਆਪੋ-ਆਪਣੇ ਖੇਤਰਾਂ ਵਿੱਚ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ।
2015 ਵਿੱਚ ਸ਼ੁਰੂ ਹੋਈ ਸੀ ਸਕੀਮ
ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ਯੋਜਨਾ (PMAY-U) ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 25 ਜੂਨ, 2015 ਨੂੰ ਕੀਤੀ ਗਈ ਸੀ। ਮੰਤਰਾਲੇ ਦੇ ਅਨੁਸਾਰ, ਯੋਜਨਾ ਦੀ ਸੱਤਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਇੱਕ ਸਮਾਗਮ ਵਿੱਚ PMAY-U ਮਿਸ਼ਨ ਦੇ ਤਹਿਤ ਲਾਗੂ ਕੀਤੀਆਂ ਗਈਆਂ ਮਹੱਤਵਪੂਰਨ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਗਿਆ, ਜੋ ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰੀ ਆਵਾਸ ਪ੍ਰੋਗਰਾਮਾਂ ਵਿੱਚੋਂ ਇੱਕ ਹੈ।
ਮੰਤਰਾਲੇ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ, ਭਾਰਤ ਦੇ ਸ਼ਹਿਰੀ ਲੈਂਡਸਕੇਪ ਨੂੰ ਬਦਲਣ ਲਈ ਕਈ ਤਕਨੀਕੀ ਅਤੇ ਸੁਧਾਰਾਤਮਕ ਉਪਾਅ ਕੀਤੇ ਗਏ ਹਨ।
ਕਿੰਨੀ ਆਮਦਨੀ ਵਾਲੇ ਲੈ ਸਕਦੇ ਹਨ ਫਾਇਦਾ ?
ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਲੈਣ ਲਈ ਸਰਕਾਰ ਨੇ ਆਮਦਨ ਦੇ 3 ਸਲੈਬ ਬਣਾਏ ਹਨ। ਇੱਕ ਜਿਸਦੀ ਆਮਦਨ 3 ਲੱਖ ਤੋਂ ਘੱਟ ਹੈ, ਦੂਜਾ ਜਿਸਦੀ ਆਮਦਨ 3 ਤੋਂ 6 ਲੱਖ ਦੇ ਵਿਚਕਾਰ ਹੈ। ਇਸ ਦੇ ਨਾਲ ਹੀ ਜਿਨ੍ਹਾਂ ਦੀ ਆਮਦਨ 6 ਤੋਂ 12 ਲੱਖ ਦੇ ਵਿਚਕਾਰ ਹੈ। ਇਸ ਸਕੀਮ ਤਹਿਤ ਔਰਤਾਂ, ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਨੂੰ ਵੀ ਸਕੀਮ ਦਾ ਲਾਭ ਦਿੱਤਾ ਜਾਂਦਾ ਹੈ।