ਨਵੀਂ ਦਿੱਲੀ: ਸ਼ਨੀਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲਈ ਜਨਤਾ ਸਭ ਤੋਂ ਪਹਿਲਾਂ ਹੈ। ਮੋਦੀ ਨੇ ਟਵੀਟ ਕਰ ਕਿਹਾ, "ਲੋਕ ਹਮੇਸ਼ਾ ਸਾਡੇ ਲਈ ਪਹਿਲੇ ਹੁੰਦੇ ਹਨ! ਅੱਜ ਦੇ ਫੈਸਲਿਆਂ, ਖਾਸ ਤੌਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮਹੱਤਵਪੂਰਨ ਕਮੀ ਨਾਲ ਸਬੰਧਤ, ਵੱਖ-ਵੱਖ ਸੈਕਟਰਾਂ 'ਤੇ ਸਕਾਰਾਤਮਕ ਪ੍ਰਭਾਵ ਪਾਉਣਗੇ, ਸਾਡੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਗੇ ਅਤੇ 'ਜੀਵਨ ਦੀ ਸੌਖ' ਨੂੰ ਅੱਗੇ ਵਧਾਉਣਗੇ।"
ਦੱਸ ਦਈਏ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣ ਅਤੇ ਗੈਸ ਸਬਸਿਡੀ ਦੇਣ ਦੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਪਿਛਲੇ ਕੁਝ ਮਹੀਨਿਆਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਤੋਂ ਇਲਾਵਾ ਐੱਲਪੀਜੀ ਦੀਆਂ ਕੀਮਤਾਂ 'ਚ ਵੀ ਲਗਾਤਾਰ ਵਾਧਾ ਹੋਇਆ ਹੈ।
ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 200 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਦੇਣ ਦੇ ਫੈਸਲੇ ਦਾ ਵੀ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ। ਉਨ੍ਹਾਂ ਕਿਹਾ, ''ਉਜਵਲਾ ਯੋਜਨਾ ਨੇ ਕਰੋੜਾਂ ਭਾਰਤੀਆਂ, ਖਾਸ ਕਰਕੇ ਔਰਤਾਂ ਦੀ ਮਦਦ ਕੀਤੀ ਹੈ। ਉੱਜਵਲਾ ਸਬਸਿਡੀ 'ਤੇ ਅੱਜ ਦਾ ਫੈਸਲਾ ਪਰਿਵਾਰਕ ਬਜਟ ਨੂੰ ਬਹੁਤ ਸੌਖਾ ਕਰੇਗਾ।"
ਦਰਅਸਲ ਮੋਦੀ ਸਰਕਾਰ ਨੇ ਐਕਸਾਈਜ਼ ਡਿਊਟੀ 'ਚ ਵੱਡੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਖੁਦ ਟਵੀਟ ਕਰਕੇ ਕਿਹਾ ਹੈ ਕਿ ਪੈਟਰੋਲ 'ਤੇ ਐਕਸਾਈਜ਼ ਡਿਊਟੀ 8 ਰੁਪਏ ਅਤੇ ਡੀਜ਼ਲ 'ਤੇ 7 ਰੁਪਏ ਐਕਸਾਈਜ਼ ਡਿਊਟੀ ਘੱਟ ਕੀਤੀ ਜਾਵੇਗੀ।
ਮੋਦੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਪੈਟਰੋਲ 9.5 ਰੁਪਏ ਸਸਤਾ ਹੋ ਜਾਵੇਗਾ। ਇਸ ਦੇ ਨਾਲ ਹੀ ਡੀਜ਼ਲ ਵੀ 7 ਰੁਪਏ ਸਸਤਾ ਹੋਵੇਗਾ। ਸਰਕਾਰ ਦੇ ਇਸ ਫੈਸਲੇ ਨਾਲ ਸਰਕਾਰੀ ਖਜ਼ਾਨੇ 'ਤੇ ਸਾਲਾਨਾ ਕਰੀਬ 1 ਲੱਖ ਕਰੋੜ ਰੁਪਏ ਦਾ ਬੋਝ ਪਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਵੈਟ ਘਟਾਉਣ ਅਤੇ ਜਨਤਾ ਨੂੰ ਰਾਹਤ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਰਾਜਾਂ ਨੂੰ ਕੀਮਤ ਘਟਾਉਣ ਲਈ ਕਿਹਾ ਹੈ, ਜਿਨ੍ਹਾਂ ਨੇ ਨਵੰਬਰ 2021 ਵਿੱਚ ਵੈਟ ਵਿੱਚ ਕਟੌਤੀ ਨਹੀਂ ਕੀਤੀ ਸੀ।
ਇੰਨਾ ਹੀ ਨਹੀਂ ਮੋਦੀ ਸਰਕਾਰ ਨੇ ਇਸ ਸਾਲ ਪੀਐੱਮ ਉੱਜਵਲਾ ਯੋਜਨਾ ਦੇ ਕਰੀਬ 9 ਕਰੋੜ ਲਾਭਪਾਤਰੀਆਂ ਨੂੰ ਗੈਸ ਸਬਸਿਡੀ ਦੇਣ ਦਾ ਵੀ ਫੈਸਲਾ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਉਹ ਪ੍ਰਤੀ ਗੈਸ ਸਿਲੰਡਰ 'ਤੇ 200 ਰੁਪਏ ਦੀ ਸਬਸਿਡੀ ਦੇਵੇਗੀ। ਨਿਰਮਲਾ ਸੀਤਾਰਮਨ ਨੇ ਟਵੀਟ 'ਚ ਲਿਖਿਆ ਹੈ ਕਿ ਇਸ ਨਾਲ ਮਾਵਾਂ-ਭੈਣਾਂ ਨੂੰ ਕਾਫੀ ਮਦਦ ਮਿਲੇਗੀ। ਇਸ ਨਾਲ ਸਰਕਾਰ ਨੂੰ ਸਾਲਾਨਾ 6100 ਕਰੋੜ ਰੁਪਏ ਦਾ ਬੋਝ ਪਵੇਗਾ।
ਇਹ ਵੀ ਪੜ੍ਹੋ: