ਚੰਡੀਗੜ: ਪੰਜਾਬ 'ਚ ਉਦਯੋਗ ਦੇ 2900 ਤੋਂ ਵੱਧ ਪ੍ਰਾਜੈਕਟਾਂ ਦੇ ਪ੍ਰਸਤਾਵਾਂ ਤੋਂ ਸੂਬੇ ਨੂੰ 91,000 ਕਰੋੜ ਰੁਪਏ ਦਾ ਵੱਡਾ ਨਿਵੇਸ਼ ਹਾਸਲ ਹੋਇਆ ਹੈ। ਇਨ੍ਹਾਂ ਵਿੱਚੋਂ ਤਕਰੀਬਨ 50 ਫ਼ੀਸਦੀ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹਿਲਾਂ ਹੀ ਵਪਾਰਕ ਉਤਪਾਦਨ ਸ਼ੁਰੂ ਕਰ ਦਿੱਤਾ ਹੈ।
ਮੁੱਖ ਸਕੱਤਰ ਵਿਨੀ ਮਹਾਜਨ ਨੇ ਜੇ.ਕੇ. ਪੇਪਰ ਲਿਮਟਿਡ ਕੰਪਨੀ ਦੇ ਉਪ-ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਹਰਸ਼ ਪਤੀ ਸਿੰਘਾਨੀਆ ਦੀ ਅਗਵਾਈ ਵਿੱਚ ਕੰਪਨੀ ਦੇ ਵਫ਼ਦ ਨਾਲ ਮੀਟਿੰਗ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ।


ਮੁੱਖ ਸਕੱਤਰ ਨੇ ਦੱਸਿਆ ਕਿ ਲੁਧਿਆਣਾ ਦੀ ਹਾਈ-ਟੈਕ ਵੈਲੀ ਨੇ ਹੀਰੋ ਸਾਈਕਲਜ਼, ਆਦਿੱਤਿਆ ਬਿਰਲਾ ਗਰੁੱਪ ਵਰਗੇ ਵੱਡੇ ਉਦਯੋਗਿਕ ਘਰਾਣਿਆਂ ਨੂੰ ਨਿਵੇਸ਼ ਲਈ ਆਕਰਸ਼ਿਤ ਕੀਤਾ ਹੈ ਅਤੇ ਹੁਣ ਜੇ.ਕੇ. ਪੇਪਰ ਲਿਮਟਿਡ ਕੰਪਨੀ ਵੀ ਹਾਈ-ਟੈਕ ਵੈਲੀ ਦੇ ਨਿਵੇਸ਼ਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। ਹੀਰੋ ਸਾਈਕਲਜ਼ ਲਿਮਟਿਡ ਪਹਿਲਾਂ ਹੀ ਹਾਈ-ਟੈਕ ਵੈਲੀ ਵਿੱਚ ਆਪਣਾ ਵੱਡਾ ਯੂਨਿਟ ਸਥਾਪਤ ਕਰ ਚੁੱਕੀ ਹੈ, ਜਿਸ ਦੀ ਉਤਪਾਦਨ ਸਮਰੱਥਾ ਸਾਲਾਨਾ 4 ਮਿਲੀਅਨ ਬਾਈ-ਸਾਈਕਲਜ਼ ਖਾਸ ਕਰਕੇ ਈ-ਬਾਈਕਜ਼ ਅਤੇ ਪ੍ਰੀਮੀਅਮ ਬਾਈਕਜ਼ ਤਿਆਰ ਕਰਨ ਦੀ ਹੈ।


ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹਾਈ-ਟੈਕ ਵੈਲੀ ਵਿੱਚ ਆਦਿੱਤਿਆ ਬਿਰਲਾ ਗਰੁੱਪ ਵੱਲੋਂ ਤਕਰੀਬਨ 1,000 ਕਰੋੜ ਰੁਪਏ ਦੇ ਨਿਵੇਸ਼ ਦਾ ਪ੍ਰਸਤਾਵ ਹੈ, ਜਿਥੇ ਇਸ ਗਰੁੱਪ ਨੇ 147 ਕਰੋੜ ਰੁਪਏ ਦੀ ਲਾਗਤ ਨਾਲ 61 ਏਕੜ ਜ਼ਮੀਨ ਖਰੀਦੀ ਹੈ। ਇਸ ਗਰੁੱਪ ਦੀ ਪੇਂਟ ਨਿਰਮਾਣ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਹੈ, ਜਿਸ ਵਾਸਤੇ ਨਵੀਨਤਮ ਨਿਰਮਾਣ ਤਕਨਾਲੋਜੀ ਅਤੇ ਉਦਯੋਗ 4.0 ਆਧਾਰਤ ਮਸ਼ੀਨਰੀ ਲਗਾਈ ਜਾਵੇਗੀ।


ਉਨ੍ਹਾਂ ਉਮੀਦ ਜਤਾਈ ਕਿ ਜੇ.ਕੇ. ਪੇਪਰ ਲਿਮਟਿਡ ਬਿਨਾਂ ਕਿਸੇ ਦੇਰੀ ਦੇ ਆਪਣੇ ਪ੍ਰਸਤਾਵਿਤ ਪਲਾਂਟ ਦਾ ਨਿਰਮਾਣ ਸ਼ੁਰੂ ਕਰ ਦੇਵੇਗੀ ਅਤੇ 2022 ਦੇ ਅੰਤ ਤੱਕ ਵਪਾਰਕ ਉਤਪਾਦਨ ਸ਼ੁਰੂ ਹੋ ਜਾਵੇਗਾ ਕਿਉਂਕਿ ਰਾਜ ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਉਸਾਰੂ ਬੁਨਿਆਦੀ ਢਾਂਚਾ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।


ਜ਼ਿਕਰਯੋਗ ਹੈ ਕਿ ਜੇ.ਕੇ. ਪੇਪਰ ਲਿਮਟਿਡ ਨੇ 150 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਨਾਲ ਕੋਰੂਗੇਟਿਡ ਪੈਕੇਜਿੰਗ ਨਿਰਮਾਣ ਦੇ ਨਵੇਂ ਕਾਰੋਬਾਰ ਵਿੱਚ ਦਾਖ਼ਲੇ ਲਈ ਪੰਜਾਬ ਨੂੰ ਚੁਣਿਆ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁੱਧਵਾਰ ਨੂੰ ਇਸ ਕੰਪਨੀ ਨੂੰ ਹਾਈ-ਟੈਕ ਵੈਲੀ, ਲੁਧਿਆਣਾ ਵਿੱਚ 17 ਏਕੜ ਜ਼ਮੀਨ ਅਲਾਟ ਕਰਨ ਸਬੰਧੀ ਪੱਤਰ ਸੌਂਪਿਆ ਗਿਆ। ਇਸ ਯੂਨਿਟ ਵਿੱਚ ਵੇਸਟ ਪੇਪਰ ਨੂੰ ਕੋਰੂਗੇਟਿਡ ਪੈਕੇਜਿੰਗ ਦੇ ਉਤਪਾਦਨ ਲਈ ਕੱਚੇ ਮਾਲ ਵਜੋਂ ਵਰਤਿਆ ਜਾਵੇਗਾ।
ਇਸ ਦੌਰਾਨ ਮੁੱਖ ਸਕੱਤਰ ਨੇ ਸੂਬੇ ਵਿੱਚ ਪੇਪਰ ਨਿਰਮਾਣ ਈਕੋਸਿਸਟਮ ਵਿਕਸਤ ਕਰਨ ਦੇ ਨਾਲ ਨਾਲ ਇਸ ਵਾਸਤੇ ਲੋੜੀਂਦੇ ਹੁਨਰ ਅਤੇ ਪਰਾਲੀ ਦੀ ਕੱਚੇ ਮਾਲ ਵਜੋਂ ਵਰਤੋਂ ਦੀਆਂ ਸੰਭਾਵਨਾਵਾਂ ਤਲਾਸ਼ਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।