ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਗਾਹਕਾਂ ਨੂੰ ਵੱਡਾ ਝਟਕਾ ਲੱਗਾ ਹੈ। ਮੀਡੀਆ ਰਿਪੋਰਟ ਮੁਤਾਬਕ ਕਰੀਬ 18 ਕਰੋੜ ਗਾਹਕਾਂ ਦੀ ਵਿਅਕਤੀਗਤ ਤੇ ਵਿੱਤੀ ਜਾਣਕਾਰੀ ਕਰੀਬ ਸੱਤ ਮਹੀਨਿਆਂ ਤੱਕ ‘ਲੀਕ’ ਹੁੰਦੀ ਰਹੀ ਤੇ ਬੈਂਕ ਨੂੰ ਪਤਾ ਹੀ ਨਹੀਂ ਲੱਗਾ। ਇਹ ਦਾਅਵਾ ਸਾਈਬਰ ਸੁਰੱਖਿਆ ਕੰਪਨੀ ਸਾਈਬਰਐਕਸ9 ਨੇ ਕੀਤਾ ਹੈ। ਉਧਰ ਪੀਐਨਬੀ ਤੋਂ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਸ ਸਰਵਰ ’ਚ ਸੰਨ੍ਹ ਦੀ ਗੱਲ ਸਾਹਮਣੇ ਆਈ ਹੈ, ਉਸ ’ਚ ਕੋਈ ਸੰਵੇਦਨਸ਼ੀਲ ਜਾਂ ਅਹਿਮ ਜਾਣਕਾਰੀ ਨਹੀਂ ਸੀ।

ਸਾਈਬਰਐਕਸ9 ਦਾ ਦਾਅਵਾ ਹੈ ਕਿ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਸਰਵਰ ’ਚ ਕਥਿਤ ਤੌਰ ’ਤੇ ਸੰਨ੍ਹ ਲਾ ਕੇ ਕਰੀਬ 18 ਕਰੋੜ ਗਾਹਕਾਂ ਦੀ ਵਿਅਕਤੀਗਤ ਤੇ ਵਿੱਤੀ ਜਾਣਕਾਰੀ ਕਰੀਬ ਸੱਤ ਮਹੀਨਿਆਂ ਤੱਕ ‘ਲੀਕ’ ਹੁੰਦੀ ਰਹੀ। ਕੰਪਨੀ ਨੇ ਕਿਹਾ ਕਿ ਜਨਤਕ ਖੇਤਰ ਦੇ ਬੈਂਕ ’ਚ ਸੁਰੱਖਿਆ ਖਾਮੀ ਨਾਲ ਇਹ ਸਾਈਬਰ ਹਮਲਾ ਪ੍ਰਸ਼ਾਸਨਿਕ ਕੰਟਰੋਲ ਦੇ ਨਾਲ ਨਾਲ ਉਸ ਦੀ ਸਾਰੀ ਡਿਜੀਟਲ ਬੈਂਕਿੰਗ ਪ੍ਰਣਾਲੀ ਤੱਕ ਹੋਇਆ ਹੈ। ਇਸ ਦੌਰਾਨ ਪੀਐਨਬੀ ਨੇ ਤਕਨੀਕੀ ਗੜਬੜੀ ਦੀ ਪੁਸ਼ਟੀ ਕਰਦਿਆਂ ਸਰਵਰ ’ਚ ਸੰਨ੍ਹ ਨਾਲ ਗਾਹਕਾਂ ਦੀ ਅਹਿਮ ਜਾਣਕਾਰੀ ਦੇ ‘ਖੁਲਾਸੇ’ ਤੋਂ ਇਨਕਾਰ ਕੀਤਾ ਹੈ।

ਬੈਂਕ ਨੇ ਕਿਹਾ,‘‘ਇਸ ਕਾਰਨ ਗਾਹਕਾਂ ਦੇ ਬਿਓਰੇ/ਐਪੀਲਕੇਸ਼ਨਜ਼ ’ਤੇ ਕੋਈ ਅਸਰ ਨਹੀਂ ਪਿਆ ਅਤੇ ਸਰਵਰ ਨੂੰ ਇਹਤਿਆਤ ਵਜੋਂ ਬੰਦ ਕਰ ਦਿੱਤਾ ਗਿਆ ਹੈ।’’ ਉਧਰ ਸਾਈਬਰਐਕਸ9 ਦੇ ਬਾਨੀ ਤੇ ਐਮਡੀ ਹਿਮਾਂਸ਼ੂ ਪਾਠਕ ਨੇ ਦੱਸਿਆ ਕਿ ਪੀਐੱਨਬੀ ਪਿਛਲੇ ਸੱਤ ਮਹੀਨਿਆਂ ਤੋਂ ਆਪਣੇ 18 ਕਰੋੜ ਤੋਂ ਜ਼ਿਆਦਾ ਗਾਹਕਾਂ ਦੇ ਫੰਡਾਂ, ਵਿਅਕਤੀਗਤ ਤੇ ਵਿੱਤੀ ਜਾਣਕਾਰੀ ਦੀ ਸੁਰੱਖਿਆ ਨਾਲ ਸਮਝੌਤਾ ਕਰਦਾ ਰਿਹਾ।

ਉਨ੍ਹਾਂ ਕਿਹਾ ਕਿ ਬੈਂਕ ਉਸ ਸਮੇਂ ਜਾਗਿਆ ਜਦੋਂ ਕੰਪਨੀ ਨੇ ਇਸ ਦਾ ਪਤਾ ਲਾਇਆ ਤੇ ਬੈਂਕ ਨੇ ਇਸ ‘ਸੰਨ੍ਹ’ ਨੂੰ ਦਰੁਸਤ ਕੀਤਾ। ਉਨ੍ਹਾਂ ਕਿਹਾ ਕਿ ਸਾਈਬਰਐਕਸ9 ਦੀ ਖੋਜੀ ਟੀਮ ਨੇ ਪੀਐਨਬੀ ’ਚ ਇਕ ਅਹਿਮ ਸੁਰੱਖਿਆ ਖਾਮੀ ਦਾ ਪਤਾ ਲਾਇਆ ਜਿਸ ਕਾਰਨ ਅੰਦਰੂਨੀ ਸਰਵਰ ਤੱਕ ਪ੍ਰਭਾਵਿਤ ਹੋ ਰਿਹਾ ਸੀ।