ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਜਲਦੀ ਹੀ ਮਹਾਤਮਾ ਗਾਂਧੀ ਸੀਰੀਜ਼ (ਨਵੀਂ) ਦੇ ਤਹਿਤ 20 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਜਾਣਗੇ। ਇਨ੍ਹਾਂ 'ਤੇ ਆਰਬੀਆਈ ਦੇ ਨਵੇਂ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਹੋਣਗੇ। ਨਵੇਂ ਨੋਟਾਂ ਦਾ ਡਿਜ਼ਾਈਨ ਅਤੇ ਫੀਚਰ ਪਹਿਲਾਂ ਚੱਲ ਰਹੇ 20 ਰੁਪਏ ਦੇ ਨੋਟਾਂ ਵਰਗੇ ਹੀ ਹੋਣਗੇ, ਸਿਰਫ਼ ਦਸਤਖਤ ਅਪਡੇਟ ਕੀਤੇ ਜਾਣਗੇ। ਅਰਥਾਤ, ਰੰਗ, ਆਕਾਰ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਸਭ ਕੁਝ ਪਹਿਲਾਂ ਵਰਗਾ ਹੀ ਰਹੇਗਾ। ਇਹ ਤਬਦੀਲੀ ਆਰਬੀਆਈ ਦੇ ਨਵੇਂ ਗਵਰਨਰ ਦੀ ਨਿਯੁਕਤੀ ਤੋਂ ਬਾਅਦ ਆਮ ਤੌਰ 'ਤੇ ਕੀਤੀ ਜਾਂਦੀ ਪ੍ਰਕਿਰਿਆ ਦਾ ਹਿੱਸਾ ਹੈ।

ਪੁਰਾਣੇ 20 ਰੁਪਏ ਦੇ ਨੋਟਾਂ ਦਾ ਹੁਣ ਕੀ ਹੋਵੇਗਾ?

ਸੰਜੇ ਮਲਹੋਤਰਾ ਨੇ 11 ਦਸੰਬਰ, 2024 ਨੂੰ ਤਿੰਨ ਸਾਲਾਂ ਦੇ ਕਾਰਜਕਾਲ ਲਈ ਭਾਰਤੀ ਰਿਜ਼ਰਵ ਬੈਂਕ ਦੇ 26ਵੇਂ ਗਵਰਨਰ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲੀ। ਖ਼ਬਰ ਏਜੰਸੀ ANI ਦੀ ਰਿਪੋਰਟ ਮੁਤਾਬਕ, ਰਿਜ਼ਰਵ ਬੈਂਕ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਿਛਲੇ ਗਵਰਨਰਾਂ ਦੇ ਕਾਰਜਕਾਲ ਦੌਰਾਨ ਜਾਰੀ ਕੀਤੇ ਸਾਰੇ ਮੌਜੂਦਾ 20 ਰੁਪਏ ਦੇ ਨੋਟ ਚੱਲਣ ਵਿੱਚ ਰਹਿਣਗੇ।

RBI ਐਕਟ, 1934 ਦੇ ਨਿਯਮਾਂ ਅਨੁਸਾਰ, ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੇ ਸਾਰੇ ਨੋਟ ਜਦ ਤੱਕ ਚੱਲਣ ਤੋਂ ਵਾਪਸ ਨਹੀਂ ਲਏ ਜਾਂਦੇ, ਭਾਰਤ ਵਿੱਚ ਲੈਣ-ਦੇਣ ਲਈ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਰਹਿਣਗੇ।

ਇਸਦੇ ਨਾਲ-ਨਾਲ, ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ 1 ਰੁਪਏ ਦੇ ਨੋਟ ਵੀ ਇੱਕ ਕਾਨੂੰਨੀ ਟੈਂਡਰ (ਵੈਧ ਮੁਦਰਾ) ਹਨ। ਬੈਂਕ ਨੋਟ ਛਾਪਣ ਦਾ ਕੰਮ ਚਾਰ ਪ੍ਰਿੰਟਿੰਗ ਪ੍ਰੈੱਸਾਂ ਵਿੱਚ ਹੁੰਦਾ ਹੈ। ਇਨ੍ਹਾਂ ਵਿੱਚੋਂ ਦੋ ਪ੍ਰੈੱਸ ਭਾਰਤ ਸਰਕਾਰ ਵੱਲੋਂ Indian Securities Printing ਅਤੇ ਮੁਦਰਾ ਨਿਰਮਾਣ ਨਿਗਮ ਲਿਮਿਟੇਡ ਰਾਹੀਂ ਚਲਾਏ ਜਾਂਦੇ ਹਨ।

ਪੁਰਾਣੇ ਨੋਟਾਂ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ

ਪੁਰਾਣੇ ਨੋਟਾਂ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ। 20 ਰੁਪਏ ਦੇ ਨਵੇਂ ਨੋਟ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਸਾਫ਼-ਸੁਥਰੀ ਨਜ਼ਰ ਆਏਗੀ। ਇਸ ਦੇ ਨਾਲ-ਨਾਲ ਨੰਬਰਿੰਗ ਪੈਟਰਨ, ਵਾਟਰਮਾਰਕ ਅਤੇ ਸੁਰੱਖਿਆ ਥ੍ਰੈੱਡ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ। ਨਵੇਂ ਨੋਟ ਜਾਰੀ ਹੋਣ ਤੋਂ ਬਾਅਦ ਵੀ ਮਾਰਕੀਟ ਵਿੱਚ ਪੁਰਾਣੇ ਅਤੇ ਨਵੇਂ ਦੋਹਾਂ ਨੋਟਾਂ ਦਾ ਵਰਤੋਂ ਹੋਵੇਗੀ। ਇਸ ਦਾ ਮਤਲਬ ਇਹ ਹੈ ਕਿ ਨਵੇਂ ਨੋਟ ਆਉਣ ਦੇ ਬਾਅਦ ਵੀ ਪੁਰਾਣੇ ਨੋਟ ਬਦਲਣ ਜਾਂ ਬੈਂਕ ਵਿੱਚ ਜਮ੍ਹਾਂ ਕਰਨ ਦੀ ਲੋੜ ਨਹੀਂ ਪਵੇਗੀ। ਨਵੇਂ ਨੋਟਾਂ ਦਾ ਵੰਡ ਬੈਂਕਾਂ ਅਤੇ ਏਟੀਐਮ ਰਾਹੀਂ ਕੀਤਾ ਜਾਵੇਗਾ।