RBI Rules For Cards: ਦੇਸ਼ 'ਚ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪ੍ਰੀਪੇਡ ਕਾਰਡਾਂ ਦਾ ਨੈੱਟਵਰਕ ਤੇਜ਼ੀ ਨਾਲ ਫੈਲ ਰਿਹਾ ਹੈ। ਇਨ੍ਹਾਂ ਨਾਲ ਜੁੜੇ ਨਿਯਮ ਸਮੇਂ-ਸਮੇਂ 'ਤੇ ਬਦਲਦੇ ਰਹਿੰਦੇ ਹਨ। ਦੇਸ਼ ਦੇ ਕੇਂਦਰੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਨੇ ਹਾਲ ਹੀ ਵਿੱਚ ਕ੍ਰੈਡਿਟ ਤੇ ਡੈਬਿਟ ਕਾਰਡਾਂ ਲਈ ਅਪਡੇਟ ਕੀਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਨਵੇਂ ਨਿਯਮ ਸਾਰੇ ਪ੍ਰਕਾਰ ਦੇ ਕਾਰਡ ਧਾਰਕਾਂ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹਨ।
ਜੇ ਤੁਸੀਂ ਵੀ ਡੈਬਿਟ-ਕ੍ਰੈਡਿਟ ਕਾਰਡ ਧਾਰਕ ਹੋ, ਤਾਂ ਤੁਹਾਨੂੰ ਇਨ੍ਹਾਂ ਨਵੇਂ ਨਿਯਮਾਂ ਬਾਰੇ ਪਤਾ ਹੋਣਾ ਚਾਹੀਦਾ ਹੈ...
ਲਾਜ਼ਮੀ ਦੋ-ਫੈਕਟਰ ਪ੍ਰਮਾਣਿਕਤਾ
ਇਲੈਕਟ੍ਰਾਨਿਕ ਕਾਰਡ ਨਾਲ ਲੈਣ-ਦੇਣ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ, RBI ਸਾਰੇ ਡੈਬਿਟ ਤੇ ਕ੍ਰੈਡਿਟ ਕਾਰਡ ਭੁਗਤਾਨਾਂ ਨੂੰ ਦੋ-ਫੈਕਟਰ ਪ੍ਰਮਾਣੀਕਰਨ ਦੀ ਪ੍ਰਕਿਰਿਆ ਜ਼ਰੀਏ ਹੀ ਅੱਗੇ ਵਧਣ ਦੀ ਇਜਾਜ਼ਤ ਦਿੰਦਾ ਹੈ। ਇਸ ਤਹਿਤ, ਕਾਰਡਧਾਰਕਾਂ ਨੂੰ ਵਾਧੂ ਤਸਦੀਕ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ, ਜਿਵੇਂ ਕਿ ਇੱਕ ਯੂਨੀਕ ਪਿੰਨ ਜਾਂ ਵਨ ਟਾਈਮ ਪਾਸਵਰਡ ਰਾਹੀਂ ਹੀ ਤੁਹਾਡਾ ਲੈਣ-ਦੇਣ ਸੁਰੱਖਿਅਤ ਢੰਗ ਨਾਲ ਕੀਤਾ ਜਾ ਸਕਦਾ ਹੈ।
ਸੰਪਰਕ ਰਹਿਤ ਕਾਰਡ ਲੈਣ-ਦੇਣ ਦੀ ਸੀਮਾ
RBI ਨੇ ਕਾਰਡ ਧਾਰਕਾਂ ਨੂੰ ਇੱਕ ਹੋਰ ਸਹੂਲਤ ਦਿੰਦੇ ਹੋਏ ਸੰਪਰਕ ਰਹਿਤ ਕਾਰਡ ਲੈਣ-ਦੇਣ ਦੀ ਸੀਮਾ ਵਿੱਚ ਸੋਧ ਕੀਤੀ ਹੈ। ਕਾਰਡਧਾਰਕ ਪਿੰਨ ਦਰਜ ਕੀਤੇ ਬਿਨਾਂ ਪ੍ਰਤੀ ਟ੍ਰਾਂਜੈਕਸ਼ਨ 5000 ਰੁਪਏ ਤੱਕ ਸੰਪਰਕ ਰਹਿਤ ਭੁਗਤਾਨ ਕਰ ਸਕਦਾ ਹੈ। ਇਸ ਬਦਲਾਅ ਜ਼ਰੀਏ, ਆਰਬੀਆਈ ਛੋਟੇ ਲੈਣ-ਦੇਣ ਲਈ ਡਿਜੀਟਲ ਭੁਗਤਾਨ ਨੂੰ ਵਧਾਉਣ ਤੇ ਉਨ੍ਹਾਂ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਵਿਦੇਸ਼ਾਂ ਵਿੱਚ ਕਾਰਡਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ
ਆਰਬੀਆਈ ਨੇ ਡੈਬਿਟ ਤੇ ਕ੍ਰੈਡਿਟ ਕਾਰਡਾਂ ਦੀ ਅੰਤਰਰਾਸ਼ਟਰੀ ਵਰਤੋਂ 'ਤੇ ਕੁਝ ਸੀਮਾਵਾਂ ਲਗਾਈਆਂ ਹਨ। ਕਾਰਡਧਾਰਕਾਂ ਨੂੰ ਆਪਣੀ ਤਰਜੀਹ ਅਨੁਸਾਰ ਅੰਤਰਰਾਸ਼ਟਰੀ ਲੈਣ-ਦੇਣ ਲਈ ਕਾਰਡ ਨੂੰ ਇਨਏਬਲ ਜਾਂ ਡਿਸਏਬਲ ਕਰਨ ਦੀ ਲੋੜ ਹੁੰਦੀ ਹੈ। ਇਸ ਵਿਸ਼ੇਸ਼ਤਾ ਜ਼ਰੀਏ, ਕਾਰਡ ਧਾਰਕਾਂ ਨੂੰ ਦੇਸ਼ ਤੋਂ ਬਾਹਰ ਆਪਣੇ ਕਾਰਡ ਦੀ ਦੁਰਵਰਤੋਂ ਤੋਂ ਬਚਾਇਆ ਜਾਵੇਗਾ।
ਔਨਲਾਈਨ ਟ੍ਰਾਂਜੈਕਸ਼ਨ ਚੇਤਾਵਨੀ
ਆਰਬੀਆਈ ਨੇ ਸਾਰੇ ਬੈਂਕਾਂ ਨੂੰ ਹਰ ਤਰ੍ਹਾਂ ਦੇ ਕਾਰਡ ਲੈਣ-ਦੇਣ ਲਈ ਗਾਹਕਾਂ ਨੂੰ ਲਾਜ਼ਮੀ ਤੌਰ 'ਤੇ SMS ਤੇ ਈਮੇਲ ਅਲਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਇਹ ਸਾਰੀਆਂ ਚੇਤਾਵਨੀਆਂ ਰੀਅਲ ਟਾਈਮ ਅਪਡੇਟਸ ਵਾਂਗ ਹੋਣੀਆਂ ਚਾਹੀਦੀਆਂ ਹਨ ਤੇ ਟ੍ਰਾਂਜੈਕਸ਼ਨ ਦੇ ਵੱਧ ਤੋਂ ਵੱਧ 5 ਮਿੰਟ ਦੇ ਅੰਦਰ ਗਾਹਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ।
ਅਸਫਲ ਟ੍ਰਾਂਜੈਕਸ਼ਨ ਸੀਮਾ
ਗਾਹਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ, ਆਰਬੀਆਈ ਨੇ ਅਸਫਲ ਕਾਰਡ ਲੈਣ-ਦੇਣ 'ਤੇ ਵੀ ਸੀਮਾ ਲਾ ਦਿੱਤੀ ਹੈ। ਜੇਕਰ ਕੋਈ ਕਾਰਡ ਲੈਣ-ਦੇਣ ਅਸਫਲ ਹੋ ਜਾਂਦਾ ਹੈ, ਤਾਂ ਬੈਂਕ ਤੇ ਵਿੱਤੀ ਸੰਸਥਾ ਨੂੰ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਗਾਹਕਾਂ ਨੂੰ ਪੈਸੇ ਦੀ ਵਾਪਸੀ ਕਰਨੀ ਪਵੇਗੀ। ਇਸ ਤੋਂ ਇਲਾਵਾ, ਜੇਕਰ ਬੈਂਕ ਜਾਂ ਵਿੱਤੀ ਸੰਸਥਾ ਨੇ ਅਸਫਲ ਟ੍ਰਾਂਜੈਕਸ਼ਨ 'ਤੇ ਕੋਈ ਚਾਰਜ ਲਿਆ ਹੈ, ਤਾਂ ਇਹ ਵੀ ਗਾਹਕ ਨੂੰ ਵਾਪਸ ਕਰਨਾ ਹੋਵੇਗਾ।