RBI Clarification on 500 Rupees Notes: ਦੇਸ਼ ਦੇ ਕੇਂਦਰੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਨੇ 500 ਰੁਪਏ ਦੇ ਨੋਟਾਂ ਦੇ ਬਾਜ਼ਾਰ 'ਚੋਂ ਗਾਇਬ ਹੋਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਇਸ 'ਤੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਬੀਤੇ ਦਿਨੀਂ ਆਰਬੀਆਈ ਨੇ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਉਸ ਦੇ ਸਿਸਟਮ ਵਿੱਚੋਂ 88,032.5 ਕਰੋੜ ਰੁਪਏ ਗਾਇਬ ਹੋਣ ਦੀ ਖ਼ਬਰ ਗਲਤ ਹੈ। ਆਰਟੀਆਈ ਤੋਂ ਮਿਲੀ ਜਾਣਕਾਰੀ ਦੀ ਗਲਤ ਵਿਆਖਿਆ ਕਾਰਨ ਅਜਿਹਾ ਹੋਇਆ ਹੈ। ਆਰਬੀਆਈ ਨੇ ਕਿਹਾ ਕਿ ਦੇਸ਼ ਦੀਆਂ ਤਿੰਨ ਪ੍ਰਿੰਟਿੰਗ ਪ੍ਰੈਸਾਂ ਤੋਂ 500 ਰੁਪਏ ਦੇ ਨੋਟਾਂ ਬਾਰੇ ਆਰਟੀਆਈ ਤਹਿਤ ਦਿੱਤੀ ਗਈ ਜਾਣਕਾਰੀ ਦੀ ਗਲਤ ਵਿਆਖਿਆ ਕੀਤੀ ਗਈ ਹੈ।
ਬੀਤੇ ਦਿਨੀਂ 500 ਰੁਪਏ ਦਾ ਨੋਟ ਗਾਇਬ ਹੋਣ ਦੀ ਖ਼ਬਰ ਆਈ ਸੀ ਸਾਹਮਣੇ
ਕੱਲ੍ਹ ਕਈ ਮੀਡੀਆ ਰਿਪੋਰਟਾਂ ਵਿੱਚ ਇਹ ਖ਼ਬਰ ਸੀ ਕਿ ਸੂਚਨਾ ਦੇ ਅਧਿਕਾਰ ਭਾਵ ਆਰਟੀਆਈ ਦੇ ਤਹਿਤ ਮਨੋਰੰਜਨ ਰਾਏ ਨੇ ਕੁਝ ਸਵਾਲ ਪੁੱਛੇ ਸਨ ਅਤੇ ਜਵਾਬ ਵਿੱਚ ਕਿਹਾ ਗਿਆ ਸੀ ਕਿ ਨਵੇਂ ਡਿਜ਼ਾਈਨ ਵਾਲੇ 500 ਰੁਪਏ ਦੇ ਲੱਖਾਂ ਨੋਟ ਗਾਇਬ ਹੋ ਗਏ ਹਨ, ਜਿਨ੍ਹਾਂ ਦੀ ਕੀਮਤ 88,032.5 ਕਰੋੜ ਰੁਪਏ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੀਆਂ ਤਿੰਨ ਪ੍ਰਿੰਟਿੰਗ ਪ੍ਰੈਸਾਂ ਨੇ ਮਿਲ ਕੇ ਨਵੇਂ ਡਿਜ਼ਾਈਨ ਵਾਲੇ 500 ਰੁਪਏ ਦੇ 8810.65 ਕਰੋੜ ਨੋਟ ਛਾਪੇ ਸਨ ਪਰ ਰਿਜ਼ਰਵ ਬੈਂਕ ਨੂੰ ਇਨ੍ਹਾਂ ਵਿੱਚੋਂ ਸਿਰਫ਼ 726 ਕਰੋੜ ਨੋਟ ਹੀ ਮਿਲੇ ਹਨ। ਕੁੱਲ ਮਿਲਾ ਕੇ 500 ਰੁਪਏ ਦੇ 1760.65 ਕਰੋੜ ਨੋਟ ਗਾਇਬ ਹੋ ਗਏ, ਜਿਨ੍ਹਾਂ ਦੀ ਕੀਮਤ 88,032.5 ਕਰੋੜ ਰੁਪਏ ਹੈ।
RBI ਨੇ ਕੀ ਕਿਹਾ?
ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਪ੍ਰੈੱਸ ਰਿਲੀਜ਼ ਅਤੇ ਟਵਿੱਟਰ 'ਤੇ ਕੀਤੇ ਗਏ ਪੋਸਟ 'ਚ ਕਿਹਾ ਹੈ ਕਿ ਆਰਬੀਆਈ ਨੂੰ ਸੂਚਨਾ ਮਿਲੀ ਹੈ ਕਿ ਕਈ ਮੀਡੀਆ ਰਿਪੋਰਟਸ 'ਚ ਸਿਸਟਮ 'ਚੋਂ 500 ਰੁਪਏ ਦੇ ਨੋਟ ਗਾਇਬ ਹੋਣ ਦੀ ਖਬਰ ਚੱਲ ਰਹੀ ਹੈ, ਜੋ ਕਿ ਗਲਤ ਹੈ। ਪ੍ਰਿੰਟਿੰਗ ਪ੍ਰੈਸ ਤੋਂ ਮਿਲੀ ਜਾਣਕਾਰੀ ਨੂੰ ਗਲਤ ਸਮਝਿਆ ਗਿਆ ਹੈ ਅਤੇ ਇਹ ਜਾਣਨਾ ਜ਼ਰੂਰੀ ਹੈ ਕਿ ਪ੍ਰਿੰਟਿੰਗ ਪ੍ਰੈਸ ਵਿੱਚ ਜੋ ਵੀ ਨੋਟ ਛਪਦੇ ਹਨ, ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਆਰਬੀਆਈ ਵਲੋਂ ਪੂਰੇ ਪ੍ਰੋਟੋਕੋਲ ਨਾਲ ਇਨ੍ਹਾਂ ਬੈਂਕਾਂ ਦੇ ਨੋਟਾਂ ਦੇ ਪ੍ਰੋਡਕਸ਼ਨ, ਸਟੋਰੇਜ ਅਤੇ ਡਿਸਟ੍ਰਿਬਿਊਸ਼ਨ ਦੀ ਮਾਨੀਟਰਿੰਗ ਕੀਤੀ ਜਾਂਦੀ ਹੈ ਅਤੇ ਇਸ ਦੇ ਲਈ ਮਜਬੂਤ ਸਿਸਟਮ ਬਣਿਆ ਹੋਇਆ ਹੈ।
ਆਰਬੀਆਈ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਬੈਂਕ ਦੇ ਚੀਫ਼ ਜਨਰਲ ਮੈਨੇਜਰ ਯੋਗੇਸ਼ਵਰ ਦਿਆਲ ਦੀ ਤਰਫ਼ੋਂ ਲਿਖਿਆ ਗਿਆ ਹੈ ਕਿ ਅਜਿਹੀ ਕਿਸੇ ਵੀ ਜਾਣਕਾਰੀ ਲਈ ਸਾਰਿਆਂ ਨੂੰ ਸਿਰਫ਼ ਆਰਬੀਆਈ ਵੱਲੋਂ ਪ੍ਰਕਾਸ਼ਿਤ ਸੂਚਨਾ ’ਤੇ ਭਰੋਸਾ ਕਰਨਾ ਚਾਹੀਦਾ ਹੈ।