ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮਹਾਰਾਸ਼ਟਰ ਦੇ ਅਹਿਮਦਨਗਰ ਸਥਿਤ ਨਗਰ ਅਰਬਨ ਕੋ-ਆਪਰੇਟਿਵ ਬੈਂਕ ਲਿਮਿਟੇਡ 'ਤੇ ਕਈ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਪਾਬੰਦੀਆਂ ਦੇ ਤਹਿਤ ਬੈਂਕ ਦੇ ਗਾਹਕਾਂ ਲਈ ਉਨ੍ਹਾਂ ਦੇ ਖਾਤਿਆਂ ਤੋਂ ਪੈਸੇ ਕਢਵਾਉਣ ਦੀ ਸੀਮਾ 10,000 ਰੁਪਏ ਰੱਖੀ ਗਈ ਹੈ। ਕੇਂਦਰੀ ਬੈਂਕ ਨੇ ਬੈਂਕ ਦੀ ਵਿਗੜਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ। ਬੈਂਕਿੰਗ ਰੈਗੂਲੇਸ਼ਨ ਐਕਟ (ਸਹਿਕਾਰੀ ਸਭਾਵਾਂ 'ਤੇ ਲਾਗੂ), 1949 ਅਧੀਨ ਇਹ ਪਾਬੰਦੀਆਂ 6 ਦਸੰਬਰ, 2021 ਨੂੰ ਕਾਰੋਬਾਰੀ ਸਮੇਂ ਦੀ ਸਮਾਪਤੀ ਤੋਂ ਛੇ ਮਹੀਨਿਆਂ ਦੀ ਮਿਆਦ ਲਈ ਲਾਗੂ ਰਹਿਣਗੀਆਂ ਅਤੇ ਇਨ੍ਹਾਂ ਦੀ ਸਮੀਖਿਆ ਕੀਤੀ ਜਾਵੇਗੀ।
ਕੇਂਦਰੀ ਬੈਂਕ ਨੇ ਕਿਹਾ ਹੈ ਕਿ ਬੈਂਕ ਉਸ ਦੀ ਇਜਾਜ਼ਤ ਤੋਂ ਬਗੈਰ ਨਾ ਤਾਂ ਕੋਈ ਕਰਜ਼ਾ ਦੇਵੇਗਾ ਅਤੇ ਨਾ ਹੀ ਕੋਈ ਕਰਜ਼ਾ ਰੀਨਿਊ ਕਰੇਗਾ। ਇਸ ਦੇ ਨਾਲ ਹੀ, ਬੈਂਕ ਨੂੰ ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਕਰਨ, ਕਿਸੇ ਵੀ ਤਰ੍ਹਾਂ ਦੀ ਦੇਣਦਾਰੀ ਲੈਣ, ਭੁਗਤਾਨ ਕਰਨ ਅਤੇ ਜਾਇਦਾਦ ਦੇ ਤਬਾਦਲੇ ਜਾਂ ਵਿਕਰੀ 'ਤੇ ਵੀ ਪਾਬੰਦੀ ਹੋਵੇਗੀ।
ਰਿਜ਼ਰਵ ਬੈਂਕ ਨੇ ਕਿਹਾ ਕਿ ਬੈਂਕ ਦੇ ਗਾਹਕ ਆਪਣੇ ਬਚਤ ਬੈਂਕ ਜਾਂ ਚਾਲੂ ਖਾਤਿਆਂ ਤੋਂ 10,000 ਰੁਪਏ ਤੋਂ ਵੱਧ ਨਹੀਂ ਕੱਢ ਸਕਣਗੇ। ਰਿਜ਼ਰਵ ਬੈਂਕ ਦੇ ਆਰਡਰ ਦੀ ਕਾਪੀ ਬੈਂਕ ਦੇ ਅਹਾਤੇ 'ਚ ਰੱਖੀ ਗਈ ਹੈ ਤਾਂ ਜੋ ਗਾਹਕ ਇਸ ਬਾਰੇ ਜਾਣਕਾਰੀ ਲੈ ਸਕਣ। ਹਾਲਾਂਕਿ, ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਪਾਬੰਦੀਆਂ ਨੂੰ ਬੈਂਕਿੰਗ ਲਾਇਸੈਂਸ ਰੱਦ ਕਰਨ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਤੂਬਰ ਵਿੱਚ ਰਿਜ਼ਰਵ ਬੈਂਕ ਨੇ ਕੁਝ ਹਦਾਇਤਾਂ ਦੀ ਪਾਲਣਾ ਨਾ ਕਰਨ ਲਈ ਮਹਾਰਾਸ਼ਟਰ ਸਥਿਤ ਇੱਕ ਹੋਰ ਬੈਂਕ ਵਸਈ ਵਿਕਾਸ ਸਹਿਕਾਰੀ ਬੈਂਕ 'ਤੇ 90 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਨ੍ਹਾਂ ਵਿੱਚ ਕਰਜ਼ਿਆਂ ਦਾ ਬੈਡ ਲੋਨ (NPA) ਵਜੋਂ ਵਰਗੀਕਰਨ ਅਤੇ ਹੋਰ ਹਦਾਇਤਾਂ ਸ਼ਾਮਲ ਹਨ। ਕੇਂਦਰੀ ਬੈਂਕ ਨੇ ਬਿਆਨ ਵਿੱਚ ਕਿਹਾ ਸੀ ਕਿ ਬੈਂਕ ਨੇ ਉਧਾਰ ਖਾਤਿਆਂ ਵਿੱਚ ਫੰਡਾਂ ਦੀ ਅੰਤਮ ਵਰਤੋਂ ਅਤੇ ਕਰਜ਼ਿਆਂ ਨੂੰ ਗੈਰ-ਕਾਰਗੁਜ਼ਾਰੀ ਸੰਪਤੀਆਂ ਦੇ ਰੂਪ ਵਿੱਚ ਵਰਗੀਕਰਨ ਨੂੰ ਯਕੀਨੀ ਬਣਾਉਣ ਲਈ ਆਪਣੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ।
ਇਹ ਵੀ ਪੜ੍ਹੋ: Myanmar Genocide: ਰੋਹਿੰਗਿਆ ਮੁਸਲਮਾਨਾਂ ਨੇ ਕੀਤਾ Facebook 'ਤੇ ਕੇਸ, ਮੰਗਿਆ ਕਰੋੜਾਂ ਦਾ ਹਰਜਾਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin