RBI may go for another 25 bps rate cut in August: ਲੋਨ ਲੈਣ ਵਾਲਿਆਂ ਲਈ ਖੁਸ਼ਖਬਰੀ ਹੈ। ਬੈਂਕਾਂ ਵੱਲੋਂ ਵਿਆਜ਼ ਦਰ ਹੋਰ ਘੱਟ ਕੀਤੀ ਜਾ ਸਕਦੀ ਹੈ। ਭਾਰਤੀ ਰਿਜ਼ਰਵ ਬੈਂਕ (RBI) ਦੀ ਮੁਦਰਾ ਨੀਤੀ ਕਮੇਟੀ (MPC) ਆਉਣ ਵਾਲੀ ਅਗਸਤ ਦੀ ਪਾਲਿਸੀ ਮੀਟਿੰਗ ਵਿੱਚ ਨੀਤੀਗਤ ਦਰ ਵਿੱਚ ਹੋਰ 25 ਬੇਸਿਸ ਪੁਆਇੰਟ (bps) ਦੀ ਕਟੌਤੀ ਕਰ ਸਕਦੀ ਹੈ। ਇਸ ਨਾਲ ਨੀਤੀਗਤ ਦਰ 5.25 ਪ੍ਰਤੀਸ਼ਤ ਤੱਕ ਘੱਟ ਜਾਵੇਗੀ। ਇਹ ਅਨੁਮਾਨ ICICI ਬੈਂਕ ਦੀ ਇੱਕ ਰਿਪੋਰਟ ਵਿੱਚ ਲਗਾਇਆ ਗਿਆ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਮਿਸ਼ਰਤ ਹਨ। ਸ਼ਹਿਰੀ ਮੰਗ ਕਮਜ਼ੋਰ ਹੈ, ਜਦੋਂਕਿ ਪੇਂਡੂ ਮੰਗ ਮਜ਼ਬੂਤ ਹੈ। ਅਮਰੀਕਾ ਨੂੰ ਵਸਤੂਆਂ ਦੀ ਬਰਾਮਦ ਵਿੱਚ ਸੁਧਾਰ ਹੋ ਰਿਹਾ ਹੈ ਪਰ ਹੋਰ ਖੇਤਰਾਂ ਨੂੰ ਨਿਰਯਾਤ ਕਮਜ਼ੋਰ ਹੈ। ਇਨ੍ਹਾਂ ਰੁਝਾਨਾਂ ਤੇ ਮੌਜੂਦਾ ਮੁਦਰਾਸਫੀਤੀ ਸਥਿਤੀ ਨੂੰ ਦੇਖਦੇ ਹੋਏ, ਰਿਪੋਰਟ ਦਾ ਮੰਨਣਾ ਹੈ ਕਿ ਅਗਸਤ ਵਿਆਜ ਦਰਾਂ ਵਿੱਚ ਕਟੌਤੀ ਕਰਨ ਦਾ ਸਹੀ ਸਮਾਂ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, "ਸਾਡਾ ਮੰਨਣਾ ਹੈ ਕਿ ਇਸ ਨਾਲ ਨੀਤੀਗਤ ਦਰਾਂ ਵਿੱਚ ਕਟੌਤੀ ਦੇ 25 ਵਾਧੂ ਆਧਾਰ ਅੰਕਾਂ ਲਈ ਜਗ੍ਹਾ ਬਚਦੀ ਹੈ, ਜਿਸ ਨਾਲ ਟਰਮੀਨਲ ਦਰ 5.25 ਪ੍ਰਤੀਸ਼ਤ ਹੋ ਜਾਵੇਗੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ MPC ਨੀਤੀਗਤ ਦਰ ਕਦੋਂ ਘਟਾਏਗੀ? ਇਸ ਬਾਰੇ ਸਾਡਾ ਮੰਨਣਾ ਹੈ ਕਿ ਅਗਸਤ ਇਸ ਲਈ ਢੁਕਵਾਂ ਸਮਾਂ ਹੋਵੇਗਾ, ਕਿਉਂਕਿ ਮਹਿੰਗਾਈ ਦੇ ਰੁਝਾਨ ਵਿੱਚ ਗਿਰਾਵਟ ਆਈ ਹੈ।" ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਪਿਛਲੀ MPC ਮੀਟਿੰਗ ਤੋਂ ਬਾਅਦ ਮਹਿੰਗਾਈ ਉਮੀਦ ਨਾਲੋਂ ਬਹੁਤ ਘੱਟ ਰਹੀ ਹੈ। ਹੁਣ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਵਿੱਤੀ ਸਾਲ 2026 ਲਈ ਮਹਿੰਗਾਈ ਔਸਤਨ 2.9 ਪ੍ਰਤੀਸ਼ਤ ਰਹੇਗੀ, ਜੋ RBI ਦੇ 3.7 ਪ੍ਰਤੀਸ਼ਤ ਦੇ ਪਹਿਲਾਂ ਦੇ ਅਨੁਮਾਨ ਤੋਂ ਬਹੁਤ ਘੱਟ ਹੈ।
ਮੁਦਰਾਸਫੀਤੀ ਵਿੱਚ ਇਹ ਗਿਰਾਵਟ ਹੋਰ ਨੀਤੀਗਤ ਸੌਖ ਲਈ ਰਾਹ ਵੀ ਖੋਲ੍ਹਦੀ ਹੈ, ਖਾਸ ਕਰਕੇ ਕਿਉਂਕਿ MPC ਨੇ ਵਰਤਮਾਨ ਵਿੱਚ ਇੱਕ ਨਿਰਪੱਖ ਰੁਖ਼ ਬਣਾਈ ਰੱਖਿਆ ਹੈ, ਜਿਸ ਦਾ ਅਰਥ ਹੈ ਕਿ ਫੈਸਲੇ ਆਰਥਿਕ ਅੰਕੜਿਆਂ 'ਤੇ ਨਿਰਭਰ ਕਰਦੇ ਹਨ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਆਧਾਰ ਪ੍ਰਭਾਵ ਕਾਰਨ ਚੌਥੀ ਤਿਮਾਹੀ ਤੇ ਵਿੱਤੀ ਸਾਲ 27 ਵਿੱਚ ਮਹਿੰਗਾਈ ਵਧਣ ਦੀ ਉਮੀਦ ਹੈ। ਇਸ ਲਈ MPC ਲਈ ਦਰਾਂ ਵਿੱਚ ਕਟੌਤੀ ਕਰਨ ਦਾ ਮੌਕਾ ਸਾਲ ਦੇ ਅੰਤ ਵਿੱਚ ਉਪਲਬਧ ਨਹੀਂ ਹੋ ਸਕਦਾ ਹੈ।
ਗਲੋਬਲ ਮੋਰਚੇ 'ਤੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟੈਰਿਫ ਤੇ ਭੂ-ਰਾਜਨੀਤਕ ਘਟਨਾਵਾਂ ਕਾਰਨ ਆਰਥਿਕ ਦ੍ਰਿਸ਼ਟੀਕੋਣ ਅਨਿਸ਼ਚਿਤ ਤੇ ਅਸਥਿਰ ਰਹਿੰਦਾ ਹੈ। ਪਿਛਲੇ ਮਹੀਨੇ ਮੱਧ ਪੂਰਬ ਵਿੱਚ ਇੱਕ ਸੰਖੇਪ ਟਕਰਾਅ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਹਾਲ ਹੀ ਵਿੱਚ ਐਲਾਨੇ ਗਏ ਟੈਰਿਫ, ਜੋ 1 ਅਗਸਤ ਤੋਂ ਲਾਗੂ ਹੋਣ ਵਾਲੇ ਹਨ, ਮੌਜੂਦਾ ਪੱਧਰਾਂ ਤੋਂ ਵੱਧ ਹਨ ਤੇ ਮੁਦਰਾਸਫੀਤੀ ਦੇ ਅੰਕੜਿਆਂ ਵਿੱਚ ਵੀ ਪ੍ਰਤੀਬਿੰਬਤ ਹੁੰਦੇ ਹਨ। ਅਮਰੀਕਾ ਵਿੱਚ ਮੁਦਰਾਸਫੀਤੀ ਮਈ ਵਿੱਚ 2.4 ਪ੍ਰਤੀਸ਼ਤ ਤੋਂ ਜੂਨ ਵਿੱਚ ਸਾਲ-ਦਰ-ਸਾਲ 2.7 ਪ੍ਰਤੀਸ਼ਤ ਤੱਕ ਵਧ ਗਈ।
ਹਾਲਾਂਕਿ ਅਮਰੀਕੀ ਅਰਥਵਿਵਸਥਾ ਨੇ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ, ਫਿਰ ਵੀ ਹੌਲੀ ਗਤੀ ਦੇ ਸੰਕੇਤ ਹਨ। ਨਿੱਜੀ ਭਰਤੀ ਕਮਜ਼ੋਰ ਹੋ ਰਹੀ ਹੈ ਤੇ ਪ੍ਰਚੂਨ ਵਿਕਰੀ ਵਿੱਚ ਗਿਰਾਵਟ ਆਈ ਹੈ, ਜੋ ਨੇੜਲੇ ਭਵਿੱਖ ਵਿੱਚ ਸੰਭਾਵਿਤ ਸਥਿਰਤਾ ਦਾ ਸੰਕੇਤ ਹੈ। ਇਹ ਸਥਿਤੀ ਵਰਤਮਾਨ ਵਿੱਚ ਅਮਰੀਕੀ ਫੈਡਰਲ ਰਿਜ਼ਰਵ ਨੂੰ ਵਿਆਜ ਦਰਾਂ ਵਿੱਚ ਕਟੌਤੀ ਕਰਨ ਤੋਂ ਰੋਕ ਰਹੀ ਹੈ। ਹਾਲਾਂਕਿ, ਜੇਕਰ ਆਉਣ ਵਾਲੇ ਮਹੀਨਿਆਂ ਵਿੱਚ ਵਿਕਾਸ ਹੋਰ ਹੌਲੀ ਹੁੰਦਾ ਹੈ ਤਾਂ ਫੈੱਡ ਇਸ ਸਾਲ ਦੇ ਅੰਤ ਵਿੱਚ ਹੋਰ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ।